AUSTRALIAN NEWS FEATURED NEWS News

ਆਸਟ੍ਰੇਲੀਆ ‘ਚ ਫਿਰ ਰਚਿਆ ਗਿਆ ਇਤਿਹਾਸ

ਮੈਲਬੌਰਨ : ਜਗਤ ਗੁਰੂ ਬਾਬਾ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਆਸਟ੍ਰੇਲੀਆ ਵਿਚ ਇਕ ਤੋਂ ਬਾਅਦ ਇਕ ਇਤਿਹਾਸ ਸਿਰਜਿਆ ਜਾ ਰਿਹਾ ਹੈ, ਜਿੱਥੇ ਪਹਿਲਾਂ ਕੈਨਬਰਾ ਦੀ ਸੰਘੀ ਪਾਰਲੀਮੈਂਟ ਅਤੇ ਵਿਕਟੋਰੀਆ ਦੀ ਪਾਰਲੀਮੈਂਟ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲੀ ਵਾਰ ਪ੍ਰਕਾਸ਼ ਕਰਕੇ ਇਤਿਹਾਸ ਸਿਰਜਿਆ ਗਿਆ ਸੀ, ਉਥੇ ਹੀ ਹੁਣ ਵਿਕਟੋਰੀਆ ਸੂਬੇ ਦੇ ਇਲਾਕੇ ਬੈਨਡੀਗੋ ਦੇ ਪੀਸ ਪਾਰਕ ਵਿਚ ਏਕ ਓਂਕਾਰ ਦਾ ਚਿੰਨ੍ਹ ਸੁਸ਼ੋਭਿਤ ਕੀਤਾ ਗਿਆ। ਇਹ ਪਹਿਲੀ ਵਾਰ ਹੈ ਜਦੋਂ ਆਸਟ੍ਰੇਲੀਆ ਦੇ ਕਿਸੇ ਪਾਰਕ ਵਿਚ ਇਸ ਤਰ੍ਹਾਂ ਏਕ ਓਂਕਾਰ ਦਾ ਚਿੰਨ੍ਹ ਸਥਾਪਿਤ ਕੀਤਾ ਗਿਆ ਹੋਵੇ, ਪੰਜ ਪਿਆਰਿਆਂ ਦੀ ਅਗਵਾਈ ਵਿਚ ਅਰਦਾਸ ਤੋਂ ਬਾਅਦ ਤੋਂ ਪਾਰਕ ਵਿਚ ਏਕ ਓਂਕਾਰ ਦੇ ਸਥਾਪਿਤ ਕੀਤੇ ਗਏ ਚਿੰਨ੍ਹ ਤੋਂ ਪਰਦਾ ਚੁੱਕਿਆ ਗਿਆ। ਪਾਰਕ ਵਿਚ ਏਕ ਓਂਕਾਰ ਦਾ ਚਿੰਨ੍ਹ ਸਥਾਪਿਤ ਕੀਤੇ ਜਾਣ ਮੌਕੇ ਵੱਡੀ ਗਿਣਤੀ ਵਿਚ ਗੁਰੂ ਨਾਨਕ ਨਾਮ ਲੇਵਾ ਸੰਗਤ ਹਾਜ਼ਰ ਸੀ। ਆਸਟ੍ਰੇਲੀਆ ਵਿਚ ਵਸਦੇ ਸਮੁੱਚੇ ਸਿੱਖ ਭਾਈਚਾਰੇ ਵਿਚ ਇਸ ਨੂੰ ਲੈ ਕੇ ਭਾਰੀ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ, ਕਿਉਂਕਿ ਪਹਿਲੀ ਵਾਰ ਇਸ ਤਰ੍ਹਾਂ ਕਿਸੇ ਜਨਤਕ ਅਸਥਾਨ ‘ਤੇ ਸਿੱਖ ਧਰਮ ਨਾਲ ਸਬੰਧਤ ਧਾਰਮਿਕ ਚਿੰਨ੍ਹ ਨੂੰ ਸੁਸ਼ੋਭਿਤ ਕੀਤਾ ਗਿਆ ਹੈ।ਇਸ ਮੌਕੇ ਬੈਨਡੀਗੋ ਦੀ ਸਥਾਨਕ ਸੰਗਤ ਵੱਲੋਂ ਗੁਰੂ ਦਾ ਲੰਗਰ ਵੀ ਅਤੁੱਟ ਵਰਤਾਇਆ ਗਿਆ। ਦੱਸ ਦਈਏ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਪਿਛਲੇ ਕਈ ਮਹੀਨੇ ਤੋਂ ਆਸਟ੍ਰੇਲੀਆ ਭਰ ਵਿਚ ਵੱਖ-ਵੱਖ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ।