Home » COMMUNITY » ਏਕ ਓਂਕਾਰ ਤੇ ਖੰਡੇ ਵਾਲੀਆਂ ਰੱਖੜੀਆਂ ਨੂੰ ਲੈ ਕੇ ਸਿੱਖਾਂ ‘ਚ ਰੋਸ
saa

ਏਕ ਓਂਕਾਰ ਤੇ ਖੰਡੇ ਵਾਲੀਆਂ ਰੱਖੜੀਆਂ ਨੂੰ ਲੈ ਕੇ ਸਿੱਖਾਂ ‘ਚ ਰੋਸ

ਚੰਡੀਗੜ੍ਹ : ਇਸ ਸਮੇਂ ਰੱਖੜੀ ਦੇ ਤਿਓਹਾਰ ਨੂੰ ਲੈ ਕੇ ਬਾਜ਼ਾਰ ਵਿਚ ਕਾਫ਼ੀ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਬਜ਼ਾਰਾਂ ਵਿਚ ਰੱਖੜੀ ਖ਼ਰੀਦਣ ਵਾਲਿਆਂ ਦੀ ਭੀੜ ਅਕਸਰ ਹੀ ਦੇਖੀ ਜਾ ਸਕਦੀ ਹੈ, ਜੋ ਤਰ੍ਹਾਂ-ਤਰ੍ਹਾਂ ਦੇ ਡਿਜ਼ਾਇਨਾਂ ਵਾਲੀਆਂ ਰੱਖੜੀਆਂ ਖ਼ਰੀਦ ਰਹੇ ਹਨ ਪਰ ਬਾਜ਼ਾਰ ਵਿਚ ਕੁੱਝ ਸਿੱਖ ਧਰਮ ਦੇ ਚਿੰਨ੍ਹਾਂ ਵਾਲੀਆਂ ਰੱਖੜੀਆਂ ਵੀ ਦੇਖਣ ਨੂੰ ਮਿਲ ਰਹੀਆਂ ਹਨ। ਜਿਸ ਨੂੰ ਲੈ ਕੇ ਕੁੱਝ ਸਿੱਖ ਜਥੇਬੰਦੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ ਇਕ ਤਾਂ ਇਹ ਧਾਰਮਿਕ ਚਿੰਨ੍ਹਾਂ ਦੀ ਬੇਅਦਬੀ ਹੈ। ਦੂਜਾ ਸਿੱਖ ਧਰਮ ਵਿਚ ਰੱਖੜੀ ਦਾ ਤਿਓਹਾਰ ਮਨਾਉਣ ਦੀ ਕੋਈ ਰਵਾਇਤ ਨਹੀਂ ਹੈ। ਉਂਝ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਬਜ਼ਾਰ ਵਿਚ ਸਿੱਖਾਂ ਦੇ ਧਾਰਮਿਕ ਚਿੰਨ੍ਹ ਏਕ ਓਂਕਾਰ ਅਤੇ ਖੰਡੇ ਵਾਲੀਆਂ ਰੱਖੜੀਆਂ ਵਿਚ ਬਜ਼ਾਰ ਵਿਚ ਆਈਆਂ ਹੋਣ। ਇਸ ਤੋਂ ਪਹਿਲਾਂ ਵੀ ਅਕਸਰ ਇਸ ਤਰ੍ਹਾਂ ਦੀਆਂ ਰੱਖੜੀਆਂ ਬਾਜ਼ਾਰ ਵਿਚ ਦੇਖਣ ਨੂੰ ਮਿਲਦੀਆਂ ਹਨ। ਹੋਰ ਤਾਂ ਹੋਰ ਕੁੱਝ ਆਨਲਾਈਨ ਕੰਪਨੀਆਂ ਵੱਲੋਂ ਵੀ ਸਿੱਖ ਧਾਰਮਿਕ ਚਿੰਨ੍ਹਾਂ ਵਾਲੀਆਂ ਰੱਖੜੀਆਂ ਵੇਚੇ ਜਾਣ ਦੀ ਖ਼ਬਰ ਮਿਲੀ ਹੈ। ਹੱਥ ਵਿਚ ਪਾਏ ਜਾਣ ਵਾਲੇ ਬੈਂਡ ਵਰਗੀਆਂ ਇਨ੍ਹਾਂ ਰੱਖੜੀਆਂ ‘ਤੇ ਤੁਹਾਨੂੰ ਹਰ ਧਰਮ ਦੇ ਚਿੰਨ੍ਹ ਬਣਾਏ ਹੋਏ ਮਿਲ ਜਾਣਗੇ। ਸੋ ਕੁੱਝ ਸਿੱਖ ਆਗੂਆਂ ਦਾ ਕਹਿਣਾ ਹੈ ਕਿ ਸਿੱਖਾਂ ਨੂੰ ਬਜ਼ਾਰ ਵਿਚ ਆ ਰਹੀਆਂ ਸਿੱਖ ਧਰਮ ਦੇ ਚਿੰਨ੍ਹਾਂ ਵਾਲੀਆਂ ਰੱਖੜੀਆਂ ਦਾ ਵਿਰੋਧ ਕਰਨਾ ਚਾਹੀਦਾ ਹੈ ਅਤੇ ਸ਼੍ਰੋਮਣੀ ਕਮੇਟੀ ਨੂੰ ਵੀ ਇਸ ਦਾ ਸਖ਼ਤ ਨੋਟਿਸ ਲੈਣਾ ਚਾਹੀਦਾ ਹੈ।

About Jatin Kamboj