Punjabi Movies

‘ਅਸ਼ਕੇ’ ਨੂੰ ਸਿਨੇਮਾਘਰਾਂ ‘ਚ ਮਿਲ ਰਿਹੈ ਭਰਵਾਂ ਹੁੰਗਾਰਾ

ਜਲੰਧਰ -ਜੇ ਫਿਲਮ ਹਿੱਟ ਕਰਵਾਉਣੀ ਹੈ ਤਾਂ ਇਸ ਦੀ ਪ੍ਰਮੋਸ਼ਨ ਵੱਡੇ ਪੱਧਰ ‘ਤੇ ਕਰਨੀ ਬੇਹੱਦ ਜ਼ਰੂਰੀ ਹੈ ਪਰ ਇਸ ਤੱਥ ਨੂੰ ਅਮਰਿੰਦਰ ਗਿੱਲ ਦੀ ਫਿਲਮ ‘ਅਸ਼ਕੇ’ ਨੇ ਗਲਤ ਸਾਬਿਤ ਕਰ ਦਿੱਤਾ ਹੈ। ਜੀ ਹਾਂ, ਕੌਣ ਸੋਚ ਸਕਦਾ ਹੈ ਕਿ ਫਿਲਮ ਰਿਲੀਜ਼ ਹੋਣ ਤੋਂ ਇਕ ਦਿਨ ਪਹਿਲਾਂ ਵੀ ਟਰੇਲਰ ਲਾਂਚ ਕੀਤਾ ਜਾ ਸਕਦਾ ਹੈ। ‘ਅਸ਼ਕੇ’ ਦਾ ਅੱਜ ਸਿਨੇਮਾਘਰਾਂ ‘ਚ ਤੀਜਾ ਦਿਨ ਹੈ ਤੇ ਜ਼ਿਆਦਾਤਰ ਥਿਏਟਰਾਂ ‘ਚ ਫਿਲਮ ਹਾਊਸਫੁਲ ਚੱਲ ਰਹੀ ਹੈ। ਰਿਦਮ ਬੁਆਏਜ਼ ਫਿਲਮ ਦੀ ਪ੍ਰਮੋਸ਼ਨ ਨੂੰ ਉਂਝ ਵੀ ਘੱਟ ਦਿਨ ਹੀ ਦਿੰਦੀ ਹੈ ਪਰ ਇਸ ਵਾਰ ‘ਅਸ਼ਕੇ’ ਨੂੰ ਲੈ ਕੇ ਇਕ ਨਵਾਂ ਤਜਰਬਾ ਕੀਤਾ ਗਿਆ, ਜਿਹੜਾ ਸਫਲ ਰਿਹਾ।
ਲੋਕ ਚੰਗੀ ਫਿਲਮ ਦੇਖਣ ਦੀ ਤਾਂਗ ‘ਚ ਰਹਿੰਦੇ ਹਨ ਤੇ ਇਸ ਲਈ ਟਰੇਲਰ ਜਾਂ ਗੀਤਾਂ ਦਾ ਰਿਲੀਜ਼ ਹੋਣਾ ਜ਼ਰੂਰੀ ਨਹੀਂ ਹੈ, ਇਹ ਗੱਲ ਵੀ ਉਨ੍ਹਾਂ ਨੇ ਸਾਬਿਤ ਕਰ ਦਿੱਤੀ ਹੈ। ਫਿਲਮ ਦੇਖਣ ਦੇ ਤਿੰਨ ਵੱਡੇ ਕਾਰਨ ਹਨ— ਪਹਿਲਾਂ ਭੰਗੜਾ, ਦੂਜਾ ਅਮਰਿੰਦਰ ਗਿੱਲ ਤੇ ਤੀਜਾ ਪਰਿਵਾਰਕ ਮਾਹੌਲ। ਫਿਲਮ ਨੂੰ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤਕ ਹਰ ਕੋਈ ਦੇਖ ਸਕਦਾ ਹੈ। ਕਾਮੇਡੀ ਦੇ ਨਾਲ-ਨਾਲ ਪਰਿਵਾਰਕ ਮਾਹੌਲ ਸਿਰਜਿਆ ਜਾਵੇ ਤੇ ਨਾਲ ਹੀ ਕੋਈ ਸੁਨੇਹਾ ਮਿਲੇ, ਅਜਿਹੀਆਂ ਫਿਲਮਾਂ ਬਹੁਤ ਘੱਟ ਬਣਦੀਆਂ ਹਨ। ਦੱਸਣਯੋਗ ਹੈ ਕਿ ‘ਅਸ਼ਕੇ’ ਫਿਲਮ ‘ਚ ਅਮਰਿੰਦਰ ਗਿੱਲ, ਸੰਜੀਦਾ ਅਲੀ ਸ਼ੇਖ, ਰੂਪੀ ਗਿੱਲ, ਸਹਿਜ ਸਾਹਿਬ, ਹਰਜੋਤ, ਸਰਬਜੀਤ ਚੀਮਾ, ਜਸਵਿੰਦਰ ਭੱਲਾ, ਹੋਬੀ ਧਾਲੀਵਾਲ, ਹਰਦੀਪ ਗਿੱਲ, ਗੁਰਸ਼ਬਦ, ਐਵੀ ਰੰਧਾਵਾ, ਵੰਦਨਾ ਚੋਪੜਾ, ਮਹਾਵੀਰ ਭੁੱਲਰ ਤੇ ਜਤਿੰਦਰ ਕੌਰ ਮੁੱਖ ਭੂਮਿਕਾ ਨਿਭਾਅ ਰਹੇ ਹਨ।