AUSTRALIAN NEWS FEATURED NEWS News

ਆਸਟਰੇਲੀਆ ਦੇ ਜੰਗਲਾਂ ਵਿਚ ਲੱਗੀ ਅੱਗ ਕਾਰਨ ਖਤਰੇ ਵਿਚ ਸਿਡਨੀ

ਸਿਡਨੀ- ਆਸਟਰੇਲੀਆ ਦੇ ਪੂਰਬੀ ਹਿੱਸੇ ਵਿਚ ਜੰਗਲਾਂ ਵਿਚ ਲੱਗੀ ਅੱਗ ਨਾਲ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਸਿਡਨੀ ‘ਤੇ ਖਤਰਾ ਮੰਡਰਾ ਰਿਹਾ ਹੈ। ਸ਼ਹਿਰ ਦੇ ਉੱਤਰ ਵੱਲ 50 ਕਿਲੋਮੀਟਰ ਖੇਤਰ ਵਿਚ ਲੱਗੀ ਅੱਗ ਨੇ ਭਿਆਨਕ ਰੂਪ ਲੈ ਲਿਆ ਹੈ। ਇਸ ਅੱਗ ਕਾਰਨ ਨਿਕਲੇ ਧੂੰਏ ਤੇ ਰਾਖ ਦੇ ਕਣ ਨਿਊ ਸਾਊਥ ਵੇਲਸ ਸੂਬੇ ਦੀ ਰਾਜਧਾਨੀ ਸਿਡਨੀ ਦੇ ਨੇੜੇ ਆਸਮਾਨ ‘ਤੇ ਛਾਅ ਗਏ ਹਨ। ਬਾਹਰ ਨਿਕਲਣ ਦੇ ਲਈ ਲੋਕਾਂ ਨੂੰ ਮਾਸਕ ਲਗਾਉਣੇ ਪੈ ਰਹੇ ਹਨ। ਸ਼ਹਿਰ ਵਿਚ ਹਫਤੇ ਦੇ ਅਖੀਰ ਵਿਚ ਹੋਣ ਵਾਲੀਆਂ ਸਾਰੀਆਂ ਖੇਡਾਂ ਟਾਲ ਦਿੱਤੀਆਂ ਗਈਆਂ ਹਨ।ਫਾਇਰ ਬ੍ਰਿਗੇਡ ਵਿਭਾਗ ਦੇ ਮੁਤਾਬਕ ਸਿਡਨੀ ਦੇ ਨਜ਼ਦੀਕੀ ਹਾਕਸਬਰੀ, ਹੰਟਰ ਤੇ ਸੈਂਟਰਲ ਕੋਸਟ ਇਲਾਕੇ ਵਿਚ ਅੱਗ ਨੇ ਭਿਆਨਕ ਤਬਾਹੀ ਮਚਾਈ ਹੋਈ ਹੈ। ਅੱਗ ‘ਤੇ ਕਾਬੂ ਕਰਨਾ ਮੁਸ਼ਕਲ ਹੋ ਰਿਹਾ ਹੈ। ਜੰਗਲਾਂ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਪਿਛਲੇ ਮਹੀਨੇ ਸ਼ੁਰੂ ਹੋਈਆਂ ਸਨ। ਇਹਨਾਂ ਵਿਚ ਹੁਣ ਤੱਕ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 700 ਦੇ ਕਰੀਬ ਘਰ ਸੜ੍ਹ ਕੇ ਸੁਆਹ ਹੋ ਚੁੱਕੇ ਹਨ। ਇਹ ਹੀ ਨਹੀਂ ਕਈ ਹੋਰ ਲਾਪਤਾ ਵੀ ਦੱਸੇ ਜਾ ਰਹੇ ਹਨ।ਪ੍ਰਧਾਨ ਮੰਤਰੀ ਸਕਾਟ ਮੌਰੀਸਨ ਦੇ ਹਵਾਲੇ ਨਾਲ ਇਕ ਮੀਡੀਓ ਰਿਪੋਰਟ ਵਿਚ ਦੱਸਿਆ ਗਿਆ ਕਿ ਅੱਗ ਬੁਝਾਉਣ ਦੇ ਕੰਮ ਵਿਚ ਫੌਜ ਲੱਗੀ ਹੋਈ ਹੈ। ਪਰ ਅਜੇ ਲੋੜੀਂਦੀ ਸਫਲਤਾ ਨਹੀਂ ਮਿਲ ਸਕੀ ਹੈ। ਬੀਬੀਸੀ ਦੀ ਰਿਪੋਰਟ ਮੁਤਾਬਕ ਤੇਜ਼ ਹਵਾ ਤੇ 35 ਡਿਗਰੀ ਸੈਲਸੀਅਸ ਤਾਪਮਾਨ ਨੇ ਅੱਗ ਨੂੰ ਹੋਰ ਤੇਜ਼ ਕਰਨ ਦਾ ਕੰਮ ਕੀਤਾ ਹੈ। ਜਿਹਨਾਂ ਇਲਾਕਿਆਂ ਵਿਚ ਇਹ ਅੱਗ ਲੱਗੀ ਹੋਈ ਹੈ ਉਹ ਸੋਕਾ ਪ੍ਰਭਾਵਿਤ ਇਲਾਕਿਆਂ ਵਿਚ ਆਉਂਦੇ ਹਨ। ਅੱਗ ਲੱਗਣ ਦੀ ਇਕ ਘਟਨਾ ਵਿਚ ਸੈਂਕੜੇ ਪਸੂਆਂ ਦੇ ਮਾਰੇ ਜਾਣ ਦੀ ਵੀ ਸੰਭਾਵਨਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਖਰਾਬ ਗੁਣਵੱਤਾ ਦੇ ਕਾਰਨ ਅਸਥਮਾ ਤੇ ਸਾਹ ਲੈਣ ਵਿਚ ਤਕਲੀਫ ਦੀ ਹੋਰ ਸਮੱਸਿਆ ਵਾਲੇ ਲੋਕਾਂ ਦੇ ਲਈ ਚਿਤਾਵਨੀ ਜਾਰੀ ਕੀਤੀ ਗਈ ਹੈ। ਉਥੇ ਹੀ ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਜਲਵਾਯੂ ਪਰਿਵਰਤਨ ਦੇ ਕਾਰਨ ਆਸਟਰੇਲੀਆ ਵਿਚ ਅੱਗ ਦਾ ਮੌਸਮ ਲੰਬਾ ਹੋ ਰਿਹਾ ਹੈ। ਇਹ ਹੀ ਨਹੀਂ ਇਹ ਪਹਿਲਾਂ ਤੋਂ ਜ਼ਿਆਦਾ ਜੋਖਿਮ ਵਾਲਾ ਵੀ ਹੁੰਦਾ ਜਾ ਰਿਹਾ ਹੈ। ਬੀਬੀਸੀ ਨੇ ‘ਦ ਬਿਊਰੋ ਸਟੇਟ ਆਫ ਦ ਕਲਾਈਮੇਟ 2018’ ਦੀ ਰਿਪੋਰਟ ਦੇ ਹਵਾਲੇ ਨਾਲ ਕਿਹਾ ਕਿ ਜਲਵਾਯੂ ਪਰਿਵਰਤਨ ਨਾਲ ਵਧੇਰੇ ਗਰਮੀ ਦੀਆਂ ਘਟਨਾਵਾਂ ਵਿਚ ਵਾਧਾ ਹੋਇਆ ਹਨ। ਇਸ ਨਾਲ ਸੋਕੇ ਜਿਹੀਆਂ ਕੁਦਰਤੀ ਆਪਦਾਵਾਂ ਦਾ ਖਤਰਾ ਵਧਦਾ ਜਾ ਰਿਹਾ ਹੈ।