Home » News » AUSTRALIAN NEWS » ਆਸਟ੍ਰੇਲੀਆ ‘ਚ ਨਹੀਂ ਹੋਵੇਗਾ ‘ਆਪ’ ਦੇ ਪੰਜਾਬ ਵਿਰੋਧੀ ਵਿਧਾਇਕਾਂ ਦਾ ਸਵਾਗਤ
sss

ਆਸਟ੍ਰੇਲੀਆ ‘ਚ ਨਹੀਂ ਹੋਵੇਗਾ ‘ਆਪ’ ਦੇ ਪੰਜਾਬ ਵਿਰੋਧੀ ਵਿਧਾਇਕਾਂ ਦਾ ਸਵਾਗਤ

ਸਿਡਨੀ – ਪੰਜਾਬ ਦੇ ਮਾਮਲਿਆਂ ਨੂੰ ਗੰਭੀਰਤਾ ਨਾਲ ਚੁੱਕਣ ਲਈ ਜਿੱਥੇ ਆਸਟ੍ਰੇਲੀਆ ਦੇ ‘ਆਪ’ ਅਹੁਦੇਦਾਰਾਂ ਨੇ ਸੁਖਪਾਲ ਸਿੰਘ ਖਹਿਰਾ ਦਾ ਧੰਨਵਾਦ ਕੀਤਾ ਹੈ। ਉੱਥੇ ਆਮ ਆਦਮੀ ਪਾਰਟੀ ਦੀ ਵਿਦੇਸ਼ਾਂ ‘ਚ ਖੁਰ ਰਹੀ ਸਾਖ ਨੂੰ ਉਦੋਂ ਹੋਰ ਵੀ ਧੱਕਾ ਲੱਗਾ, ਜਦੋਂ ਆਸਟ੍ਰੇਲੀਆ ਵਿਚਲੇ ਪਾਰਟੀ ਅਹੁਦੇਦਾਰਾਂ ਨੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਨੂੰ ਚਿੱਠੀ ਲਿਖ ਕੇ ਸਪੱਸ਼ਟ ਕਰ ਦਿੱਤਾ ਕਿ ਉਹ ਦਿੱਲੀ ਵਾਲਿਆਂ ਦੀ ਕੋਈ ਮਦਦ ਨਹੀਂ ਕਰਨਗੇ। ਇਨ੍ਹਾਂ ਆਗੂਆਂ ਨੇ ਦੋ ਹੋਰ ਚਿੱਠੀਆਂ ਲਿਖੀਆਂ ਹਨ, ਜਿਨ੍ਹਾਂ ਵਿਚੋਂ ਇਕ ਚਿੱਠੀ ਸੁਖਪਾਲ ਸਿੰਘ ਖਹਿਰਾ ਨੂੰ ਅਤੇ ਦੂਜੀ ‘ਆਪ’ ਦੇ ਵਿਧਾਇਕਾਂ ਨੂੰ ਲਿਖੀ ਗਈ ਹੈ। ਇਨ੍ਹਾਂ ਅਹੁਦੇਦਾਰਾਂ ਨੇ ਆਸਟ੍ਰੇਲੀਆ ਵਿਚ ‘ਆਪ’ ਦੇ ਕਨਵੀਨਰ ਜਗਦੀਪ ਸਿੰਘ ਸਮੇਤ ਉੱਥੋਂ ਦੇ ਸ਼ਹਿਰਾਂ ਦੇ ਵੱਖ-ਵੱਖ ਅਹੁਦੇਦਾਰਾਂ ਨੇ ਸਾਂਝੇ ਤੌਰ ‘ਤੇ ਲਿਖੀ ਚਿੱਠੀ ਵਿਚ ਮਨੀਸ਼ ਸਿਸੋਦੀਆ ਨੂੰ ਸਵਾਲ ਕੀਤੇ ਹਨ ਕਿ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਜਿਸ ਢੰਗ ਨਾਲ ਅਹੁਦੇ ਤੋਂ ਲਾਹਿਆ ਗਿਆ ਹੈ ਉਹ ਪੂਰੀ ਤਰ੍ਹਾਂ ਗੈਰ ਲੋਕਤੰਤਰੀ ਤੇ ਅਸਹਿਣਯੋਗ ਹੈ। ਆਮ ਆਦਮੀ ਪਾਰਟੀ, ਜਿਹੜੀ ਸਵਰਾਜ ਦਾ ਨਾਅਰਾ ਲਗਾਉਂਦੀ ਸੀ, ਉਸ ਨੇ ਇਕਦਮ ਜਾਤੀ ਆਧਾਰਤ ਰਾਜਨੀਤੀ ਖੇਡਣੀ ਕਿਉਂ ਸ਼ੁਰੂ ਕਰ ਦਿੱਤੀ ਹੈ? ਉਨ੍ਹਾਂ ਸਵਾਲ ਕੀਤਾ ਕਿ ਜੇ ਆਮ ਆਦਮੀ ਪਾਰਟੀ ਦਲਿਤਾਂ ਨੂੰ ਉੱਚਾ ਚੁੱਕਣਾ ਚਾਹੁੰਦੀ ਸੀ ਤਾਂ ਫਿਰ ਦਿੱਲੀ ਤੋਂ ਰਾਜ ਸਭਾ ਲਈ ਕਿਸੇ ਦਲਿਤ ਆਗੂ ਨੂੰ ਉਮੀਦਵਾਰ ਕਿਉਂ ਨਹੀਂ ਬਣਾਇਆ ਗਿਆ? ਉਹ ਦਿੱਲੀ ਵਿਚ ਪਾਰਟੀ ਉਪ ਮੁੱਖ ਮੰਤਰੀ ਦਾ ਅਹੁਦਾ ਵੀ ਦਲਿਤ ਆਗੂ ਨੂੰ ਦੇ ਸਕਦੀ ਸੀ।
ਇਨ੍ਹਾਂ ਅਹੁਦੇਦਾਰਾਂ ਨੇ ਆਮ ਆਦਮੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਵੱਲੋਂ ਲਏ ਗਏ ਫੈਸਲਿਆਂ ਦੀ ਸਖਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਲੀਡਰਸ਼ਿਪ ਵਿਦੇਸ਼ਾਂ ਵਿਚ ਬੈਠੇ ਪ੍ਰਵਾਸੀ ਪੰਜਾਬੀਆਂ ਦਾ ਭਰੋਸਾ ਗੁਆ ਚੁੱਕੀ ਹੈ। ਪੱਤਰ ਲਿਖਣ ਵਾਲਿਆਂ ਵਿਚ ਬਲਰਾਮ ਸਿੰਘ, ਭਵਜੀਤ ਸਿੰਘ, ਪਰਮਿੰਦਰ ਸਿੰਘ, ਸੁਖਚੈਨ ਸਿੰਘ ਸਰਨ, ਯਾਦਵਿੰਦਰ ਸਿੰਘ, ਨਰਿੰਦਰ ਸਿੰਘ ਬਾਠ, ਅਮਰਜੀਤ ਬਰਾੜ, ਆਲਮਜੀਤ ਬੋਪਾਰਾਏ, ਰਛਪਾਲ ਸਿੰਘ, ਗੁਰਕੀਰਤ ਸਿੱਧੂ, ਕੁਲਵੀਰ ਨੀਲੋਂ, ਸੁਖਜੀਤ ਸਿੰਘ ਸਿੱਧੂ ਆਦਿ ਸ਼ਾਮਲ ਹਨ।

About Jatin Kamboj