FEATURED NEWS News

ਆਬਾਦੀ ਵਾਧੇ ਦੇ ਮੁੱਦੇ ‘ਤੇ ਬਾਬਾ ਰਾਮਦੇਵ ਦਾ ‘ਰਾਮਬਾਣ’ ਫਾਰਮੂਲਾ!

ਪਟਨਾ : ਯੋਗ ਗੁਰੂ ਬਾਬਾ ਰਾਮਦੇਵ ਨੇ ਹੁਣ ਪਰਿਵਾਰ ਨਿਯੋਜਨ ਦੇ ਖੇਤਰ ਵਿਚ ਵੀ ਅਪਣਾ ਵਡਮੁੱਲਾ ਯੋਗਦਾਨ ਪਾਉਣ ਦੇ ਸੰਕੇਤ ਦਿੱਤੇ ਹਨ। ਆਬਾਦੀ ਵਾਧੇ ਦੇ ਹੱਲ ਲਈ ਅਪਣਾ ‘ਰਾਮਬਾਣ’ ਫਾਰਮੂਲਾ ਸੁਝਾਉਂਦਿਆਂ ਬਾਬਾ ਰਾਮਦੇਵ ਨੇ ਕਿਹਾ ਕਿ ਹੁਣ ਆਬਾਦੀ ਦੇ ਵਾਧੇ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾਉਣ ਦਾ ਸਮਾਂ ਆ ਗਿਆ ਹੈ। ਬਾਬਾ ਰਾਮਦੇਵ ਦੇ ਫਾਰਮੂਲੇ ਮੁਤਾਬਕ ਜੇਕਰ ਕੋਈ ਤੀਜਾ ਬੱਚਾ ਪੈਦਾ ਕਰਦਾ ਹੈ ਤਾਂ ਉਸ ਕੋਲੋਂ ਵੋਟ ਪਾਉਣ ਦਾ ਹੱਕ ਖੋਹ ਲੈਣਾ ਚਾਹੀਦਾ ਹੈ। ਇਸੇ ਤਰ੍ਹਾਂ ਜੇਕਰ ਕੋਈ ਚੌਥਾ ਬੱਚਾ ਪੈਦਾ ਕਰਦਾ ਹੈ ਉਸ ਚੌਥੇ ਬੱਚੇ ਨੂੰ ਵੀ ਵੋਟ ਪਾਉਣ ਦੇ ਅਧਿਕਾਰ ਤੋਂ ਵਾਂਝਾ ਕਰ ਦੇਣਾ ਚਾਹੀਦਾ ਹੈ। ਬਾਬਾ ਰਾਮਦੇਵ ਦਾ ਕਹਿਣਾ ਹੈ ਕਿ ਲੋਕਾਂ ਨੂੰ ਬੱਚੇ ਪੈਦਾ ਕਰਨ ਦੀ ਆਜ਼ਾਦੀ ਹੈ, ਪਰ ਹੱਦ ਤੋ ਜ਼ਿਆਦਾ ਨਹੀਂ। ਕਿਉਂਕਿ ਹੱਦ ਤੋਂ ਜ਼ਿਆਦਾ ਆਬਾਦੀ ਦੇਸ਼ ‘ਤੇ ਬੋਝ ਸਾਬਤ ਹੋ ਸਕਦੀ ਹੈ। ਬਾਬਾ ਰਾਮਦੇਵ ਮੁਤਾਬਕ ਦੁਨੀਆਂ ਦੇ ਬਾਕੀ ਦੇਸ਼ਾਂ ਨੇ ਵੀ ਅਬਾਦੀ ਕੰਟਰੋਲ ਕਰਨ ਲਈ ਕਦਮ ਚੁੱਕੇ ਹਨ ਤੇ ਭਾਰਤ ਨੂੰ ਵੀ ਇਸ ਪਾਸੇ ਧਿਆਨ ਦੇਣਾ ਪਵੇਗਾ। 5 ਟ੍ਰਿਲੀਅਨ ਡਾਲਰ ਦੀ ਅਰਥ-ਵਿਵਸਥਾ ਸਬੰਧੀ ਸੁਝਾਅ : ਇਸੇ ਦੌਰਾਨ ਬਾਬਾ ਰਾਮਦੇਵ ਨੇ ਭਾਰਤ ਦੀ 5 ਟ੍ਰਿਲੀਅਨ ਡਾਲਰ ਦੀ ਅਰਥ-ਵਿਵਸਥਾ ਬਾਰੇ ਵੀ ਸੁਝਾਅ ਰੱਖੇ। ਯੋਗ ਦੇ ਗੁਰ ਸਿਖਾਉਂਦਿਆਂ ਉਨ੍ਹਾਂ ਕਿਹਾ ਕਿ ਭਾਰਤ ਨੂੰ 2025 ਤਕ 5 ਟ੍ਰਿਲੀਅਨ ਦੀ ਅਰਥਵਿਵਸਥਾ ਬਣਾਉਣ ਖਾਤਰ ਸਾਲਾਨਾ ਵਾਧੇ ਦੀ ਦਰ 20 ਫ਼ੀ ਸਦੀ ਤੋਂ ਵੀ ਵਧੇਰੇ ਚਾਹੀਦੀ ਹੋਵੇਗੀ।