COMMUNITY PUNJAB NEWS

ਉੜੀਸਾ ‘ਚ ਇਤਿਹਾਸਕ ਮੱਠ ਨੂੰ ਢਾਹੁਣ ਦੀ ਹਵਾਰਾ ਕਮੇਟੀ ਵਲੋਂ ਸਖ਼ਤ ਪ੍ਰਤੀਕਰਮ

ਅੰਮ੍ਰਿਤਸਰ : ਬ੍ਰਾਹਮਣਵਾਦੀ ਸੋਚ ‘ਤੇ ਚਲਦਿਆਂ ਮੋਦੀ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਇਤਿਹਾਸਕ ਯਾਦ ਨਾਲ ਸਬੰਧਤ ਉੜੀਸਾ ਵਿਖੇ ਮੱਠ ਨੂੰ ਢਾਹੁਣ ਵਿਰੁਧ ਭਾਈ ਜਗਤਾਰ ਸਿੰਘ ਹਵਾਰਾ ਦੀ ਕਮੇਟੀ ਵਲੋਂ ਸਖ਼ਤ ਪ੍ਰਤੀਕਰਮ ਕੀਤਾ ਗਿਆ ਹੈ। ਕਮੇਟੀ ਆਗੂਆ ਐਡਵੋਕੇਟ ਅਮਰ ਸਿੰਘ ਚਾਹਲ, ਮੁੱਖ ਬੁਲਾਰੇ ਪ੍ਰੋਫ਼ੈਸਰ ਬਲਜਿੰਦਰ ਸਿੰਘ, ਮਾਸਟਰ ਸੰਤੋਖ ਸਿੰਘ, ਭਾਈ ਨਰੈਣ ਸਿੰਘ ਚੌੜਾ, ਬਾਪੂ ਗੁਰਚਰਨ ਸਿੰਘ, ਪ੍ਰਿੰਸੀਪਲ ਚਰਨਜੀਤ ਸਿੰਘ ਅਤੇ ਭਾਈ ਮਹਾਂਬੀਰ ਸਿੰਘ ਸੁਲਤਾਨਵਿੰਡ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਇਕ ਪਾਸੇ ਤਾਂ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਦਿਵਸ ਨੂੰ ਉਤਸ਼ਾਹ ਨਾਲ ਮਨਾਉਣ ਦੀਆਂ ਡੀਂਗਾਂ ਮਾਰ ਰਹੀ ਹੈ ਅਤੇ ਦੂਜੇ ਪਾਸੇ ਗੁਰੂ ਨਾਨਕ ਪਾਤਸ਼ਾਹ ਦੀ ਯਾਦ ਨਾਲ ਸਬੰਧਤ ਧਾਰਮਕ ਸਥਾਨਾਂ ਅਤੇ ਗੁਰਦਵਾਰਿਆਂ ਨੂੰ ਸਿੱਖ ਇਤਿਹਾਸ ਦੇ ਪੰਨਿਆਂ ਤੋਂ ਖ਼ਤਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬ੍ਰਾਹਮਣਵਾਦੀ ਸੋਚ ਦਾ ਕਿਰਦਾਰ, ਸਦਾਚਾਰ ਅਤੇ ਵਿਵਹਾਰ ਸ਼ੁਰੂ ਤੋਂ ਹੀ ਦੋਗਲਾ ਰਿਹਾ ਹੈ। ਜਥੇਦਾਰ ਹਵਾਰਾ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਮਗਰਮੱਛ ਦੇ ਅੱਥਰੂ ਵਹਾਉਣ ਵਾਲੇ ਬਾਦਲ ਪਰਵਾਰ ਦੀ ਸ਼ਹਿ ‘ਤੇ ਅੱਜ ਅਸੀਂ ਅਪਣੇ ਇਤਿਹਾਸਕ ਗੁਰਧਾਮਾਂ ਨੂੰ ਹੌਲੀ ਹੌਲੀ ਗੁਆ ਰਹੇ ਹਾਂ। ਕੇਂਦਰ ਵਿਚ ਮੰਤਰੀ ਪਦ ਦਾ ਅਹੁਦਾ ਲੈ ਕੇ ਅਕਾਲੀ ਦਲ ਬਾਦਲ ਨੇ ਅਪਣੀ ਅਣਖ਼, ਗ਼ੈਰਤ ਸਦੀਵੀ ਤੌਰ ‘ਤੇ ਭਾਜਪਾ ਅਤੇ ਸੰਘ ਪਰਵਾਰ ਦੇ ਗਹਿਣੇ ਪਾ ਦਿਤੀ ਹੈ।