ARTICLES

ਆਈ ਐਮ ਨਾਟ ਏ ਰੋਬੋਟ….

jagjit_singh_ganeshpur__2_

ਜਗਜੀਤ ਸਿੰਘ ਗਣੇਸ਼ਪੁਰ
ਮੋਬਾਈਲ-94655 76022

ਇੰਟਰਨੈੱਟ ਦੇ ਉੱਪਰ ਵੱਖ -ਵੱਖ ਵੈੱਬੱਸਾਈਟ ਤੇ ਸਰਫ਼ ਕਰਦੇ ਹੋਏ ਤੁਹਾਂਨੂੰ ਕਈ ਵਾਰ ਇਸ ਪ੍ਰਕਿਰਿਆ ਦਾ ਸਾਹਮਣਾ ਕਰਨਾ ਪਿਆ ਹੋਵੇਗਾ ਜਿਸ ਵਿੱਚ ਤੁਹਾਨੂੰ I am not a robot ਤੇ ਕਲਿੱਕ ਕਰਨ ਤੋਂ ਬਾਅਦ ਇਕ Crecaptcha (ਅੰਗਰੇਜ਼ੀ ਭਾਸ਼ਾ ਦੇ ਟੇਢੇ- ਮੇਂਢੇ ਅੱਖਰ) ਭਰਨ ਜਾਂ ਦਿੱਤੀਆਂ ਹੋਈਆਂ ਤਸਵੀਰਾਂ ਵਿੱਚੋਂ ਸਟਰੀਟ ਚਿੰਨ੍ਹ,ਕਾਰ ਜਾਂ ਬੱਸ ਆਦਿ ਦੀ ਪਹਿਚਾਣ ਕਰਨ ਨੂੰ ਕਿਹਾ ਜਾਂਦਾ ਹੈ ਅਤੇ ਇਸ ਨੂੰ ਹੱਲ ਕਰ ਲੈਣ ਤੋਂ ਬਾਅਦ ਹੀ ਤੁਹਾਨੂੰ ਅਗਾਂਹ ਸਰਫ਼ ਕਰਨ ਦੀ ਆਗਿਆ ਦਿੱਤੀ ਜਾਂਦੀ ਹੈ।ਤੁਹਾਡੇ ਦਿਮਾਗ਼ ਅੰਦਰ ਇਹ ਪ੍ਰਸ਼ਨ ਜ਼ਰੂਰ ਆਓਂਦਾ ਹੋਵੇਗਾ ਕਿ ਇਸ ਕੈਪਚਾ ਦਾ ਕੀ ਉਦੇਸ਼ ਹੈ? ਆਉ ਇਸ ਬਾਰੇ ਜਾਣੀਏ .. Captcha ਦਾ ਪੂਰਾ ਨਾਮ ਹੈ :-Completely Automated Public Turing Test  To Tell Computers And Human Apart ਜਿਸ ਦਾ ਉਦੇਸ਼ ਵੈੱਬ ਸਰਵਰ ਨੂੰ ਜਾਣੂ ਕਰਵਾਉਣਾ ਕਿ ਕੰਪਿਊਟਰ ਦੀ ਵਰਤੋ ਕੋਣ ਕਰ ਰਿਹਾ ਹੈ, ਇਹ ਇਕ ਇਨਸਾਨ ਹੈ ਜਾਂ ਫਿਰ ਕੋਈ ਰੋਬੋਟ ਮਸ਼ੀਨ।
ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇੰਟਰਨੈੱਟ ਤੇ ਆਨਲਾਈਨ ਰਿਜ਼ਰਵੇਸ਼ਨ, ਈਮੇਲ ਸੁਵਿਧਾਵਾਂ, ਨੈੱਟ ਬੈਂਕਿੰਗ, ਸੋਸ਼ਲ ਨੈੱਟਵਰਕਿੰਗ, ਆਨਲਾਈਨ ਖ਼ਰੀਦਦਾਰੀ ਆਦਿ ਵੈੱਬ ਪੋਰਟਲ ਚੱਲ ਰਹੇ ਹਨ ਅਤੇ ਇਨ੍ਹਾਂ ਵੈੱਬ ਪੋਰਟਲ ਨੂੰ ਫ਼ਰਜ਼ੀ ਯੂਜ਼ਰ ਦੁਆਰਾ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦਾ ਸਾਹਮਣਾ ਕਰਨਾ ਪੈਦਾ ਹੈ ਉਦਾਹਰਨ ਦੇ ਤੌਰ ‘ਤੇ ਭਾਰਤੀ ਰੇਲਵੇ ਵਿੱਚ ਤਤਕਾਲ ਬੁਕਿੰਗ ਇਕ ਦਿਨ ਪਹਿਲਾ ਸਵੇਰੇ 10 ਵਜੇ ਸ਼ੁਰੂ ਕੀਤੀ ਜਾਂਦੀ ਹੈ ਜਿਸ ਨੂੰ ਇਕ ਆਮ ਵਰਤੋਂਕਾਰ ਇਕ ਜਾਂ ਦੋ ਮਿੰਟ ਵਿੱਚ ਆਪਣੇ ਕੰਪਿਊਟਰ ਰਾਹੀ ਘਰ ਬੈਠੇ ਹੀ ਕਰਵਾ ਸਕਦਾ ਹੈ,ਪਰ ਹੁਣ ਸੋਚੋ ਜੇਕਰ ਕੋਈ ਸ਼ਰਾਰਤੀ ਇਨਸਾਨ ਆਪਣੇ ਕੰਪਿਊਟਰ ਪ੍ਰੋਗਰਾਮ ਰਾਹੀ ਇਸ ਦਾ ਮੈਕਰੋ ਜਾਂ ਸਕ੍ਰਿਪਟ ਕੋਡ ਬਣਾ ਲਵੇ ਤਾਂ ਉਹ ਕੁੱਝ ਹੀ ਸਕਿੰਟਾਂ ਵਿੱਚ ਸਾਰੀਆਂ ਸੀਟਾਂ ਦੀ ਬੁਕਿੰਗ ਕਰ ਲਵੇਗਾ ਅਤੇ ਆਮ ਲੋਕ ਇਸ ਸੁਵਿਧਾ ਤੋਂ ਬਾਝੇ ਰਹਿ ਜਾਣਗੇ ਜਾਂ ਇਕ ਹੋਰ ਮਿਸਾਲ ਵਜੋਂ ਫ਼ਰਜ਼ੀ ਈਮੇਲ ਆਈ- ਡੀ ਬਣਾ ਕੇ ਕਿਸੇ ਆਨਲਾਈਨ ਚੋਣਾਂ ਵਿੱਚ ਕਿਸੇ ਉਮੀਦਵਾਰ ਦੇ ਪੱਖ ਵਿੱਚ ਰੁਝਾਨ ਦਿਖਾਉਣੇ ਜਾਂ ਫਿਰ ਕਿਸੇ ਵੈੱਬ ਪੋਰਟਲ ਤੇ ਅਣਗਿਣਤ ਕੰਮੈਂਟ ਪੋਸਟ ਕਰ ਕੇ ਉਸ ਦੇ ਸਰਵਰ ਨੂੰ ਧੀਮਾ ਕਰ ਦੇਣਾ ਜਿਸ ਨਾਲ ਉਹ ਵੈੱਬ ਸਰਵਰ ਆਪਣੇ ਵਰਤੋਂਕਾਰ ਲਈ ਉਪਲਬਧ ਨਹੀਂ ਹੋਵੇਗਾ। ਇਹ ਸਾਰੀਆਂ ਸਮੱਸਿਆਵਾਂ ਤੋਂ ਪਾਰ ਪਾਉਣ ਲਈ 2003 ਵਿੱਚ ਕੈਪਚਾਂ ਹੋਂਦ ਵਿੱਚ ਆਇਆ।ਜਿਸ ਦੀ ਮਦਦ ਨਾਲ ਇਹ ਜਾਣਿਆ ਜਾ ਸਕਦਾ ਹੈ ਕਿ ਵਰਤੋਂਕਾਰ ਕੋਈ ਇਨਸਾਨ ਹੈ ਜਾਂ ਰੋਬੋਟ ਮਸ਼ੀਨ। ਜਦੋਂ ਤੁਸੀ ਆਈ ਐਮ ਨਾਟ ਏ ਰੋਬੋਟ ਤੇ ਕਲਿੱਕ ਕਰਦੇ ਹੋ ਤਾਂ ਤੁਹਾਡੇ ਨਾਲ ਸਬੰਧਿਤ ਜਾਣਕਾਰੀ ਜਿਵੇਂ ਤੁਹਾਡੀ ਲੋਕੇਸ਼ਨ, ਕਰਸਰ ਦੀ ਮੂਵਮੈਂਟ,ਤੁਹਾਡੇ ਦੁਆਰਾ ਉਸ ਵੈੱਬਸਾਈਟ ਤੇ ਬਿਤਾਇਆ ਸਮਾਂ ਆਦਿ ਵੈੱਬ ਸਰਵਰ ਤੱਕ ਪਹੁੰਚਦੀ ਹੈ ਜਿਸ ਤੋਂ ਬਾਅਦ ਸਰਵਰ ਇਹ ਫ਼ੈਸਲਾ ਕਰਦਾ ਹੈ ਕਿ ਤੁਹਾਨੂੰ ਕੈਪਚਾ ਹੱਲ ਕਰ ਨੂੰ ਦੇਣਾ ਹੈ ਕਿ ਨਹੀਂ ਜੇ ਸਰਵਰ ਨੂੰ ਤੁਸੀ ਇਕ ਆਮ ਇਨਸਾਨ ਦੀ ਤਰ੍ਹਾਂ ਪ੍ਰਤੀਤ ਹੋਏ ਤਾਂ ਤੁਹਾਨੂੰ ਅੱਗੇ ਸਰਫ਼ ਕਰਨ ਦੇ ਦੇਵੇਗਾ ਪਰੰਤੂ ਜੇ ਸਰਵਰ ਨੂੰ ਤੁਸੀਂ ਇਕ ਮਸ਼ੀਨ ਕੋਡ ਪ੍ਰਤੀਤ ਹੋਏ ਤਾਂ ਤੁਹਾਨੂੰ ਕੈਪਚਾ ਹੱਲ ਕਰਨਾ ਪਵੇਗਾ ਉਦਾਹਰਨ ਦੇ ਤੌਰ ਤੇ ਤੁਹਾਡੀ ਕਰਸਰ ਮੂਵਮੈਂਟ ਇਕ ਰੋਬੋਟ ਨਾਲੋਂ ਭਿੰਨ ਹੋਵੇਗੀ ਇਸ ਦੀ ਮਦਦ ਨਾਲ ਹੀ ਸਰਵਰ ਕਈ ਵਾਰ ਫ਼ੈਸਲਾ ਕਰਦਾ ਹੈ। ਪਹਿਲਾ ਪਹਿਲ ਯੂਜ਼ਰ ਨੂੰ ਟੇਢੇ ਮੇਂਢੇ ਅੱਖਰ ਭਰਨ ਨੂੰ ਕਿਹਾ ਜਾਂਦਾ ਸੀ ਜੋ ਕਿ ਇਕ ਇਨਸਾਨ ਤੋਂ ਹੀ ਭਰੇ ਜਾ ਸਕਦੇ ਸਨ ਕਿਉਂਕਿ ਕੈਪਚਾ ਸਹੀ ਭਰਨ ਦੀ ਮਨੁੱਖੀ ਸਮਰੱਥਾ 80% ਪ੍ਰਤੀਸ਼ਤ ਤੋਂ ਉੱਪਰ ਹੈ ਜਦੋਂ ਕਿ ਇਕ ਮਸ਼ੀਨ ਦੀ 0.01 ਫ਼ੀਸਦੀ ਪਰ ਸਮੇਂ ਦਾ ਨਾਲ ਇਸ ਵਿੱਚ ਹੋਰ ਸੁਧਾਰ ਲਿਆਂਦਾ ਗਿਆ 2007 ਵਿਚ ਰੀਕੈਪਚਾ ਹੋਂਦ ਵਿੱਚ ਆਇਆ ਜਿਸ ਵਿੱਚ ਵਰਤੋਂਕਾਰ ਨੂੰ ਦਿੱਤੀਆ ਹੋਈਆ ਤਸਵੀਰਾਂ ਵਿੱਚੋਂ ਕੁੱਝ ਤਸਵੀਰਾਂ ਦੀ ਪਹਿਚਾਣ ਕਰਨ ਨੂੰ ਕਿਹਾ ਜਾਂਦਾ ਹੈ ਜਿਵੇਂ ਸਟਰੀਟ ਸਾਈਨ ਦੀ ਪਹਿਚਾਣ ਜਾਂ ਫਿਰ ਕਾਰ ਜਾਂ ਬੱਸ ਦੀ ਪਹਿਚਾਣ ਕਰਨਾ। ਅੱਜਕੱਲ੍ਹ ਹਰ ਪ੍ਰਚਲਿਤ ਵੈੱਬਸਾਈਟ ਜਿਵੇਂ ਗੂਗਲ, ਫੇਸ ਬੁੱਕ, ਟਵਿੱਟਰ, ਆਈ. ਆਰ. ਟੀ. ਸੀ. ਆਦਿ ਨੇ ਆਪਣੇ ਆਪਣੇ ਕੈਪਚਾ ਕੋਡ ਡਿਜ਼ਾਈਨ ਕਰਵਾਏ ਹੋਏ ਹਨ ਤਾਂ ਕਿ ਫ਼ਰਜ਼ੀ ਵਰਤੋਂਕਾਰਾਂ ਤੋਂ ਨਿਜਾਤ ਪਾਈ ਜਾ ਸਕੇ।
ਅੰਤ ਵਿੱਚ ਇਹੀ ਕਿਹਾ ਜਾ ਸਕਦਾ ਹੈ ਜਿਵੇਂ ਜਿਵੇਂ ਅਸੀਂ ਸੂਚਨਾ ਤਕਨੀਕ ਦੀ ਨਵੀਆਂ ਮੰਜ਼ਿਲਾਂ ਸਰ ਕਰ ਰਹੇ ਹਾਂ ਉਸ ਦੇ ਨਾਲ ਹੀ ਇਸ ਦੀ ਸੁਰੱਖਿਅਤ ਵਰਤੋ ਕਰਨ ਦੀ ਚੁਣੋਤੀਆ ਵੀ ਵੱਧ ਰਹੀਆਂ ਹਨ । ਇਨ੍ਹਾਂ ਸਭ ਚੁਣੋਤੀਆ ਨੂੰ ਪਾਰ ਪਾ ਕੇ ਹੀ ਇਸ ਦੀਆਂ ਸੁਵਿਧਾਵਾਂ ਦਾ ਫ਼ਾਇਦਾ ਉਠਾਇਆ ਜਾ ਸਕਦਾ ਹੈ।