FEATURED NEWS News PUNJAB NEWS

ਅੰਮ੍ਰਿਤਸਰ ਵਿਚੋਂ ਫੜੀ ਗਈ ‘ਸੈਂਕੜੇ ਕਰੋੜੀ’ ਨਸ਼ਾ ਫ਼ੈਕਟਰੀ

194 ਕਿਲੋ ਹੈਰੋਇਨ ਤੇ ਕੈਮੀਕਲ ਬਰਾਮਦ!
ਅੰਮ੍ਰਿਤਸਰ : ਐਸਟੀਐਫ ਨੇ ਅੰਮ੍ਰਿਸਤਰ ਵਿਖੇ ਇਕ ਘਰ ਵਿਚ ਚੱਲ ਰਹੀ ਨਸ਼ਿਆਂ ਦੀ ਫੈਕਟਰੀ ਦਾ ਪਰਦਾਫਾਸ ਕਰਦਿਆਂ 194 ਕਿੱਲੋ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਫ਼ੈਕਟਰੀ ਵਿਚੋਂ ਵੱਡੀ ਮਾਤਰਾ ‘ਚ ਕੈਮੀਕਲ ਵੀ ਫੜਿਆ ਗਿਆ ਹੈ। ਇਸ ਦੇ ਨਾਲ ਹੀ ਐਸਟੀਐਫ ਨੇ ਇਕ ਅਫਗਾਨੀ ਨਾਗਰਿਕ ਤੋਂ ਇਲਾਵਾ ਇਕ ਔਰਤ ਸਮੇਤ 4 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਸ ਕੋਠੀ ਵਿਚ ਇਹ ਗੋਰਖਧੰਦਾ ਚੱਲ ਰਿਹਾ ਸੀ, ਉਸ ਦਾ ਮਾਲਕ ਸੀਨੀਅਰ ਅਕਾਲੀ ਆਗੂ ਦਾ ਨਜ਼ਦੀਕੀ ਦਸਿਆ ਜਾ ਰਿਹਾ ਹੈ।ਐਸਟੀਐਫ ਦੇ ਏਡੀਜੀਪੀ ਹਰਪ੍ਰੀਤ ਸਿੰਘ ਸੰਧੂ ਨੇ ਦਸਿਆ ਹੈ ਕਿ ਇਹ ਗੋਰਖਧੰਦਾ ਸੁਲਤਾਨਵਿੰਡ ਦੇ ਅਕਾਸ਼ ਕਲੋਨੀ ਦੀ ਕੋਠੀ ਵਿਚ ਚਲਾਇਆ ਜਾ ਰਿਹਾ ਸੀ। ਇਨ੍ਹਾਂ ਤਸਕਰਾਂ ਦੇ ਤਾਰ ਅੰਤਰਰਾਸ਼ਟਰੀ ਪੱਧਰ ‘ਤੇ ਕਈ ਦੇਸ਼ਾਂ ਨਾਲ ਜੁੜੇ ਹੋਣ ਦੇ ਸੰਕੇਤ ਵੀ ਮਿਲੇ ਹਨ। ਫੜੀ ਗਈ ਇਸ ਪੇਖ ਦੀ ਕੌਮਾਂਤਰੀ ਬਜ਼ਾਰ ਵਿਚ ਕੀਮਤ ਹਜ਼ਾਰ ਕਰੋੜ ਦੇ ਕਰੀਬ ਆਕੀ ਜਾ ਰਹੀ ਹੈ। ਐਸਟੀਐਫ ਦੇ ਦਾਅਵੇ ਅਨੁਸਾਰ ਫੜੇ ਗਏ ਮੁਲਜ਼ਮਾਂ ਦੇ ਤਾਰ ਇਟਲੀ ‘ਚ ਬੈਠੇ ਨਸ਼ਾ ਤਸਕਰ ਸਿਮਰਜੀਤ ਸੰਧੂ ਨਾਲ ਜੁੜੇ ਹੋਏ ਹਨ। ਗੁਜਰਾਤ ਵਿਚ ਨਸ਼ਿਆਂ ਦੀ ਵੱਡੀ ਖੇਪ ਫੜਨ ਤੋਂ ਬਾਅਦ ਉਹ ਵਿਦੇਸ਼ ਭੱਜ ਗਿਆ ਸੀ। ਇੰਟਰਪੋਲ ਨੇ ਸੰਧੂ ਨੂੰ ਇਟਲੀ ‘ਚ ਨਜ਼ਰਬੰਦ ਕੀਤਾ ਹੋਇਆ ਹੈ।ਐਸਟੀਐਫ਼ ਦੇ ਸੂਤਰਾਂ ਮੁਤਾਬਕ ਅਫ਼ਗਾਨੀ ਨਾਗਰਿਕ ਨੂੰ ਨਸ਼ਿਆਂ ਨੂੰ ਮਿਕਸ ‘ਚ ਮੁਹਾਰਤ ਹਾਸਲ ਹੈ। ਫੜੀ ਗਈ ਫ਼ੈਕਟਰੀ ਵਿਚ ਵੀ ਉਹ ਇਹੀ ਕੰਮ ਕਰਦਾ ਸੀ। ਸੂਤਰਾਂ ਅਨੁਸਾਰ ਫ਼ੈਕਟਰੀ ਵਿਚੋਂ ਮਿਲੇ ਸਾਜੋ-ਸਮਾਨ ਤੋਂ ਲਾਏ ਅੰਦਾਜ਼ੇ ਅਨੁਸਾਰ ਹੈਰੋਇਨ ਅੰਮ੍ਰਿਤਸਰ ਵਿਚ ਹੀ ਤਿਆਰ ਕੀਤੀ ਜਾ ਰਹੀ ਸੀ। ਸਲਤਾਨਵਿੰਗ ਇਲਾਕੇ ਅੰਦਰ ਚੱਲ ਰਹੀ ਇਸ ਫ਼ੈਕਟਰੀ ਦਾ ਬਿਨਾਂ ਕਿਸੇ ਡਰ ਭੈਅ ਦੇ ਚੱਲਣਾ ਕਈ ਸਵਾਲ ਖੜ੍ਹੇ ਕਰ ਰਿਹਾ ਹੈ। ਫਿਲਹਾਲ ਐਸਟੀਐਫ ਨੇ ਕੋਠੀ ਨੂੰ ਸੀਲ ਕਰ ਦਿਤਾ ਹੈ। ਕਾਬੂ ਕੀਤੇ ਗਏ ਮੁਲਜ਼ਮਾਂ ‘ਚ ਇਕ ਲੜਕੀ ਵੀ ਸ਼ਾਮਲ ਹੈ। ਪੁਲਿਸ ਅਨੁਸਾਰ ਇਸ ਦਾ ਨਸ਼ਾ ਕਾਰੋਬਾਰ ਵਿਚ ਕੀ ਰੋਲ ਸੀ, ਇਸ ਬਾਰੇ ਜਾਂਚ ਤੋਂ ਬਾਅਦ ਹੀ ਪਤਾ ਚੱਲ ਸਕੇਗਾ। ਇਸ ਮਾਮਲੇ ‘ਚ ਫੜਿਆ ਗਿਆ ਅਫਗਾਨੀ ਨਾਗਰਿਕ ਭਾਰਤੀ ਵੀਜ਼ਾ ‘ਤੇ ਭਾਰਤ ‘ਚ ਆਇਆ ਸੀ। ਐਸਟੀਐਫ ਦੇ ਡੀਐਸਪੀ ਵਵਿੰਦਰ ਮਹਾਜਨ ਨੇ ਦਸਿਆ ਕਿ ਗੁਪਤ ਸੂਚਨਾ ਦੇ ਆਧਾਰ ‘ਤੇ ਐਸਟੀਐਫ ਨੇ ਇਸ ਆਪ੍ਰੇਸ਼ਨ ਨੂੰ ਅੰਜ਼ਾਮ ਦਿਤਾ ਹੈ। ਇਹ ਸੋਲੋ ਆਪ੍ਰੇਸ਼ਨ ਦੌਰਾਨ ਪੁਲਿਸ ਨੇ ਭਾਰੀ ਮਾਤਰਾ ਦੇ ‘ਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਤੇ ਸਾਰੇ ਮਾਮਲੇ ਦੀ ਜਾਣਕਾਰੀ ਐੱਸਟੀਐੱਫ ਦੇ ਉੱਚ ਅਧਿਕਾਰੀਆਂ ਨੂੰ ਦਿਤੀ। ਇਸ ਸਬੰਧੀ ਐਸਟੀਐਫ ਵਲੋਂ ਐਨਡੀਪੀਐਸ ਤੇ ਅਸਲਾ ਐਕਟ ਤਹਿਤ ਮੋਹਾਲੀ ਦੇ ਫੇਸ-4 ਦੇ ਥਾਣੇ ‘ਚ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਡਰੱਗ ਫੈਕਟਰੀ ਦੇ ਬੇਨਕਾਬ ਹੋਣ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਦੀ ਮੁਸ਼ਤੈਦੀ ‘ਤੇ ਵੀ ਸ਼ੱਕ ਦੇ ਘੇਰੇ ‘ਚ ਆ ਗਈ ਹੈ। ਇਸੇ ਦੌਰਾਨ ਮੁਲਜ਼ਮਾਂ ਨਾਲ ਫੜੀ ਗਈ ਲੜਕੀ ਦੀ ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਲੜਕੀ ਤਮੰਨਾ ਬੀਤੇ ਕੱਲ੍ਹ ਤੋਂ ਲਾਪਤਾ ਹੈ ਤੇ ਉਸ ਨਾਲ ਕੋਈ ਸੰਪਰਕ ਨਹੀਂ ਹੋ ਰਿਹਾ। ਪਰਵਾਰ ਦਾ ਕਹਿਣਾ ਹੈ ਕਿ ਸਾਨੂੰ ਤਾਂ ਅਜੇ ਤਕ ਉਸ ਦੇ ਗ੍ਰਿਫ਼ਤਾਰ ਹੋਣ ਜਾਂ ਨਾ ਹੋਣ ਬਾਰੇ ਵੀ ਜਾਣਕਾਰੀ ਨਹੀਂ ਹੈ।