ENTERTAINMENT Punjabi Movies

ਇਸ ਵਾਰ ‘ਵਿਸਾਖੀ’ ‘ਤੇ ਫਿਰ ਇਕੱਠੇ ਹੋਣਗੇ ‘ਮੰਜੇ ਬਿਸਤਰੇ’

ਮੁੰਬਈ – ਪਾਲੀਵੁੱਡ ਸੁਪਰਸਟਾਰ ਗਿੱਪੀ ਗਰੇਵਾਲ ਦੀ ਬੀਤੇ ਸ਼ੁੱਕਰਵਾਰ ਰਿਲੀਜ਼ ਹੋਈ ਫਿਲਮ ‘ਮਰ ਗਏ ਓਏ ਲੋਕੋ’ ਆਪਣੀ ਸ਼ਾਨਦਾਰ ਕਮਾਈ ਨੂੰ ਲੈ ਕੇ ਬਾਕਸ ਆਫਿਸ ‘ਤੇ ਛਾਈ ਹੋਈ ਹੈ। ਇਸ ਫਿਲਮ ਕਾਰਨ ਗਿੱਪੀ ਗਰੇਵਾਲ ਵੀ ਬੀਤੇ ਕੁਝ ਦਿਨਾਂ ਤੋਂ ਸੁਰਖੀਆਂ ‘ਚ ਬਣੇ ਹੋਏ ਹਨ। ਹੁਣ ਹਾਲ ਹੀ ‘ਚ ਉਨ੍ਹਾਂ ਨੇ ਇਕ ਆਫੀਸ਼ੀਅਲ ਅਨਾਊਂਸਮੈਂਟ ਕੀਤੀ ਹੈ। ਉਨ੍ਹਾਂ ਨੇ ਸੋਸ਼ਲ ਅਕਾਊਂਟ ‘ਤੇ ਆਪਣੀ ਅਗਲੀ ਫਿਲਮ ‘ਮੰਜੇ ਬਿਸਤਰੇ 2’ ਦਾ ਇਕ ਪੋਸਟਰ ਸ਼ੇਅਰ ਕੀਤਾ ਹੈ, ਜੋ 12 ਅਪ੍ਰੈਲ 2019 ਵਰਲਡਵਾਈਡ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਪੋਸਟਰ ਸਾਂਝਾ ਕਰਦਿਆਂ ਗਿੱਪੀ ਨੇ ਇਸ ਦੇ ਕੈਪਸ਼ਨ ‘ਚ ਲਿਖਿਆ, ”ਆਉਂਦੀ ਵਿਸਾਖੀ ਨੂੰ ਫਿਰ ਕੱਠੇ ਕਰਾਗੇਂ ‘ਮੰਜੇ ਬਿਸਤਰੇ… ਪਰ ਕੈਨੇਡਾ ‘ਚ।” ਜ਼ਿਕਰਯੋਗ ਹੈ ਕਿ ‘ਮਰ ਗਏ ਓਏ ਲੋਕੋ’ ਵਾਂਗ ‘ਮੰਜੇ ਬਿਸਤਰੇ 2’ ਵੀ ਗਿੱਪੀ ਗਰੇਵਾਲ ਨੇ ਖੁਦ ਲਿਖੀ ਹੈ। ‘ਹੰਬਲ ਮੋਸ਼ਨ ਪਿਕਚਰਜ਼’ ਵਲੋਂ ਪ੍ਰੋਡਿਊਸ ਕੀਤੀ ਜਾ ਰਹੀ ਇਸ ਫਿਲਮ ਦੇ ਨਿਰਦੇਸ਼ਕ ਬਲਜੀਤ ਸਿੰਘ ਦਿਓ ਹਨ। ‘ਹੰਬਲ ਮੋਸ਼ਨ ਪਿਕਚਰਜ਼’ ਇਸ ਤੋਂ ਪਹਿਲਾਂ ਵੀ ‘ਮਰ ਗਏ ਓਏ ਲੋਕੋ’, ‘ਮੰਜੇ ਬਿਸਤਰੇ’ ਤੇ ‘ਅਰਦਾਸ’ ਵਰਗੀਆਂ ਸੁਪਰਹਿੱਟ ਫਿਲਮਾਂ ਪ੍ਰੋਡਿਊਸ ਕਰ ਚੁੱਕੀ ਹੈ, ਜੋ ਪੰਜਾਬੀ ਫਿਲਮ ਜਗਤ ਦੇ ਇਤਿਹਾਸ ‘ਚ ਮਿਸਾਲ ਕਾਇਮ ਕਰ ਚੁੱਕੀਆਂ ਹਨ।