Home » COMMUNITY » ਕਰਤਾਰਪੁਰ ਲਾਂਘਾ : ਗੁਰਦੁਆਰਾ ਸਾਹਿਬ ਦੇ ਦਰਸ਼ਨ ਲਈ ਰਖੀ ਗਈ 500 ਰੁਪਏ ਫ਼ੀਸ
Kr

ਕਰਤਾਰਪੁਰ ਲਾਂਘਾ : ਗੁਰਦੁਆਰਾ ਸਾਹਿਬ ਦੇ ਦਰਸ਼ਨ ਲਈ ਰਖੀ ਗਈ 500 ਰੁਪਏ ਫ਼ੀਸ

ਅੰਮ੍ਰਿਤਸਰ (ਸਸਸ) : ਪਾਕਿਸਤਾਨ ਦੀ ਫੈਡਰਲ ਇੰਨਵੈਸਟੀਗੇਸ਼ਨ ਏਜੰਸੀ ਵਲੋਂ ਲਾਂਘੇ ਤੋਂ ਕਰਤਾਰਪੁਰ ਸਾਹਿਬ ਜਾਣ ਵਾਲੇ ਭਾਰਤੀ ਸ਼ਰਧਾਲੂਆਂ ਦੇ ਆਉਣ-ਜਾਣ ਲਈ ਪਲਾਨ ਤਿਆਰ ਕਰ ਲਿਆ ਗਿਆ ਹੈ। ਇਸ ਦੇ ਮੁਤਾਬਕ ਭਾਰਤ ਵਲੋਂ ਰੋਜ਼ਾਨਾਂ 500 ਸ਼ਰਧਾਲੂ ਸ਼੍ਰੀ ਕਰਤਾਰਪੁਰ ਸਾਹਿਬ ਜਾ ਸਕਣਗੇ। ਇਨ੍ਹਾਂ ਨੂੰ ਪਾਸਪੋਰਟ ਜਾਂ ਵੀਜ਼ੇ ਦੀ ਜ਼ਰੂਰਤ ਨਹੀਂ ਹੋਵੇਗੀ। ਲਾਂਘਾ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਖੁੱਲ੍ਹਾ ਰਹੇਗਾ। ਸ਼ਰਧਾਲੂਆਂ ਨੂੰ ਉਸੇ ਦਿਨ ਸ਼ਾਮ 6 ਵਜੇ ਤੱਕ ਵਾਪਸੀ ਕਰਨੀ ਹੋਵੇਗੀ। ਫਿਲਹਾਲ ਇਸ ਪ੍ਰਸਤਾਵ ਨੂੰ ਆਖ਼ਰੀ ਮਨਜ਼ੂਰੀ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਭੇਜ ਦਿਤਾ ਗਿਆ ਹੈ। ਭਾਰਤ ਅਤੇ ਪਾਕਿਸਤਾਨ ਨੇ ਨਵੰਬਰ ਦੇ ਆਖ਼ਰੀ ਹਫਤੇ ਵਿਚ ਅਪਣੇ-ਅਪਣੇ ਬਾਰਡਰ ‘ਤੇ ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਥਰ ਰੱਖਿਆ ਸੀ। ਪਾਕਿਸਤਾਨ ਦਾ ਕਹਿਣਾ ਹੈ ਕਿ ਇਸ ਨੂੰ ਜੂਨ 2019 ਤੱਕ ਬਣਾ ਕੇ ਪੂਰੀ ਤਰ੍ਹਾਂ ਤਿਆਰ ਕਰ ਲਿਆ ਜਾਵੇਗਾ।
ਪਾਕਿਸਤਾਨ ਸਪੱਸ਼ਟ ਕਰ ਚੁੱਕਿਆ ਹੈ ਕਿ ਸ਼ਰਧਾਲੂ ਬਿਨਾਂ ਪਾਸਪੋਰਟ ਅਤੇ ਵੀਜ਼ੇ ਤੋਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਣਗੇ। ਉਥੇ ਜਾਣ ਲਈ ਉਨ੍ਹਾਂ ਨੂੰ ਸਿਰਫ਼ ਟਿਕਟ ਲੈਣੀ ਹੋਵੇਗੀ। ਹੁਣ ਦੱਸਿਆ ਗਿਆ ਹੈ ਕਿ ਇਸ ਟਿਕਟ ਲਈ ਹਰ ਸ਼ਰਧਾਲੂ ਨੂੰ 500 ਰੁਪਏ ਭੁਗਤਾਨ ਕਰਨੇ ਹੋਣਗੇ। ਅਜੇ ਇਹ ਸਪੱਸ਼ਟ ਨਹੀਂ ਕੀਤਾ ਗਿਆ ਹੈ ਕਿ ਇਹ ਫ਼ੀਸ ਪਾਕਿਸਤਾਨੀ ਕਰੰਸੀ ਵਿਚ ਚੁਕਾਈ ਜਾਵੇਗੀ ਜਾਂ ਭਾਰਤੀ ਵਿਚ। ਪਾਕਿਸਤਾਨ ਪਹਿਲਾਂ ਹੀ ਕਹਿ ਚੁੱਕਿਆ ਹੈ ਕਿ ਟਿਕਟ ਲੈ ਕੇ ਜਾਣ ਵਾਲੇ ਸ਼ਰਧਾਲੂ ਗੁਰਦੁਆਰਾ ਸਾਹਿਬ ਤੱਕ ਹੀ ਜਾ ਸਕਣਗੇ, ਜਦੋਂ ਕਿ ਵੀਜ਼ਾ ਲੈਣ ਵਾਲੇ ਸ਼ਹਿਰ ਵੀ ਘੁੰਮ ਸਕਣਗੇ। ਲਾਂਘਾ ਖੋਲ੍ਹਣ ਲਈ ਲਗਭੱਗ 32 ਸਾਲਾਂ ਤੋਂ ਅਰਦਾਸ ਕਰਨ ਵਾਲੇ ਬੀਐਸ ਗੋਰਾਇਆ ਦਾ ਕਹਿਣਾ ਹੈ ਕਿ 500 ਰੁਪਏ ਫ਼ੀਸ ਬਹੁਤ ਜ਼ਿਆਦਾ ਹੈ। ਇਸ ਨੂੰ 15 ਤੋਂ 20 ਰੁਪਏ ਕੀਤਾ ਜਾਣਾ ਚਾਹੀਦਾ ਹੈ। ਲਾਂਘੇ ਦੇ ਜ਼ਰੀਏ ਸਿਰਫ਼ 500 ਲੋਕਾਂ ਨੂੰ ਦਰਸ਼ਨ ਕਰਨ ਦੀ ਮਨਜ਼ੂਰੀ ਦੇਣਾ ਵੀ ਨਾਇੰਨਸਾਫ਼ੀ ਹੈ।

About Jatin Kamboj