Home » FEATURED NEWS » ਕਰਤਾਰਪੁਰ ਲਾਂਘਾ : ਭਾਰਤ ਵੱਲੋਂ ਤਕਨੀਕੀ ਕਮੇਟੀ ਦੀ ਬੈਠਕ ਦੀ ਪੇਸ਼ਕਸ਼
kart

ਕਰਤਾਰਪੁਰ ਲਾਂਘਾ : ਭਾਰਤ ਵੱਲੋਂ ਤਕਨੀਕੀ ਕਮੇਟੀ ਦੀ ਬੈਠਕ ਦੀ ਪੇਸ਼ਕਸ਼

ਚੰਡੀਗੜ੍ਹ : ਭਾਰਤ-ਪਾਕਿਸਤਾਨ ਸਰਹੱਦ ਦੇ ਐਨ ਨੇੜੇ ਸੁਸ਼ੋਭਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਬਣਾਏ ਜਾ ਰਹੇ ਲਾਂਘੇ ਦੀ ਬਣਤਰ ਸਬੰਧੀ ਭਾਰਤ ਨੇ ਪਾਕਿਸਤਾਨ ਨਾਲ ਤਕਨੀਕੀ ਕਮੇਟੀ ਦੀ ਬੈਠਕ ਦੀ ਪੇਸ਼ਕਸ਼ ਕੀਤੀ ਹੈ। ਪਹਿਲਾਂ ਇਹ ਬੈਠਕ ਅਗਸਤ ਮਹੀਨੇ ਦੇ ਪਹਿਲੇ ਹਫ਼ਤੇ ਹੋਣੀ ਸੀ। ਇਸ ਬੈਠਕ ‘ਚ ਭਾਰਤੀ ਅਧਿਕਾਰੀਆਂ ਵੱਲੋਂ ਲਾਂਘੇ ਲਈ ਅੰਤਮ ਵਿਵਸਥਾ ਬਣਾਉਣ ਅਤੇ ਅੰਤਰਮ ਸੰਪਰਕ ਮਾਰਗ ਦੀ ਰੂਪਰੇਖਾ ਨੂੰ ਅੰਤਮ ਰੂਪ ਦੇਣ ਲਈ ਪਾਕਿਸਤਾਨ ਨਾਲ ਗੱਲਬਾਤ ਕੀਤੀ ਜਾਣੀ ਹੈ। ਇਸ ਤੋਂ ਪਹਿਲਾਂ 14 ਜੁਲਾਈ ਨੂੰ ਦੋਹਾਂ ਦੇਸ਼ਾਂ ਦਰਮਿਆਨ ਦੂਜੇ ਗੇੜ ਦੀ ਪ੍ਰਸ਼ਾਸਨਿਕ ਪੱਧਰ ਦੀ ਮੀਟਿੰਗ ਹੋਈ ਸੀ, ਜਿਸ ਵਿਚ ਪਾਕਿਸਤਾਨ ਸਰਕਾਰ ਨੇ ਰਾਵੀ ਨਦੀ ‘ਤੇ ਪੁਲ ਬਣਾਉਣ ਦੀ ਸਿਧਾਂਤਕ ਸਹਿਮਤੀ ਦੇ ਦਿੱਤੀ ਸੀ ਤਾਂ ਜੋ ਪੂਰਾ ਸਾਲ ਸ਼ਰਧਾਲੂ ਨਦੀ ਵਿਚ ਪਾਣੀ ਆਉਣ ਦੀਆਂ ਰੁਕਾਵਟਾਂ ਤੋਂ ਦੂਰ ਪਾਕਿਸਤਾਨ ਵਿਚ ਦਰਸ਼ਨਾਂ ਲਈ ਆ-ਜਾ ਸਕਣ। ਪੁਲ ਬਣਾਉਣ ਦੇ ਪ੍ਰਸਤਾਵ ਤੋਂ ਪਹਿਲਾਂ ਪਾਕਿਸਤਾਨ ਵਲੋਂ ਰਾਵੀ ਨਦੀ ‘ਤੇ ਅਜਿਹਾ ਬੁਨਿਆਦੀ ਢਾਂਚਾ ਤਿਆਰ ਕੀਤਾ ਜਾ ਰਿਹਾ ਸੀ, ਜਿਸ ਨਾਲ ਭਾਰਤੀ ਖੇਤਰ ਵਿਚ ਹੜ੍ਹਾਂ ਦੀ ਸੰਭਾਵਨਾ ਵੱਧ ਸਕਦੀ ਸੀ ਅਤੇ ਇਸੇ ਮੁੱਦੇ ਨੂੰ ਭਾਰਤ ਸਰਕਾਰ ਨੇ ਪਾਕਿਸਤਾਨ ਕੋਲ ਰੱਖਿਆ ਸੀ। ਜ਼ਿਕਰਯੋਗ ਹੈ ਕਿ ਦੋਹਾਂ ਦੇਸ਼ਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਵੰਬਰ ਮਹੀਨੇ ਵਿਚ ਹੋਣ ਵਾਲੇ ਸਮਾਗਮਾਂ ਨੂੰ ਮੁੱਖ ਰੱਖਦਿਆਂ ਇਸ ਲਾਂਘੇ ਨੂੰ ਖੋਲ੍ਹਣ ਦੀ ਤਿਆਰੀ ਕੀਤੀ ਹੋਈ ਹੈ। ਇਸ ਸਬੰਧੀ ਭਾਰਤ ਵਾਲੇ ਪਾਸੇ ਕਰਤਾਰਪੁਰ ਲਾਂਘੇ ਲਈ ਉਸਾਰੀ ਦਾ ਕੰਮ ਤੇਜ਼ੀ ਨਾਲ ਜਾਰੀ ਹੈ। ਭਾਰਤ ਵਿਚ ਇਸ ਦੇ ਲਈ ਪਾਕਿਸਤਾਨ ਵੱਲ ਨੂੰ ਚਾਰ ਲੇਨ ਸੜਕ ਅਤੇ ਸ਼ਾਨਦਾਰ ਬੱਸ ਟਰਮੀਨਲ ਦੀ ਉਸਾਰੀ ਕੀਤੀ ਜਾ ਰਹੀ ਹੈ।

About Jatin Kamboj