AUSTRALIAN NEWS

ਆਸਟ੍ਰੇਲੀਆ ਸਰਕਾਰ ਦਿੱਲੀ ‘ਚ ਝੁੱਗੀਆਂ ‘ਚ ਕੰਮ ਕਰਨ ਵਾਲੇ ਐੱਨ. ਜੀ. ਓ. ਤੋਂ ਪ੍ਰੇਰਿਤ

ਮੈਲਬੋਰਨ, 22 ਅਪ੍ਰੈਲ – ਦੂਰ-ਦੁਰਾਡੇ ਇਲਾਕਿਆਂ ਵਿਚ ਰਹਿ ਰਹੇ ਮੂਲ ਨਿਵਾਸੀ ਲੋਕਾਂ ਦੇ ਜੀਵਨ ਪੱਧਰ ਵਿਚ ਸੁਧਾਰ ਲਈ ਆਸਟ੍ਰੇਲੀਆ ਦੀ ਸਰਕਾਰ ਨੇ ਇਕ ਭਾਰਤੀ ਗੈਰ -ਸਰਕਾਰੀ ਸੰਗਠਨ ਦੇ ਕੰਮਕਾਜ ਦੇ ਮਾਡਲ ਵਿਚ ਦਿਲਚਸਪੀ ਜ਼ਾਹਰ ਕੀਤੀ ਹੈ, ਜੋ ਨਵੀਂ ਦਿੱਲੀ ਵਿਚ ਝੁੱਗੀ-ਬਸਤੀਆਂ ਲਈ ਕੰਮ ਕਰਦਾ ਹੈ। ਨਵੀਂ ਦਿੱਲੀ ਸਥਿਤ ਗੈਰ-ਸਰਕਾਰੀ ਸੰਗਠਨ ‘ਆਸ਼ਾ ਫਾਊਂਡੇਸ਼ਨ’ ਦੀ ਬਾਨੀ ਕਿਰਨ ਮਾਰਟੇਨ ਪਿਛਲੇ ਹਫਤੇ ਆਪਣੇ ਸੰਗਠਨ ਦੇ ਕੰਮਕਾਜ ਦੇ ਸਿਲਸਿਲੇ ਵਿਚ ਇਥੇ ਆਈ ਹੋਈ ਸੀ। ਮੈਲਬੋਰਨ ਵਿਚ ਉਨ੍ਹਾਂ ਨੇ ਗਵਰਨਰ ਜਨਰਲ ਪੀਟਰ ਕਾਰਗਰੋਵ ਪ੍ਰਧਾਨ ਮੰਤਰੀ ਦੇ ਸੰਸਦੀ ਸਕੱਤਰ ਅਤੇ ਮੂਲ ਨਿਵਾਸੀ ਮਾਮਲਿਆਂ ਦੇ ਮੰਤਰੀ ਏਲੇਨ ਤੁਗੇ, ਸੰਸਦ ਮੈਂਬਰਾਂ, ਸੀਨੀਅਰ ਅਧਿਕਾਰੀਆਂ ਅਤੇ ਕਾਰਪੋਰੇਟ ਪ੍ਰਾਯੋਜਕਾਂ ਨਾਲ ਮੁਲਾਕਾਤ ਕੀਤੀ। ਮਾਰਟਿਨ ਨੇ ਕਿਹਾ ਕਿ ਉਨ੍ਹਾਂ ਨੇ ਭਾਰਤ ਦੀ ਰਾਜਧਾਨੀ ਵਿਚ ਸਾਲ 1988 ਤੋਂ ਝੁੱਗੀਆਂ ਵਿਚ ਸਿੱਖਿਆ, ਵਿੱਤੀ ਸੁਰੱਖਿਆ ਅਤੇ ਸਿਹਤ ਸੰਬੰਧੀ ਦੇਖ-ਰੇਖ ਵਿਚ ਸੁਧਾਰ ਲਈ ਕੰਮ ਕਰ ਰਹੇ ਆਪਣੇ ਗੈਰ-ਸਰਕਾਰੀ ਸੰਗਠਨ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਕਿਹਾ ਕਿ ਕੁਝ ਮਹੱਤਵਪੂਰਨ ਸਬਕ ਤਾਂ ਹਨ ਜਿਨ੍ਹਾਂ ਨੂੰ ਸਾਂਝਾ ਕੀਤਾ ਜਾ ਸਕਦਾ ਹੈ। ਉਹ ਇਹ ਦੇਖਣਾ ਚਾਹੁੰਦੇ ਹਨ ਕਿ ਆਸ਼ਾ ਫਾਊਂਡੇਸ਼ਨ ਝੁੱਗੀ-ਬਸਤੀਆਂ ਵਿਚ ਰਹਿਣ ਵਾਲੇ ਲੋਕਾਂ ਦੇ ਜੀਵਨ ਪੱਧਰ ਵਿਚ ਸੁਧਾਰ ਲਈ ਕਿਵੇਂ ਕੰਮ ਕਰਦਾ ਹੈ।