FEATURED NEWS News PUNJAB NEWS

‘ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ’ ਦਾ ਨਾਮ ਗੁਰੂ ਨਾਨਕ ਦੇਵ ਜੀ ਦੇ ਨਾਂ ‘ਤੇ ਰੱਖਣ ਦੀ ਮੰਗ

ਐੱਸ. ਏ. ਐੱਸ. ਨਗਰ : ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ 550ਵੇਂ ਸਾਲ ਪ੍ਰਕਾਸ਼ ਪੁਰਬ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ‘ਇੰਦਰਾ ਗਾਂਧੀ ਅੰਤਰਾਸ਼ਟਰੀ ਹਵਾਈ ਅੱਡੇ’ ਦਾ ਨਾਮ ‘ਸ੍ਰੀ ਗੁਰੂ ਨਾਨਕ ਦੇਵ ਜੀ ਅੰਤਰਾਸ਼ਟਰੀ ਹਵਾਈ ਅੱਡਾ’ ਰੱਖਣ ਦੀ ਮੰਗ ਉਠਾਈ ਹੈ।ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਜਿੱਥੇ ਕੇਂਦਰ ਸਰਕਾਰ ਵਲੋਂ ਪਹਿਲਾਂ ਹੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਮਨਾ ਕੇ ਸ਼ਲਾਘਾਯੋਗ ਉਪਾਰਲੇ ਕਰ ਰਹੀ ਹੈ ਜੇਕਰ ਅਜਿਹੇ ਸਮੇਂ ਭਾਰਤ ਦੇ ਪ੍ਰਧਾਨ ਮੰਤਰੀ ਇਸ ਹਵਾਈ ਅੱਡੇ ਦਾ ਨਾਮ ਗੁਰੂ ਨਾਨਕ ਦੇਵ ਜੀ ਦੇ ਨਾਮ ਉੱਪਰ ਰੱਖਣ ਦਾ ਐਲਾਨ ਕਰਨਗੇ ਤਾਂ ਸਮੁੱਚੇ ਸੰਸਾਰ ਭਰ ਦੇ ਨਾਨਕ ਨਾਮਲੇਵਾ ਸੰਗਤਾਂ ਲਈ ਖੁਸ਼ੀ ਦੀ ਘੜੀ ਹੌਵੇਗੀ।ਪ੍ਰੋ. ਚੰਦੂਮਾਜਰਾ ਨੇ ਪੱਤਰ ‘ਚ ਪ੍ਰਧਾਨ ਮੰਤਰੀ ਮੋਦੀ ਨੂੰ ਕਿਹਾ ਕਿ ਤਕਰੀਬਨ ਪਿਛਲੇ 72 ਸਾਲਾਂ ਤੋਂ ਸਮੁੱਚੀ ਸਿੱਖ ਸੰਗਤ ਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ ਕਰਨ ਲਈ ਅਰਦਾਸ ਕੀਤੀ ਜਾਂਦੀ ਆ ਰਹੀ ਸੀ, ਪ੍ਰੰਤੂ ਵੱਡਭਾਗੇ ਤੌਰ ‘ਤੇ ਗੁਰੂ ਸਾਹਿਬ ਦੀ ਅਥਾਹ ਕ੍ਰਿਪਾ ਸਦਕਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਉਨ੍ਹਾਂ ਦੀ ਮੌਜੂਦਾ ਅਗਵਾਈ ਵਾਲੀ ਸਰਕਾਰ ਦੌਰਾਨ ਖੁੱਲ੍ਹਣ ਦਾ ਨਸੀਬ ਪ੍ਰਾਪਤ ਹੋਇਆ, ਅਜਿਹੇ ਸਮੇਂ ਜੇਕਰ ਉਨ੍ਹਾਂ ਦੁਆਰਾ ਏਅਰਪੋਰਟ ਦਾ ਨਾਮ ਗੁਰੂ ਸਾਹਿਬ ਦੇ ਨਾਮ ‘ਤੇ ਰੱਖ ਦਿੱਤਾ ਜਾਵੇ ਤਾਂ ਭਾਰਤ ਸਰਕਾਰ ਦਾ ਅਹਿਮ ਕਦਮ ਮੰਨਿਆ ਜਾਵੇਗਾ।ਇਸ ਸਮੇਂ ਚੰਦੂਮਾਜਰਾ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਉਨ੍ਹਾਂ ਵੱਲੋਂ ਕੇਂਦਰੀ ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਦੇਸ਼ ਅਤੇ ਪੰਜਾਬ ਅੰਦਰ ਰੋਡਾਂ ਉੱਪਰ ਲੱਗੇ ਟੋਲ-ਪਲਾਜ਼ਾ ਨੂੰ ਵਹਾਨਾਂ ਉੱਪਰ ਲਾਏ ਜਾਣ ਵਾਲੀ ਫ਼ੀਸ ਤੋਂ ਲਗਭਗ ਇੱਕ ਹਫ਼ਤਾ ਭਾਵ 5 ਤੋਂ 13 ਨਵੰਬਰ ਤੱਕ ਮੁਕਤ ਕਰਨ ਦੀ ਮੰਗ ਕੀਤੀ ਗਈ। ਪ੍ਰੋ. ਚੰਦੂਮਾਜਰਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼-ਪੁਰਬ ਮੌਕੇ ਸੁਲਤਾਨਪੁਰ ਲੋਧੀ ਵਿਖੇ ਰੱਖੇ ਗਏ ਸਮਾਗਮਾਂ ਲਈ ਦੇਸ਼-ਵਿਦੇਸ਼ਾਂ ਦੀ ਧਰਤੀ ਤੋਂ ਵੱਡੀ ਗਿਣਤੀ ਵਿੱਚ ਪਹੁੰਚ ਰਹੀਆਂ ਸੰਗਤਾਂ ਨੂੰ ਰਸਤਿਆਂ ‘ਚ ਲੱਗੇ ਟੋਲ-ਪਲਾਜ਼ਿਆਂ ਤੋਂ ਨਿਜ਼ਾਤ ਦਿਵਾਉਣ ਲਈ ਕੇਂਦਰ ਅਤੇ ਪੰਜਾਬ ਸਰਕਾਰ ਤੋਂ ‘ਨੈਸ਼ਨਲ ਹਾਈਵੇ ਅਥਾਰਟੀ’ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰਨ ਦੀ ਮੰਗ ਕੀਤੀ।