COMMUNITY FEATURED NEWS News

ਅਮਰੀਕਾ ’ਚ 9/11 ਹਮਲੇ ਮਗਰੋਂ ਸਿੱਖਾਂ ’ਤੇ ਟੁੱਟਿਆ ਸੀ ਮੁਸੀਬਤਾਂ ਦਾ ਪਹਾੜ

ਲਾਸ ਏਂਜਲਸ : 11 ਸਤੰਬਰ 2001 ਨੂੰ ਅਮਰੀਕਾ ਦੇ ਵਰਲਡ ਟ੍ਰੇਡ ਸੈਂਟਰ ’ਤੇ ਹੋਏ ਵੱਡੇ ਅਤਿਵਾਦੀ ਹਮਲੇ ਦੌਰਾਨ ਭਾਵੇਂ ਹਜ਼ਾਰਾਂ ਅਮਰੀਕੀ ਮਾਰੇ ਗਏ ਸਨ। ਪਰ ਇਸ ਹਮਲੇ ਦੇ ਮਗਰੋਂ ਅਮਰੀਕਾ ਵਿਚ ਵਸਦੇ ਸਿੱਖਾਂ ਨੂੰ ਭਾਰੀ ਸੰਤਾਪ ਹੰਢਾਉਣਾ ਪਿਆ, ਕਿਉਂਕਿ ਬਹੁਤ ਸਾਰੇ ਸਿੱਖਾਂ ਨੂੰ ਮੁਸਲਿਮ ਸਮਝ ਕੇ ਨਿਸ਼ਾਨਾ ਬਣਾਇਆ ਗਿਆ, ਜਿਨ੍ਹਾਂ ਵਿਚ ਬਹੁਤ ਸਾਰੇ ਸਿੱਖਾਂ ਦੀਆਂ ਮੌਤਾਂ ਹੋਈਆਂ। ਹਾਲਾਂਕਿ ਇਨ੍ਹਾਂ ਹਮਲਿਆਂ ਤੋਂ ਬਾਅਦ ਯੂਨਾਇਟਡ ਸਿੱਖਸ ਸਮੇਤ ਹੋਰ ਕਈ ਸਿੱਖ ਜਥੇਬੰਦੀਆਂ ਵੱਲੋਂ ਸਿੱਖਾਂ ਦੀ ਵੱਖਰੀ ਪਛਾਣ ਦਰਸਾਉਣ ਸਬੰਧੀ ਵੱਡੀ ਮੁਹਿੰਮ ਚਲਾਈ ਗਈ ਪਰ ਫਿਰ ਵੀ ਪਿਛਲੇ 18 ਸਾਲਾਂ ਦੌਰਾਨ ਗਾਹੇ ਵਗਾਹੇ ਇਹ ਮੰਦਭਾਗੀਆਂ ਘਟਨਾਵਾਂ ਜਾਰੀ ਰਹੀਆਂ 11 ਸਤੰਬਰ ਅਤਿਵਾਦੀ ਹਮਲਿਆਂ ਦੀ 18ਵੀਂ ਬਰਸੀ ਮੌਕੇ ਯੂਨਾਇਟਡ ਸਿੱਖਸ ਵੱਲੋਂ ਇਸ ਸਬੰਧੀ ਅੰਕੜੇ ਜਾਰੀ ਕੀਤੇ ਗਏ ਆਓ ਜਾਣਦੇ ਹਾਂ ਕਿ ਇਨ੍ਹਾਂ 18 ਸਾਲਾਂ ਦੌਰਾਨ ਅਮਰੀਕਾ ਵਿਚ ਕਿੱਥੇ-ਕਿੱਥੇ ਸਿੱਖਾਂ ’ਤੇ ਹਮਲੇ ਹੋਏ ਅਤੇ ਕਿੰਨੇ ਸਿੱਖਾਂ ਦੀ ਮੌਤ ਹੋਈ। 15 ਸਤੰਬਰ 2001 : ਹਮਲੇ ਦੇ ਮਹਿਜ਼ ਚਾਰ ਦਿਨ ਬਾਅਦ ਏਰੀਜ਼ੋਨਾ ਦੇ ਮੇਸਾ ਵਿਚ 49 ਸਾਲਾ ਸਿੱਖ ਬਲਬੀਰ ਸਿੰਘ ਸੋਢੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਜੋ ਅਪਣੇ ਗੈਸ ਸਟੇਸ਼ਨ ਦੇ ਬਾਹਰ ਖੜ੍ਹੇ ਸਨ। 9/11 ਹਮਲੇ ਮਗਰੋਂ ਮੁਸਲਮਾਨ ਸਮਝ ਕੇ ਕਿਸੇ ਸਿੱਖ ਦੀ ਕੀਤੀ ਗਈ ਇਹ ਪਹਿਲੀ ਹੱਤਿਆ ਸੀ। 18 ਨਵੰਬਰ 2001 : ਨਿਊਯਾਰਕ ਦੇ ਪਲੇਰਮੋ ਵਿਚ ਤਿੰਨ ਨਾਬਾਲਗ ਲੜਕਿਆਂ ਨੇ ਗੁਰਦੁਆਰਾ ਗੋਬਿੰਦ ਸਦਨ ਨੂੰ ਇਸ ਕਰਕੇ ਅੱਗ ਲਗਾ ਦਿੱਤੀ ਕਿਉਂਕਿ ਉਨ੍ਹਾਂ ਨੂੰ ਲੱਗਿਆ ਕਿ ਦਸਤਾਰ ਬੰਨ੍ਹਣ ਵਾਲਾ ਸਿੱਖ ਓਸਾਮਾ ਬਿਨ ਲਾਦੇਨ ਹੈ।
12 ਦਸੰਬਰ 2001 : ਲਾਸ ਏਂਜਲਸ ਵਿਚ ਦੁਕਾਨ ਦੇ ਇਕ ਮਾਲਕ ਸੁਰਿੰਦਰ ਸਿੰਘ ਨੂੰ ਉਨ੍ਹਾਂ ਦੇ ਸਟੋਰ ਵਿਚ ਦੋ ਵਿਅਕਤੀਆਂ ਨੇ ਕੁੱਟਿਆ ਅਤੇ ਉਨ੍ਹਾਂ ’ਤੇ ਓਸਾਮਾ ਬਿਨ ਲਾਦੇਨ ਹੋਣ ਦਾ ਦੋਸ਼ ਲਗਾਇਆ
6 ਅਗਸਤ 2002 : ਡੇਲੀ ਸਿਟੀ ਕੈਲੇਫੋਰਨੀਆ ਵਿਚ ਸੁਖਪਾਲ ਸਿੰਘ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਜੋ ਪਹਿਲੀ ਘਟਨਾ ਦੌਰਾਨ ਮਾਰੇ ਗਏ ਬਲਬੀਰ ਸਿੰਘ ਸੋਢੀ ਦੇ ਭਰਾ ਸਨ।
20 ਮਈ 2003 : ਫਿਨੀਕਸ ਵਿਚ ਇਕ ਸਿੱਖ ਟਰੱਕ ਡਰਾਈਵਰ ਅਵਤਾਰ ਸਿੰਘ ਨੂੰ ਗੋਲੀ ਮਾਰ ਦਿੱਤੀ ਗਈ ਜੋ ਅਪਣੇ ਬੇਟੇ ਦਾ ਇੰਤਜ਼ਾਰ ਕਰ ਰਿਹਾ ਸੀ ਗੋਲੀ ਲੱਗਣ ਮਗਰੋਂ ਉਸ ਨੂੰ ਇਹ ਵੀ ਕਿਹਾ ਗਿਆ ‘ਜਿੱਥੋਂ ਆਏ ਹੋ ਉਥੇ ਵਾਪਸ ਚਲੇ ਜਾਓ।’’
5 ਅਗਸਤ 2003 : ਨਿਊਯਾਰਕ ਦੇ ਕਵੀਂਸ ਵਿਚ ਇਕ ਸਿੱਖ ਪਰਿਵਾਰ ਦੇ ਮੈਂਬਰਾਂ ਨੂੰ ਨਸ਼ੇ ਵਿਚ ਧੁੱਤ ਵਿਅਕਤੀਆਂ ਨੇ ਉਨ੍ਹਾਂ ਦੇ ਘਰ ਦੇ ਬਾਹਰ ਕੁੱਟਿਆ ਅਤੇ ਕਿਹਾ ‘‘ਬਿਨ ਲਾਦੇਨ ਅਪਣੇ ਦੇਸ਼ ਵਾਪਸ ਜਾਓ।’’
25 ਸਤੰਬਰ 2003 : ਏਰੀਜ਼ੋਨਾ ਦੇ ਟੈਂਪ ਵਿਚ ਇਕ ਸਟੋਰ ਦੇ ਮਾਲਕ 33 ਸਾਲਾ ਸਿੱਖ ਸੁਖਬੀਰ ਸਿੰਘ ਨੂੰ ਚਾਕੂ ਮਾਰ ਦਿੱਤਾ ਗਿਆ।
13 ਮਾਰਚ 2004 : ਕੈਲੇਫੋਰਨੀਆ ਫ਼ਰਿਜ਼ਨੋ ਦੇ ਗੁਰਦੁਆਰਾ ਸਾਹਿਬ ’ਤੇ ਨਫ਼ਰਤ ਭਰੇ ਸੰਦੇਸ਼ ਲਿਖੇ ਮਿਲੇ ਜਿਸ ਵਿਚ ‘‘ਰੈਗਸ ਗੋ ਹੋਮ’’ ਅਤੇ ‘‘ਇਟਸ ਨਾਟ ਯੂਅਰ ਕੰਟਰੀ’’ ਲਿਖਿਆ ਹੋਇਆ ਸੀ।
11 ਜੁਲਾਈ 2004 : ਨਿਊਯਾਰਕ ਵਿਚ ਰਜਿੰਦਰ ਸਿੰਘ ਖ਼ਾਲਸਾ ਅਤੇ ਗੁਰਚਰਨ ਸਿੰਘ ਨੂੰ ਨਸ਼ੇ ਵਿਚ ਧੁੱਤ ਗੋਰੇ ਲੋਕਾਂ ਨੇ ਬੁਰੀ ਤਰ੍ਹਾਂ ਕੁੱਟਿਆ। ਬੁਰੀ ਤਰ੍ਹਾਂ ਹੋਈ ਕੁੱਟਮਾਰ ਕਾਰਨ ਰਾਜਿੰਦਰ ਸਿੰਘ ਦੀ ਅੱਖ ਭੰਨ ਦਿੱਤੀ ਗਈ।
24 ਮਈ 2007 : ਨਿਊਯਾਰਕ ਦੇ ਕਵੀਂਸ ਵਿਚ ਇਕ ਪੁਰਾਣੇ ਅੰਗਰੇਜ਼ ਵਿਦਿਆਰਥੀ ਵੱਲੋਂ 15 ਸਾਲਾ ਸਿੱਖ ਵਿਦਿਆਰਥੀ ਦੇ ਜ਼ਬਰੀ ਵਾਲ ਕੱਟ ਦਿੱਤੇ ਗਏ।
30 ਮਈ 2007 : ਸ਼ਿਕਾਗੋ ਦੇ ਜੋਲੀਅਟ ਵਿਚ ਇਕ ਸਾਬਕਾ ਅਮਰੀਕੀ ਫ਼ੌਜੀ ਨੇ ਕੁਲਦੀਪ ਸਿੰਘ ਨਾਗ ਨਾਂ ਦੇ ਸਿੱਖ ਦੇ ਘਰ ਦੇ ਬਾਹਰ ਬੁਲਾ ਕੇ ਉਸ ਨੂੰ ਗਾਲ੍ਹਾਂ ਕੱਢੀਆਂ ਅਤੇ ਕਾਲੀ ਮਿਰਚ ਦੇ ਸਪਰੇਅ ਨਾਲ ਉਸ ’ਤੇ ਹਮਲਾ ਕਰ ਦਿੱਤਾ।
14 ਜਨਵਰੀ 2008 : ਨਿਊਯਾਰਕ ਦੇ ਨਿਊ ਹਾਈਡ ਪਾਰਕ ਵਿਚ 63 ਸਾਲਾ ਸਿੱਖ ਬਲਜੀਤ ਸਿੰਘ ’ਤੇ ਪਹਿਲਾਂ ਗੁਰਦੁਆਰਾ ਸਾਹਿਬ ਅਤੇ ਫਿਰ ਉਸ ਦੇ ਘਰ ਦੇ ਬਾਹਰ ਵੀ ਹਮਲਾ ਕੀਤਾ ਗਿਆ।