Home » FEATURED NEWS » ਆਸਟਰੇਲੀਆ ’ਚ ਟੈਸਟ ਲੜੀ ਜਿੱਤ ਕੇ ਭਾਰਤ ਨੇ ਰਚਿਆ ਇਤਿਹਾਸ
India's captain Virat Kohli --
India's captain Virat Kohli --

ਆਸਟਰੇਲੀਆ ’ਚ ਟੈਸਟ ਲੜੀ ਜਿੱਤ ਕੇ ਭਾਰਤ ਨੇ ਰਚਿਆ ਇਤਿਹਾਸ

ਸਿਡਨੀ : ਭਾਰਤੀ ਕ੍ਰਿਕਟ ਟੀਮ ਨੇ 71 ਸਾਲ ਦੀ ਉਡੀਕ ਖ਼ਤਮ ਕਰਦਿਆਂ ਆਸਟਰੇਲਿਆਈ ਧਰਤੀ ’ਤੇ ਪਹਿਲੀ ਵਾਰ ਟੈਸਟ ਲੜੀ ਜਿੱਤ ਕੇ ਅੱਜ ਆਪਣੇ ਕ੍ਰਿਕਟ ਇਤਿਹਾਸ ਵਿੱਚ ਸੁਨਹਿਰੀ ਪੰਨਾ ਜੋੜ ਲਿਆ ਹੈ। ਸਿਡਨੀ ਕ੍ਰਿਕਟ ਗਰਾਊਂਡ ’ਤੇ ਚੌਥਾ ਅਤੇ ਆਖ਼ਰੀ ਟੈਸਟ ਮੈਚ ਖ਼ਰਾਬ ਮੌਸਮ ਅਤੇ ਮੀਂਹ ਕਾਰਨ ਡਰਾਅ ਰਿਹਾ ਅਤੇ ਇਸ ਤਰ੍ਹਾਂ ਭਾਰਤ ਲੜੀ ਵਿੱਚ 2-1 ਨਾਲ ਆਪਣੇ ਨਾਮ ਕਰਨ ਵਿੱਚ ਸਫਲ ਰਿਹਾ। ਟੈਸਟ ਕ੍ਰਿਕਟ ਲੜੀ ਵਿੱਚ ਆਸਟਰੇਲੀਆ ਨੂੰ ਉਸ ਦੀ ਧਰਤੀ ’ਤੇ ਹਰਾਉਣਾ ਵਾਲਾ ਭਾਰਤ ਪਹਿਲਾ ਏਸ਼ਿਆਈ ਮੁਲਕ ਬਣ ਗਿਆ ਹੈ। ਇਸ ਦੇ ਨਾਲ ਹੀ ਉਸ ਨੇ ਬਾਰਡਰ-ਗਾਵਸਕਰ ਟਰਾਫੀ ਵੀ ਆਪਣੇ ਕੋਲ ਬਰਕਰਾਰ ਰੱਖੀ ਹੈ। ਭਾਰਤ ਨੇ 2017 ਵਿੱਚ ਆਪਣੇ ਘਰੇਲੂ ਮੈਦਾਨ ’ਤੇ ਲੜੀ 2-1 ਨਾਲ ਜਿੱਤ ਕੇ ਇਸ ਟਰਾਫ਼ੀ ’ਤੇ ਕਬਜ਼ਾ ਕੀਤਾ ਸੀ।
ਭਾਰਤ ਨੇ ਆਜ਼ਾਦੀ ਮਿਲਣ ਤੋਂ ਕੁੱਝ ਦਿਨ ਬਾਅਦ ਪਹਿਲੀ ਵਾਰ 1947-48 ਵਿੱਚ ਲਾਲਾ ਅਮਰਨਾਥ ਦੀ ਅਗਵਾਈ ਵਿੱਚ ਆਸਟਰੇਲੀਆ ਦਾ ਦੌਰਾ ਕੀਤਾ ਸੀ। ਉਦੋਂ ਉਸ ਦਾ ਸਾਹਮਣਾ ਸਰ ਡਾਨ ਬਰੈਡਮੈਨ ਦੀ ਆਸਟਰੇਲੀਆ ਟੀਮ ਨਾਲ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਭਾਰਤ ਲੜੀ ਜਿੱਤਣ ਦੀ ਉਡੀਕ ਕਰ ਰਿਹਾ ਸੀ, ਜੋ ਅੱਜ ਵਿਰਾਟ ਕੋਹਲੀ ਦੀ ਟੀਮ ਨੇ ਖ਼ਤਮ ਕਰ ਦਿੱਤੀ। ਭਾਰਤ ਨੇ ਆਪਣੀ ਪਹਿਲੀ ਪਾਰੀ ਸੱਤ ਵਿਕਟਾਂ ’ਤੇ 622 ਦੌੜਾਂ ਬਣਾ ਕੇ ਐਲਾਨੀ ਸੀ, ਜਿਸ ਦੇ ਜਵਾਬ ਵਿੱਚ ਆਸਟਰੇਲੀਆ 300 ਦੌੜਾਂ ’ਤੇ ਢੇਰ ਹੋ ਗਿਆ ਅਤੇ ਉਸ ਨੂੰ ਆਪਣੀ ਧਰਤੀ ’ਤੇ ਪਿਛਲੇ 30 ਸਾਲਾਂ ਵਿੱਚ ਪਹਿਲੀ ਵਾਰ ਫਾਲੋਆਨ ਲੈਣ ਲਈ ਮਜਬੂਰ ਹੋਣਾ ਪਿਆ। ਆਸਟਰੇਲੀਆ ਨੇ ਦੂਜੀ ਪਾਰੀ ਵਿੱਚ ਬਿਨਾਂ ਕਿਸੇ ਨੁਕਸਾਨ ਦੇ ਛੇ ਦੌੜਾਂ ਬਣਾਈਆਂ। ਮੀਂਹ ਕਾਰਨ ਪੰਜਵੇਂ ਅਤੇ ਆਖ਼ਰੀ ਦਿਨ ਦੀ ਖੇਡ ਨਹੀਂ ਹੋ ਸਕੀ ਅਤੇ ਅੰਪਾਇਰਾਂ ਨੇ ਲੰਚ ਮਗਰੋਂ ਮੈਚ ਡਰਾਅ ਕਰਨ ਦਾ ਫ਼ੈਸਲਾ ਕੀਤਾ। ਭਾਰਤੀ ਟੀਮ ਨੇ ਐੱਸਸੀਜੀ ’ਤੇ ਜਿੱਤ ਦਾ ਜਸ਼ਨ ਮਨਾਇਆ ਅਤੇ ਭਾਰਤ ਤੇ ਆਸਟਰੇਲੀਆ ਦੇ ਪ੍ਰਸ਼ੰਸਕਾਂ ਨੇ ਤਾੜੀਆਂ ਮਾਰ ਕੇ ਉਨ੍ਹਾਂ ਦਾ ਸਾਥ ਦਿੱਤਾ। ਆਸਟਰੇਲੀਆ ਨੂੰ ਯਕੀਨਨ ਪਾਬੰਦੀ ਝੱਲ ਰਹੇ ਸਟੀਵ ਸਮਿੱਥ ਅਤੇ ਡੇਵਿਡ ਵਾਰਨਰ ਦੀ ਘਾਟ ਰੜਕੀ, ਪਰ ਇਸ ਦੇ ਬਾਵਜੂਦ ਕੋਹਲੀ ਅਤੇ ਉਸ ਦੀ ਟੀਮ ਦੀ ਪ੍ਰਾਪਤੀ ਨੂੰ ਘੱਟ ਨਹੀਂ ਮੰਨਿਆ ਜਾ ਸਕਦਾ। ਇਸ ਜਿੱਤ ਨਾਲ ਭਾਰਤ ਦੀਆਂ ਵਿਦੇਸ਼ਾਂ ਵਿੱਚ ਇਤਿਹਾਸਕ ਜਿੱਤਾਂ ਵਿੱਚ ਸ਼ੁਮਾਰ ਕੀਤਾ ਜਾਵੇਗਾ। ਇਸ ਜਿੱਤ ਨੂੰ ਅਜੀਤ ਵਾਡੇਕਰ ਦੀ ਅਗਵਾਈ ਵਾਲੀ ਟੀਮ (1971 ਦੌਰਾਨ) ਦੀ ਵੈਸਟ ਇੰਡੀਜ਼ ਅਤੇ ਇੰਗਲੈਂਡ ਵਿੱਚ, ਕਪਿਲ ਦੇਵ ਦੀ ਟੀਮ (1986) ਦੀ ਇੰਗਲੈਂਡ ਵਿੱਚ ਅਤੇ ਰਾਹੁਲ ਦਰਾਵਿੜ ਦੀ ਅਗਵਾਈ ਵਾਲੀ ਟੀਮ ਦੀ (2007) ਇੰਗਲੈਂਡ ਵਿੱਚ ਜਿੱਤ ਦੇ ਬਰਾਬਰ ਮੰਨਿਆ ਜਾਵੇਗਾ।
ਭਾਰਤ ਨੇ ਚੌਥੇ ਟੈਸਟ ਮੈਚ ਤੋਂ ਪਹਿਲਾਂ ਲੜੀ ਵਿੱਚ 2-1 ਦੀ ਜੇਤੂ ਲੀਡ ਬਣਾ ਲਈ ਸੀ। ਭਾਰਤੀ ਟੀਮ ਨੇ ਐਡੀਲੇਡ ਵਿੱਚ ਪਹਿਲਾ ਟੈਸਟ ਮੈਚ 31 ਦੌੜਾਂ ਨਾਲ ਜਿੱਤਿਆ ਸੀ। ਆਸਟਰੇਲੀਆ ਨੇ ਪਰਥ ’ਚ ਦੂਜੇ ਟੈਸਟ ਮੈਚ ਵਿੱਚ 146 ਦੌੜਾਂ ਨਾਲ ਜਿੱਤ ਦਰਜ ਕਰਕੇ ਵਾਪਸੀ ਕੀਤੀ, ਪਰ ਭਾਰਤ ਨੇ ਮੈਲਬਰਨ ਵਿੱਚ ਤੀਜਾ ਮੈਚ 137 ਦੌੜਾਂ ਨਾਲ ਆਪਣੇ ਨਾਮ ਕਰਕੇ ਇਤਿਹਾਸ ਸਿਰਜਣ ਵੱਲ ਮਜ਼ਬੂਤ ਕਦਮ ਵਧਾਏ ਸਨ। ਚੇਤੇਸ਼ਵਰ ਪੁਜਾਰਾ ਨੇ 193 ਦੌੜਾਂ ਅਤੇ ਰਿਸ਼ਭ ਪੰਤ ਨੇ ਨਾਬਾਦ 159 ਦੌੜਾਂ ਬਣਾਈਆਂ। ਆਸਟਰੇਲੀਆ ਨੇ ਤੀਜੇ ਦਿਨ ਖ਼ਰਾਬ ਰੌਸ਼ਨੀ ਕਾਰਨ ਖੇਡ ਛੇਤੀ ਖ਼ਤਮ ਕਰਨ ਤੱਕ ਛੇ ਵਿਕਟਾਂ ’ਤੇ 236 ਦੌੜਾਂ ਬਣਾਈਆਂ। ਇਸ ਮਗਰੋਂ ਅਗਲੇ ਦਿਨ ਉਸ ਦੀ ਟੀਮ 300 ਦੌੜਾਂ ’ਤੇ ਆਊਟ ਹੋ ਗਈ। ਭਾਰਤ ਵੱਲੋਂ ਕੁਲਦੀਪ ਯਾਦਵ ਨੇ 99 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ। ਪੁਜਾਰਾ ਨੇ ਭਾਰਤ ਦੀ ਲੜੀ ਜਿੱਤਣ ਵਿੱਚ ਅਹਿਮ ਭੂਮਿਕਾ ਨਿਭਾਈ। ਉਸ ਨੇ ਲੜੀ ਵਿੱਚ 74.42 ਦੀ ਔਸਤ ਨਾਲ 521 ਦੌੜਾਂ ਬਣਾਈਆਂ, ਜਿਸ ਵਿੱਚ ਤਿੰਨ ਸੈਂਕੜੇ ਸ਼ਾਮਲ ਹਨ। ਉਸ ਨੂੰ ‘ਮੈਨ ਆਫ ਦਿ ਮੈਚ’ ਅਤੇ ‘ਮੈਨ ਆਫ ਦਿ ਸੀਰੀਜ਼’ ਚੁਣਿਆ ਗਿਆ। ਜਸਪ੍ਰੀਤ ਬੁਮਰਾਹ ਨੇ ਲੜੀ ਦੌਰਾਨ 21 ਵਿਕਟਾਂ ਲਈਆਂ। ਆਸਟਰੇਲੀਆ ਦੇ ਬੱਲੇਬਾਜ਼ਾਂ ਲਈ ਬੁਮਰਾਹ, ਇਸ਼ਾਂਤ ਸ਼ਰਮਾ, ਮੁਹੰਮਦ ਸ਼ਮੀ, ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ ਅਤੇ ਕੁਲਦੀਪ ਯਾਦਵ ਨੂੰ ਖੇਡਣਾ ਆਸਾਨ ਨਹੀਂ ਰਿਹਾ। ਪ੍ਰਿਥਵੀ ਸ਼ਾਅ ਸੱਟ ਕਾਰਨ ਲੜੀ ਨਹੀਂ ਖੇਡ ਸਕਿਆ, ਪਰ ਉਸ ਦੀ ਥਾਂ ਤੀਜੇ ਟੈਸਟ ਮੈਚ ਦੌਰਾਨ ਟੀਮ ਨਾਲ ਜੁੜੇ ਮਯੰਕ ਅਗਰਵਾਲ ਨੇ ਮੌਕੇ ਦਾ ਪੂਰਾ ਫ਼ਾਇਦਾ ਉਠਾਇਆ। ਰਿਸ਼ਭ ਪੰਤ ਨੇ 350 ਦੌੜਾਂ ਬਣਾਈਆਂ ਅਤੇ ਵਿਕਟਕੀਪਰ ਵਜੋਂ ਇੱਕ ਲੜੀ ਵਿੱਚ ਸਭ ਤੋਂ ਵੱਧ ਸਕੋਰ ਦਾ ਭਾਰਤੀ ਰਿਕਾਰਡ ਬਣਾਇਆ। ਭਾਰਤ ਹੁਣ ਇੰਗਲੈਂਡ ਵਿੱਚ ਹੋਣ ਵਾਲੇ ਵਿਸ਼ਵ ਕੱਪ ਦੀਆਂ ਤਿਆਰੀਆਂ ਵਿੱਚ ਲੱਗ ਜਾਵੇਗਾ। ਇਸ ਦੀ ਸ਼ੁਰੂਆਤ ਉਹ ਆਸਟਰੇਲੀਆ ਖ਼ਿਲਾਫ਼ 12 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਤੋਂ ਕਰੇਗਾ।

About Jatin Kamboj