ARTICLES

ਅੰਡੇਮਾਨ ’ਚ ਆਜ਼ਾਦੀ ਸੰਗਰਾਮ ਦੀ ਵਿਰਾਸਤ ਤੇ ਸਾਂਭ-ਸੰਭਾਲ

  • ਜਗਤਾਰ ਸਿੰਘ

ਅੰਡੇਮਾਨ ਦੀ ਸੈਲੂਲਰ ਜੇਲ੍ਹ ਅਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਨੂੰ ਫਾਂਸੀ ਦੇਣ  ਵਾਲੀ ਲਾਹੌਰ ਦੀ ਕੇਂਦਰੀ ਜੇਲ੍ਹ, ਮੁਲਕ ਦੇ ਆਜ਼ਾਦੀ ਸੰਗਰਾਮ ਨੂੰ ਮੂਰਤੀਮਾਨ ਕਰਨ ਵਾਲੀਆਂ  ਦੋ ਅਜਿਹੀਆਂ ਵਿਰਾਸਤੀ ਧਰੋਹਰਾਂ ਹਨ ਜਿਨ੍ਹਾਂ ਨੂੰ ਸਾਂਭਿਆ ਜਾਣਾ ਬੇਹੱਦ ਲਾਜ਼ਮੀ ਸੀ।  ਇਨ੍ਹਾਂ ਵਿਚੋਂ ਲਾਹੌਰ ਜੇਲ੍ਹ ਤਾਂ ਪੂਰੀ ਤਰਾਂ ਢਾਹ ਦਿੱਤੀ ਗਈ ਜਦੋਂ ਕਿ ਸੈਲੂਲਰ ਜੇਲ੍ਹ  ਅੱੱਧ-ਪਚੱਧੀ ਬਚੀ ਹੋਈ ਹੈ। ਇਨ੍ਹਾਂ ਦੋਵਾਂ ਥਾਵਾਂ ਨੂੰ ਭਾਵੇਂ ਇਤਿਹਾਸ ਦੇ ਕਾਲੇ ਦੌਰ  ਨੇ ਵੱਖ ਵੱਖ ਮੁਲਕਾਂ ਵਿਚ ਵੰਡ ਦਿੱਤਾ, ਫਿਰ ਵੀ ਸਮੁੱਚੇ ਪੂਰਬੀ ਤੇ ਪੱਛਮੀ ਪੰਜਾਬੀਆਂ  ਦਾ ਇਨ੍ਹਾਂ ਦੋਵਾਂ ਵਿਰਾਸਤੀ ਥਾਵਾਂ ਨਾਲ ਬੇਹੱਦ ਲਗਾਅ ਹੈ। ਪਾਕਿਸਤਾਨ ਵਿਚ ਪਿਛਲੇ ਇੱਕ  ਦਹਾਕੇ ਤੋਂ ਭਗਤ ਸਿੰਘ ਨੂੰ ਕੌਮੀ ਸ਼ਹੀਦ ਕਰਾਰ ਦੇ ਕੇ ਉਸ ਨੂੰ ਸਾਥੀਆਂ ਸਮੇਤ ਫਾਂਸੀ ਦੇਣ  ਵਾਲੇ ਸਥਾਨ ਸ਼ਾਦਮਾਨ ਚੌਕ ਦਾ ਨਾਂ ਇਸ ਮਹਾਨ ਸ਼ਹੀਦ ਦੇ ਨਾਂ ਉੱਤੇ ਰੱਖੇ ਜਾਣ ਦੀ ਲਹਿਰ  ਚੱਲ ਰਹੀ ਹੈ।
ਆਜ਼ਾਦੀ ਸੰਗਰਾਮੀਆਂ ਵਲੋਂ ਕੀਤੀ ਗਈ ਲਗਾਤਾਰ ਜੱਦੋਜਹਿਦ ਤੋਂ ਬਾਅਦ  ਅੰਡੇਮਾਨ ਦੀ ਸੈਲੂਲਰ ਜੇਲ੍ਹ ਨੂੰ 11 ਫਰਵਰੀ 1979 ਨੂੰ ਕੌਮੀ ਸਮਾਰਕ ਐਲਾਨਿਆ ਗਿਆ ਸੀ।  ਇਸ ਨਰਕ ਕੁੰਭੀ ਜੇਲ੍ਹ ਵਿਚ ਮੁਲਕ ਦੀ ਆਜ਼ਾਦੀ ਲਈ ਬੇਹੱਦ ਸਖ਼ਤ ਕੈਦਾਂ ਕੱਟਣ ਵਾਲੇ  ਪੰਜਾਬੀਆਂ, ਖਾਸ ਕਰ ਕੇ ਸਿੱਖਾਂ ਨੂੰ ਉਨ੍ਹਾਂ ਦੇ ਯੋਗਦਾਨ ਮੁਤਾਬਕ ਇਸ ਕੌਮੀ ਸਮਾਰਕ  ਵਿਚ ਥਾਂ ਦੇਣ ਲਈ ਠੋਸ ਯਤਨ ਸ਼ੁਰੂ ਹੋ ਗਏ ਹਨ। ਇਹ ਯਤਨ ਸ਼ੁਰੂ ਕਰਨ ਵਾਲੇ ਸ਼ਖ਼ਸ ਕੋਈ ਹੋਰ  ਨਹੀਂ ਸਗੋਂ ਖ਼ੁਦ ਅੰਡੇਮਾਨ-ਨਿਕੋਬਾਰ ਦੇ ਉਪ ਰਾਜਪਾਲ ਡਾ. ਜਗਦੀਸ਼ ਮੁਖੀ ਹਨ ਜਿਹੜੇ  ਦਿੱਲ਼ੀ ਦੇ ਖਜ਼ਾਨਾ ਮੰਤਰੀ ਵੀ ਰਹਿ ਚੁੱਕੇ ਹਨ। ਕਰੀਬ ਅੱਠ ਮਹੀਨੇ ਪਹਿਲਾਂ ਹੀ ਉਨ੍ਹਾਂ  ਨੂੰ ਇਸ ਅਹੁਦੇ ਉੱਤੇ ਨਿਯੁਕਤ ਕੀਤਾ ਗਿਆ ਹੈ। ਇਸ ਅਹੁਦੇ ਉੱਤੇ ਪਹਿਲਾਂ ਵੀ ਦੋ ਪੰਜਾਬੀ- ਦਰਬਾਰ ਸਾਹਿਬ ਕੰਪਲੈਕਸ ਵਿੱਚ ਫੌਜੀ ਕਾਰਵਾਈ ਸਮੇਂ ਥਲ ਸੈਨਾ ਦੀ ਪੱਛਮੀ ਕਮਾਂਡ ਦੇ ਮੁਖੀ  ਲੈਫਟੀਨੈਂਟ ਜਨਰਲ ਰਣਜੀਤ ਸਿੰਘ ਦਿਆਲ ਅਤੇ ਲੈਫਟੀਨੈਂਟ ਜਨਰਲ ਟੀ.ਐਸ. ਓਬਰਾਏ ਨਿਯੁਕਤ ਰਹੇ  ਹਨ। ਪਰ ਦੂਰਅੰਦੇਸ਼ ਡਾ. ਮੁਖੀ ਨੇ ਪੰਜਾਬੀਆਂ ਦੇ  ਯੋਗਦਾਨ ਨੂੰ ਢੁੱਕਵੀਂ ਮਾਨਤਾ ਅਤੇ ਥਾਂ ਦੇਣ ਨੂੰ ਆਪਣਾ ਮਿਸ਼ਨ ਬਣਾ ਲਿਆ ਹੈ।
ਸ਼੍ਰੋਮਣੀ  ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੰਜਾਬੀਆਂ, ਖਾਸ ਕਰ ਕੇ ਸਿੱਖ ਯੋਧਿਆਂ ਨੂੰ ਸੈਲੂਲਰ  ਜੇਲ੍ਹ ਸਮਾਰਕ ਵਿਚ ਢੁੱਕਵੀਂ ਥਾਂ ਦਿਵਾਉਣ ਦੇ ਯਤਨਾਂ ਵਜੋਂ ਭੇਜੇ ਗਏ ਇੱਕ ਵਫ਼ਦ, ਜਿਸ ਵਿਚ  ਇਹ ਲੇਖਕ ਵੀ ਸ਼ਾਮਲ ਸੀ, ਨੇ ਡਾ. ਮੁਖੀ ਨਾਲ ਪਿਛਲੇ ਹਫਤੇ ਮੁਲਾਕਾਤ ਕੀਤੀ ਸੀ। ਇਸ  ਮੁਲਾਕਾਤ ਦਾ ਦਿਲਚਸਪ ਪਹਿਲੂ ਇਹ ਸੀ ਕਿ ਅੰਡੇਮਾਨ ਗਏ ਇਸ ਵਫ਼ਦ ਨੂੰ, ਡਾ. ਮੁਖੀ ਨੇ  ਪੁਲੀਸ ਤੇ ਖ਼ੁਫੀਆ ਵਿਭਾਗ ਰਾਹੀਂ ਲੱਭ ਕੇ ਨਾਸ਼ਤਾ-ਮੀਟਿੰਗ ਦਾ ਸੱਦਾ ਦਿੱਤਾ। ਉਹ ਪਹਿਲਾਂ  ਹੀ ਵਫ਼ਦ ਦੇ ਏਜੰਡੇ ਸਬੰਧੀ ਸੋਚ ਵਿਚਾਰ ਅਤੇ ਵਿਉਂਤਬੰਦੀ ਕਰ ਰਹੇ ਸਨ। ਵਫ਼ਦ ਨਾਲ ਵਿਚਾਰ  ਵਟਾਂਦਰਾ ਕਰਨ ਸਮੇਂ ਹੀ ਉਨ੍ਹਾਂ ਐਲਾਨ ਕਰ ਦਿੱਤਾ ਕਿ ਪਹਿਲੇ ਪੜਾਅ ਵਿਚ ਪੋਰਟ ਬਲੇਅਰ  ਦੀਆਂ ਤਿੰਨ ਪ੍ਰਮੁੱਖ ਸੜਕਾਂ ਦੇ ਨਾਮ ਪੰਜਾਬੀ ਸ਼ਹੀਦਾਂ- ਸ਼ਹੀਦ ਭਗਤ ਸਿੰਘ, ਡਾ. ਦੀਵਾਨ  ਸਿੰਘ ਕਾਲੇਪਾਣੀ ਅਤੇ ਮਦਨ ਲਾਲ ਢੀਂਗਰਾ-ਦੇ ਨਾਂ ਉੱਤੇ ਰੱਖੇ ਜਾਣਗੇ।
ਸੈਲਲ਼ੂਰ ਜੇਲ੍ਹ ਸਮਾਰਕ ਦੀ ਇੱਕ ਗੈਲਰੀ ਵਿਚ ਛੇ ਮਹੀਨੇ ਪਹਿਲਾਂ ਤੱਕ ਇਥੇ ਕੈਦਾਂ ਕੱਟਣ  ਵਾਲੇ ਆਜ਼ਾਦੀ ਸੰਗਰਾਮੀਆਂ ਦੀਆਂ ਤਸਵੀਰਾਂ ਲੱਗੀਆਂ ਹੁੰਦੀਆਂ ਸਨ। ਇਨ੍ਹਾਂ ਵਿਚ ਸਭ ਤੋਂ  ਪਹਿਲਾਂ ਗਦਰੀ ਬਾਬਿਆਂ ਦੀਆਂ ਤਸਵੀਰਾਂ ਸਨ। ਪਰ ਮੁਰੰਮਤ ਅਤੇ ਸੰਵਾਰਨ ਦੇ ਨਾਂ ਉੱਤੇ ਲਾਹ  ਦਿੱਤੀਆਂ ਗਈਆਂ ਇਹ ਤਸਵੀਰਾਂ ਮੁੜ ਨਹੀਂ ਲੱਗੀਆਂ ਅਤੇ ਇਹ ਗੈਲਰੀ ਕਿਸੇ ਹੋਰ ਮਕਸਦ ਲਈ  ਵਰਤ ਲਈ ਗਈ। ਡਾ. ਮੁਖੀ ਨੂੰ ਇਹ ਤਸਵੀਰਾਂ ਲਾਹੁਣ ਬਾਰੇ ਕੋਈ ਜਾਣਕਾਰੀ ਨਹੀਂ ਸੀ। ਇਸ  ਬਾਰੇ ਦੱਸੇ ਜਾਣ ਉੱਤੇ ਉਨ੍ਹਾਂ ਤੁਰੰਤ ਆਪਣੇ ਸਕੱਤਰ ਨੂੰ ਇਸ ਸਬੰਧੀ ਪੂਰੀ ਜਾਣਕਾਰੀ ਲੈਣ  ਦੀ ਹਦਾਇਤ ਕਰ ਦਿੱਤੀ। ਜੇਲ੍ਹ ਦੇ ਚੱਕਰ ਵਿਚ ਉਕਰੇ ਹੋਏ ਨਾਂਵਾਂ ਦੀ ਗਿਣਤੀ ਤੋਂ ਹੁਣ  ਤੱਕ ਇਹ ਹੀ ਸਮਝਿਆ ਜਾਂਦਾ ਹੈ ਕਿ ਇਥੇ ਸਭ ਤੋਂ ਵੱਧ ਬੰਗਾਲੀ ਕੈਦ ਰਹੇ ਹਨ, ਪਰ ਡਾ.  ਮੁਖੀ ਦਾ ਮੰਨਣਾ ਹੈ ਕਿ ਇਥੇ ਸਭ ਤੋਂ ਵੱਧ ਪੰਜਾਬੀ ਆਜ਼ਾਦੀ ਘੁਲਾਟੀਏ ਹੀ ਕੈਦ ਕੀਤੇ ਗਏ  ਸਨ। ਆਜ਼ਾਦੀ ਘੁਲਾਟੀਆਂ ਦੀਆਂ ਲਾਹੀਆਂ ਗਈਆਂ ਤਸਵੀਰਾਂ ਗੈਲਰੀ ਵਿਚ ਮੁੜ ਸਥਾਪਤ ਕਰਾਉਣ ਦੇ  ਨਾਲ ਨਾਲ ਦੂਜਾ ਪ੍ਰਮੁੱਖ ਮੁੱਦਾ ਇਥੇ ਹਰ ਰੋਜ਼ ਵਿਖਾਏ ਜਾਂਦੇ ‘ਰੌਸ਼ਨੀ ਅਤੇ ਆਵਾਜ਼’  ਪ੍ਰੋਗਰਾਮ ਵਿਚ ਪੰਜਾਬੀ ਯੋਧਿਆਂ ਦਾ ਬਿਲਕੁਲ ਵੀ ਜ਼ਿਕਰ ਨਾ ਹੋਣਾ ਹੈ। ਡਾ. ਮੁਖੀ ਨੇ ਇਸ  ਸਬੰਧੀ ਠੋਸ ਸੁਝਾਅ ਮੰਗੇ ਹਨ ਅਤੇ ਵਾਅਦਾ ਕੀਤਾ ਹੈ ਕਿ ਛੇ ਮਹੀਨਿਆਂ ਦੇ ਅੰਦਰ ਅੰਦਰ ਇਹ  ਪ੍ਰੋਗਰਾਮ ਮੁੜ ਤਿਆਰ ਕਰ ਲਿਆ ਜਾਵੇਗਾ। ਇਸ ਪ੍ਰੋਗਰਾਮ ਉੱਤੇ ਹੀ ਪੰਜਾਬੀਆਂ ਨੂੰ ਸਭ  ਤੋਂ ਵੱਧ ਇਤਰਾਜ਼ ਹੈ। ਸੈਲਲ਼ੂਰ ਜੇਲ੍ਹ ਵਿਚ ਕੈਦ ਕੀਤੇ ਗਏ ਮਾਸਟਰ ਚਤਰ  ਸਿੰਘ ਦਾ ਕੇਸ ਵਿਲੱਖਣ ਹੈ। ਉਨ੍ਹਾਂ ਨੂੰ ਤਿੰਨ ਸਾਲ ਤੋਂ ਵੀ ਵੱਧ ਅਰਸੇ ਲਈ ਇੱਕ ਪਿੰਜਰੇ  ਵਿਚ ਕੈਦ ਰੱਖਿਆ ਗਿਆ ਸੀ। ਜਸਟਿਸ ਐਸ. ਐਨ. ਅਗਰਵਾਲ ਨੇ ਇਸ ਸਬੰਧੀ ਆਪਣੇ ਖੋਜ ਭਰਪੂਰ  ਕਾਰਜ ‘ਦਿ ਹੀਰੋਜ਼ ਆਫ ਸੈਲੂਲਰ ਜੇਲ੍ਹ’ ਵਿਚ ਇਸ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ  ਹੈ। ਮਾਸਟਰ ਚਤਰ ਸਿੰਘ ਨੂੰ ਖ਼ਾਲਸਾ ਕਾਲਜ, ਅੰਮ੍ਰਿਤਸਰ ਦੇ ਅੰਗਰੇਜ਼  ਪ੍ਰਿੰਸੀਪਲ ਦੇ ਕਤਲ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਜਸਟਿਸ ਅਗਰਵਾਲ ਲਿਖਦੇ ਹਨ,  ‘‘ਚਤਰ ਸਿੰਘ ਨੂੰ ਇੱਕ ਐਤਵਾਰ ਜੇਲ੍ਹ ਦੇ ਵਿਹੜੇ ਵਿਚੋਂ ਘਾਹ ਕੱਟਣ ਦਾ ਹੁਕਮ ਦਿੱਤਾ  ਗਿਆ ਜਿਸ ਨੂੰ ਉਸ ਨੇ ਇਸ ਲਈ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਇਹ ਦਿਨ ਨਹਾਉਣ, ਕਪੜੇ  ਧੋਣ ਅਤੇ ਆਪਣੇ ਸੈੱਲ ਦੀ ਸਫ਼ਾਈ ਕਰਨ ਲਈ ਹੁੰਦਾ ਹੈ। ਅੰਗਰੇਜ਼ ਜੇਲ੍ਹਰ ਮੇਜਰ ਮੂਰ ਨੇ ਉਸ  ਨੂੰ ਛੇ ਮਹੀਨੇ ਹੱਥਕੜੀਆਂ ਅਤੇ ਬੇੜੀਆਂ ਵਿਚ ਜਕੜਣ ਦਾ ਹੁਕਮ ਦੇ ਦਿੱਤਾ। ਮਾਸਟਰ ਚਤਰ  ਸਿੰਘ ਅੰਦਰੋਂ-ਅੰਦਰੀ ਮੇਜਰ ਮੂਰ ਤੋਂ ਬਦਲਾ ਲੈਣ ਦੀਆਂ ਵਿਉਂਤਾਂ ਬਣਾਉਂਦਾ ਰਿਹਾ। ਹਰੇਕ  ਮਹੀਨੇ ਦੇ ਪਹਿਲੇ ਐਤਵਾਰ ਦੀ ਸਵੇਰ ਨੂੰ ਸਾਰੇ ਕੈਦੀਆਂ ਦਾ ਭਾਰ ਜੇਲ੍ਹਰ ਮੂਰ ਦੀ  ਹਾਜ਼ਰੀ ਵਿਚ ਤੋਲਿਆ ਜਾਂਦਾ ਸੀ। ਇਕ ਐਤਵਾਰ ਨੂੰ ਚਤਰ ਸਿੰਘ ਆਮ ਵਾਂਗ ਭਾਰ ਤੋਲਣ ਵਾਲੇ  ਕੰਡੇ ਉੱਤੇ ਚੜ੍ਹਿਆ ਪਰ ਉਤਰਨ ਵੇਲੇ ਉਸ ਨੇ ਨੇੜੇ ਬੈਠੇ ਜੇਲ੍ਹਰ ਮੂਰ ਦੇ ਮੂੰਹ ਉੱਤੇ  ਐਨੇ ਜ਼ੋਰ ਦੀ ਥੱਪੜ ਮਾਰਿਆ ਕਿ ਉਹ ਭੁਆਟਣੀ ਖਾ ਕੇ ਕੁਰਸੀ ਉੱਤੋਂ ਹੇਠਾਂ ਜਾ ਡਿੱਗਿਆ।  ਮੌਕੇ ’ਤੇ ਮੌਜੂਦ  ਜੇਲ੍ਹ ਵਾਰਡਰ ਅਤੇ ਹੋਰ ਮੁਲਾਜ਼ਮ ਚਤਰ ਸਿੰਘ ਨੂੰ ਕੁੱਟਣ ਲਈ ਅਹੁਲੇ  ਪਰ ਉਥੇ ਹਾਜ਼ਰ ਹੋਰ ਸਿਆਸੀ ਕੈਦੀਆਂ ਨੇ ਉਨ੍ਹਾਂ ਨੂੰ ਵੰਗਾਰਿਆ। ਡਰੇ ਹੋਏ ਜੇਲ੍ਹਰ  ਨੇ ਮੁਲਾਜ਼ਮਾਂ ਨੂੰ ਚੱਤਰ ਸਿੰਘ ਨੂੰ ਕੁੱਟਣ-ਮਾਰਨ ਤੋਂ ਰੋਕਿਆ। ਪਰ ਮੂਰ ਨੇ ਉਸ ਨੂੰ  ਲੋਹੇ ਦੇ ਅਜਿਹੇ ਪਿੰਜਰੇ ਵਿਚ ਬੰਦ ਕਰਨ ਦਾ ਹੁਕਮ ਦੇ ਦਿੱਤਾ ਜਿਸ ਵਿਚ ਨਾ ਤਾਂ ਲੰਮਾ  ਪਿਆ ਜਾ ਸਕਦਾ ਸੀ ਅਤੇ ਨਾ ਹੀ ਖੜ੍ਹਿਆ ਜਾ ਸਕਦਾ ਸੀ। ਉਸ ਨੂੰ ਰੋਟੀ ਵੀ ਇਸ ਪਿੰਜਰੇ ਵਿਚ  ਹੀ ਦਿੱਤੀ ਜਾਂਦੀ ਸੀ। ਬਾਬਾ ਸੋਹਣ ਸਿੰਘ ਭਕਨਾ ਨੇ ਭੁੱਖ ਹੜਤਾਲ ਕਰਕੇ ਮਾਸਟਰ ਚਤਰ  ਸਿੰਘ ਨੂੰ ਇਸ ਪਿੰਜਰੇ ਵਿਚੋਂ ਬਾਹਰ ਕਢਵਾਇਆ ਸੀ।’’
ਚਤਰ ਸਿੰਘ ਉੱਤੇ ਇਸ  ਭਿਆਨਕ ਅੱਤਿਆਚਾਰ ਦਾ ‘ਰੌਸ਼ਨੀ ਤੇ ਆਵਾਜ਼’ ਪ੍ਰੋਗਰਾਮ ਵਿਚ ਕੋਈ ਜ਼ਿਕਰ ਨਹੀਂ ਕੀਤਾ  ਜਾਂਦਾ। ਬਾਬਾ ਸੋਹਣ ਸਿੰਘ ਭਕਨਾ ਗਦਰ ਪਾਰਟੀ ਦੇ ਉਨ੍ਹਾਂ ਮਹਾਨ ਆਗੂਆਂ ਵਿਚੋਂ ਸਨ  ਜਿਨ੍ਹਾਂ ਨੂੰ ਕਾਲੇ ਪਾਣੀ ਦੀ ਜੇਲ੍ਹ ਵਿਚ ਭੇਜਿਆ ਗਿਆ ਸੀ। ਬੱਬਰ ਅਕਾਲੀਆਂ ਤੋਂ  ਇਲਾਵਾ  ਗੁਰਦੁਆਰਾ ਸੁਧਾਰ ਲਹਿਰ ਦੇ ਮੋਢੀਆਂ ਵਿਚ ਰਹੇ ਜਥੇਦਾਰ ਕਰਤਾਰ ਸਿੰਘ ਝੱਬਰ ਵੀ ਇਥੇ ਰਹੇ  ਹਨ। ਪਰ ਉਨ੍ਹਾਂ ਦਾ ਜ਼ਿਕਰ ਤੱਕ ਨਾ ਹੋਣ ਕਰਕੇ ਹੀ ‘ਰੌਸ਼ਨੀ ਤੇ ਆਵਾਜ਼’ ਪ੍ਰੋਗਰਾਮ ਨੂੰ  ਮੁੜ ਤਿਆਰ ਕੀਤੇ ਜਾਣ ਦੀ ਲੋੜ ਹੈ।
ਅੰਡੇਮਾਨ ਅਤੇ ਇਥੋਂ ਦੀ ਜੇਲ੍ਹ ਨਾਲ  ਜੁੜੇ ਕਈ ਹੋਰ ਦਿਲਚਸਪ ਪਹਿਲੂਆਂ ਨੂੰ ਵੀ ਜਾਣ ਲੈਣਾ ਜ਼ਰੂਰੀ ਹੈ। ਭਾਰਤੀ ਉਪ-ਮਹਾਂਦੀਪ  ਦੀ ਸਭ ਤੋਂ ਬਦਨਾਮ ਇਹ ਸੈਲੂਲਰ ਜੇਲ੍ਹ ਦੁਨੀਆਂ ਦੇ ਸਭ ਤੋਂ ਖ਼ੂਬਸੂਰਤ ਖਿੱਤਿਆਂ ਵਿਚ  ਸ਼ੁਮਾਰ ਹੁੰਦੇ ਅੰਡੇਮਾਨ ਟਾਪੂ ਵਿਚ ਉਸਾਰੀ ਗਈ ਜਿੱਥੇ ਅੱਜ ਵੀ ਛੇ ਆਦਿਵਾਸੀ ਕਬੀਲੇ ਰਹਿ  ਰਹੇ ਹਨ। ਇਨ੍ਹਾਂ ਵਿਚੋਂ ਸੈਂਟੀਨਲ ਨਾਂ ਦਾ ਇੱਕ ਕਬੀਲਾ ਅਜੇ ਵੀ ਬਾਹਰੀ ਦੁਨੀਆਂ ਦੀ  ਪਹੁੰਚ ਤੋਂ ਬਾਹਰ ਹੈ। ਸੈਲੂਲਰ ਜੇਲ੍ਹ ਦੇ ਸੱਤ ਬਲਾਕਾਂ ਵਿਚੋਂ ਇਸ ਵੇਲੇ ਸਿਰਫ਼ ਤਿੰਨ ਹੀ  ਬਚੇ ਹਨ, ਬਾਕੀਆਂ ਵਿਚੋਂ ਦੋ ਢਹਿ ਗਏ ਸਨ ਅਤੇ ਦੋ ਵਿਕਾਸ ਕਾਰਜਾਂ ਦੀ ਭੇਟ ਚੜ੍ਹ ਗਏ।  ਆਜ਼ਾਦੀ ਸੰਗਰਾਮ ਦੌਰਾਨ ਭਾਰਤੀ ਯੋਧਿਆਂ ਵਲੋਂ ਝੱਲ਼ੇ ਗਏ ਅਣਮਨੁੱਖੀ ਅੱਤਿਆਚਾਰ ਅਤੇ ਸਹੇ  ਗਏ ਘੋਰ ਤਸ਼ੱਦਦ ਦੀਆਂ ਇਸ ਜੇਲ੍ਹ ਜਿੰਨੀਆਂ  ਯਾਦਾਂ ਸ਼ਾਇਦ ਹੀ ਕੋਈ ਹੋਰ ਸਮਾਰਕ ਸਮੋਈ  ਬੈਠਾ ਹੋਵੇ।
ਅੰਡੇਮਾਨ ਭਾਰਤ ਦਾ ਪਹਿਲਾ ਆਜ਼ਾਦ ਹੋਇਆ ਖਿੱਤਾ ਸੀ ਜਿੱਥੋਂ ਦੂਜੀ ਵਿਸ਼ਵ  ਜੰਗ ਦੌਰਾਨ 1942 ਵਿਚ ਜਪਾਨੀਆਂ ਨੇ ਅੰਗਰੇਜ਼ਾਂ ਨੂੰ ਖ਼ਦੇੜ ਦਿੱਤਾ ਸੀ। ਇਥੇ ਹੀ ਨੇਤਾ  ਜੀ ਸੁਭਾਸ਼ ਚੰਦਰ ਬੋਸ ਨੇ ਆਜ਼ਾਦ ਹਿੰਦ ਸਰਕਾਰ ਦੇ ਮੁਖੀ ਵਜੋਂ ਪੈਰ ਧਰਿਆ ਸੀ ਅਤੇ 30  ਦਸੰਬਰ 1943 ਨੂੰ ਪਹਿਲੀ ਵਾਰ ਪੂਰੀ ਮਾਣ-ਮਰਿਆਦਾ ਨਾਲ ਪੋਰਟ ਬਲੇਅਰ ਦੀ ਜਿੰਮਖ਼ਾਨਾ  ਗਰਾਊਂਡ ਵਿਚ ਤਿਰੰਗਾ ਲਹਿਰਾਇਆ ਸੀ। ਪਰ ਇਸ ਦੇ ਨਾਲ ਹੀ ਅੰਡੇਮਾਨ ਵਿਚ ਭਾਰਤੀਆਂ ਦੀਆਂ  ਹੱਤਿਆਵਾਂ ਅਤੇ ਅੱਤਿਆਚਾਰਾਂ ਦਾ ਨਵਾਂ ਦੌਰ ਵੀ ਸ਼ੁਰੂ ਹੋ ਗਿਆ ਸੀ। ਜਦੋਂ ਤੱਕ  ਸੁਭਾਸ਼ ਚੰਦਰ ਬੋਸ ਨੇ ਜਪਾਨ ਸਰਕਾਰ ਦੇ ਮੁਖੀ ਜਨਰਲ ਤੋਜੋ ਤੱਕ ਪਹੁੰਚ ਕੀਤੀ, ਉਦੋਂ ਤੱਕ  ਸੈਂਕੜੇ ਭਾਰਤੀ ਅੰਗਰੇਜ਼ਾਂ ਦੀ ਜਾਸੂਸੀ ਕਰਨ ਦੇ ਦੋਸ਼ ਵਿਚ ਮੌਤ ਦੇ ਘਾਟ ਉਤਾਰੇ ਜਾ  ਚੁੱਕੇ ਸਨ। ਡਾ. ਦੀਵਾਨ ਸਿੰਘ ਕਾਲੇਪਾਣੀ ਜਪਾਨੀਆਂ ਦੇ ਇਸ ਕਹਿਰ ਦਾ ਹੀ ਸ਼ਿਕਾਰ ਹੋਏ ਸਨ।  ਸੁਭਾਸ਼ ਚੰਦਰ ਬੋਸ ਦੇ ਦਖ਼ਲ ਸਦਕਾ ਕਈ ਭਾਰਤੀਆਂ ਦੀਆਂ ਜਾਨਾਂ ਬਚ ਗਈਆਂ, ਪਰ ਉਸ  ਵੇਲੇ ਤੱਕ ਅੰਡੇਮਾਨ ਦੇ ਇਤਿਹਾਸ ਵਿਚ ਭਿਆਨਕ ਅੱਤਿਆਚਾਰਾਂ ਅਤੇ ਅਣਮਨੁੱਖੀ ਤਸ਼ੱਦਦ ਦਾ  ਇੱਕ ਹੋਰ ਕਾਲਾ ਕਾਂਢ ਜੁੜ ਚੁੱਕਿਆ ਸੀ।
ਜਪਾਨੀਆਂ ਨੇ ਜਦੋਂ ਤਕਰੀਬਨ ਇੱਕ ਹਜ਼ਾਰ  ਕਿਲੋਮੀਟਰ ਦੇ ਘੇਰੇ ਵਿਚ ਫੈਲੇ ਇਸ ਦੀਪ ਸਮੂਹ ਉੱਤੇ ਕਬਜ਼ਾ ਕੀਤਾ ਤਾਂ ੳੇੁਸ ਸਮੇਂ ਆਜ਼ਾਦੀ  ਸੰਗਰਾਮ ਨਾਲ ਸਬੰਧਤ ਕਾਫ਼ੀ ਰਿਕਾਰਡ ਤਬਾਹ ਹੋ ਗਿਆ। ਇਸ ਸਾਰੇ ਰਿਕਾਰਡ ਨੂੰ ਮੁੜ ਇਕੱਠਾ  ਕਰਨ ਲਈ ਸਿਰਤੋੜ ਯਤਨਾਂ ਅਤੇ ਕਾਫ਼ੀ ਸਾਰੇ ਸਾਧਨਾਂ ਦੀ ਲੋੜ ਹੈ। ਪਰ ਇਹ ਯਤਨ ਹੋਣੇ ਬਹੁਤ  ਲਾਜ਼ਮੀ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਦੇ ਆਜ਼ਾਦੀ ਸੰਗਰਾਮੀਆਂ ਦੀ  ਕੈਟਾਲਾਗ ਤਿਆਰ ਕਰਨ ਦਾ ਐਲਾਨ ਕੀਤਾ ਹੋਇਆ ਹੈ। ਇਸੇ ਪ੍ਰਾਜੈਕਟ ਤਹਿਤ ਇਹ ਕਾਰਜ ਵੀ ਹੋ  ਸਕਦਾ ਹੈ। ਪੰਜਾਬ ਵਿਚ ਪਿਛਲੇ ਕੁਝ ਸਮੇਂ ਦੌਰਾਨ ਕਈ ਨਵੀਆਂ ਯਾਦਗਾਰਾਂ ਉਸਾਰੀਆਂ  ਗਈਆਂ ਹਨ ਪਰ ਕਿਸੇ ਵੀ ਸਰਕਾਰ ਨੇ ਇਸ ਸ਼ਾਨਾਮੱਤੇ ਇਤਿਹਾਸਕ ਵਿਰਸੇ ਨੂੰ ਸੰਭਾਲਣ ਲਈ  ਸੁਹਿਰਦ ਯਤਨ ਨਹੀਂ ਕੀਤੇ।

*ਲੇਖਕ ਸੀਨੀਅਰ ਪੱਤਰਕਾਰ ਹੈ।