Home » ARTICLES » ਕਰਤਾਰਪੁਰ ਲਾਂਘੇ ਦੀ ਸਿਆਸਤ ਅਤੇ ਸਰਕਾਰਾਂ
kl

ਕਰਤਾਰਪੁਰ ਲਾਂਘੇ ਦੀ ਸਿਆਸਤ ਅਤੇ ਸਰਕਾਰਾਂ

ਡਾ. ਬਲਕਾਰ ਸਿੰਘ*

ਸਿਆਸਤ ਬੇਸ਼ੱਕ, ਸਮਕਾਲ ਦੀ ਪ੍ਰਧਾਨ ਸੁਰ ਹੋ ਗਈ ਹੈ ਅਤੇ ਸਿਆਸਤ ਬਾਰੇ ਸੋਚਦਾ ਹਾਂ ਤਾਂ ਡਰ ਲੱਗਣ ਲੱਗ ਪੈਂਦਾ ਹੈ। ਸਿੱਖੀ ਨੂੰ ਮੁੱਢ ਤੋਂ ਹੀ ਸਿਆਸਤ ਦੇ ਨਾਲ ਨਾਲ ਤੁਰਨਾ ਪਿਆ ਹੈ ਅਤੇ ਇਸ ਵੇਲੇ ਸਿੱਖਾਂ ਦੇ ਬੋਲਬਾਲਿਆਂ ਵਾਲੀ ਗੁਰਮਤਿ, ਵਿਅਕਤੀਆਂ ਦੇ ਬੋਲਬਾਲਿਆਂ ਵਾਲੀ ਸਿਆਸਤ ਹੋ ਗਈ ਹੈ। ਗੁਰੂ ਨਾਨਕ ਦੇਵ ਵੇਲੇ ਲੋਧੀ ਸਨ ਅਤੇ ਗੁਰੂ ਗੋਬਿੰਦ ਸਿੰਘ ਵੇਲੇ ਔਰੰਗਜ਼ੇਬ ਸੀ। ਪੰਜਵੇਂ ਤੇ ਨੌਵੇਂ ਨਾਨਕ ਨੂੰ ਸਿਆਸਤ ਦੇ ਪੈਰੋਂ ਜਿੰਦਾਂ ਵਾਰਨੀਆਂ ਪਈਆਂ ਸਨ। ਸਿਆਸਤ ਦੇ ਪੈਰੋਂ ਸਿੱਖੀ ਨੂੰ ਸੁੱਖ ਦਾ ਸਾਹ ਆਉਣ ਵਾਲੇ ਜੇ ਕੁਝ ਵਰ੍ਹੇ ਲੱਭ ਵੀ ਜਾਣ, ਤਾਂ ਵੀ ਇਸ ਨਾਲ ਸਿਆਸਤਦਾਨਾਂ ਵਾਂਗ ਸੰਤੁਸ਼ਟ ਹੋਣਾ ਮੇਰੇ ਵਰਗੇ ਸਿੱਖ ਨੂੰ ਔਖਾ ਲੱਗਦਾ ਹੈ। ਇਸ ਵੇਲੇ ਜਿਸ ਤਰ੍ਹਾਂ ਮੀਰੀ ਪੀਰੀ ਦੇ ਹਵਾਲੇ ਨਾਲ ਧਰਮ ਅਤੇ ਸਿਆਸਤ ਦਾ ਮੇਲ ਮੰਨ ਲਿਆ ਗਿਆ ਹੈ, ਇਸ ਨਾਲ ਧਰਮ ਦੇ ਸਿਆਸੀ ਅਗਵਾਕਰਨ ਦੀਆਂ ਸੰਭਾਵਨਾਵਾਂ ਪੈਦਾ ਹੋ ਗਈਆਂ ਹਨ। ਵੱਡੀ ਕੀਮਤ ਦੇ ਕੇ ਲਏ ਪੰਜਾਬੀ ਸੂਬੇ ਵਿਚ ਸਿੱਖਾਂ ਦੀ ਅਗਵਾਈ ਵਿਚ ਬਣੀਆਂ ਸਰਕਾਰਾਂ ਲਗਾਤਾਰ ਸਿੱਖੀ ਅਤੇ ਸਿੱਖਾਂ ਦੀ ਅਣਦੇਖੀ ਕਰਦੀਆਂ ਆ ਰਹੀਆਂ ਹਨ। ਸਵਾਲ ਇਹ ਹੈ ਕਿ ਸਿੱਖਾਂ ਦੀ ਅਗਵਾਈ ਵਾਲੀਆਂ ਸਰਕਾਰਾਂ ਨਾਲ ਸਿੱਖ ਅਸੰਤੁਸ਼ਟ ਕਿਉਂ ਹਨ?
ਗੱਲ ਇੱਥੋਂ ਤੱਕ ਜਾ ਪਹੁੰਚੀ ਹੈ ਕਿ ਧਰਮ ਨਾਲ ਵੀ ਸਿਆਸਤ ਰਾਹੀਂ ਨਿਭਣ ਦੀਆਂ ਮਜਬੂਰੀਆਂ ਪੈ ਗਈਆਂ ਹਨ। ਇਸੇ ਦਾ ਸਿੱਟਾ ਹੈ ਕਿ ਅਕਾਲ ਤਖਤ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਦਲਕਿਆਂ ਦੇ ਕਬਜ਼ੇ ਵਿਚ ਹਨ। ਇਸ ਹਾਲਤ ਵਿਚ ਕਰਤਾਰਪੁਰ ਲਾਂਘੇ ਨੂੰ ਲੈ ਕੇ ਸਿਆਸਤ ਹੋਣ ਲੱਗ ਪਈ ਹੈ। ਪਾਕਿਸਤਾਨ ਵਿਚ ਰਹਿ ਗਏ ਗੁਰਦੁਆਰੇ ਸਿੱਖਾਂ ਦੀ ਆਸਥਾ ਅਤੇ ਵਿਰਾਸਤੀ ਖਿੱਚ ਦਾ ਕਾਰਨ ਲਗਾਤਾਰ ਬਣੇ ਰਹੇ ਹਨ। ਅਰਦਾਸ ਰਾਹੀਂ ਸਿੱਖ ਇਸ ਕੋਮਲ ਆਸਥਾ ਨਾਲ ਲਗਾਤਾਰ ਜੁੜੇ ਹੋਏ ਹਨ। ਮੈਨੂੰ ਜਥੇ ਦਾ ਜਥੇਦਾਰ ਬਣ ਕੇ ਪਾਕਿਸਤਾਨ ਜਾਣ ਦਾ ਦੋ ਵਾਰ ਮੌਕਾ ਮਿਲਿਆ। ਕੋਈ ਮੁਸ਼ਕਿਲ ਨਹੀਂ ਆਈ ਸੀ, ਪਰ ਮੈਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਵਾਸਤੇ ਨਹੀਂ ਜਾਣ ਦਿੱਤਾ ਗਿਆ ਸੀ। ਉਥੇ ਇਹ ਗੱਲ ਵੀ ਚੱਲੀ ਸੀ ਕਿ ਅਰਦਾਸ ਵਿਚੋਂ ਇਹ ਸ਼ਬਦ ‘ਜਿਨ੍ਹਾਂ ਗੁਰਦੁਆਰਿਆਂ ਗੁਰਧਾਮਾਂ ਤੋਂ ਸਿੱਖਾਂ ਨੂੰ ਵਿਛੋੜਿਆ ਗਿਆ ਹੈ’ ਕੱਢ ਦੇਣੇ ਚਾਹੀਦੇ ਹਨ, ਕਿਉਂਕਿ ਸਿੱਖਾਂ ਨੂੰ ਪਾਕਿਸਤਾਨ ਵਿਚਲੇ ਗੁਰਦੁਆਰਿਆਂ ਦੇ ਦਰਸ਼ਨ ਦੀਦਾਰ ਦਾ ਮੌਕਾ ਮਿਲ ਰਿਹਾ ਹੈ। ਜੋ ਮਿਲ ਰਿਹਾ ਹੈ, ਉਹ ਸਿਆਸਤ ਵੱਲੋਂ ਸਿਆਸੀ ਸੁਰ ਵਿਚ ਮਿਲ ਰਿਹਾ ਹੋਣ ਕਰਕੇ ਇਸ ਪਾਸੇ ਧਿਆਨ ਦੇਣ ਦੀ ਲੋੜ ਨਹੀਂ ਸਮਝੀ ਗਈ ਕਿ ਇਹ ਹਾਲਤ ਕਦੋਂ, ਕਿਵੇਂ ਅਤੇ ਕਿਉਂ ਪੈਦਾ ਹੋ ਗਈ ਹੈ।
ਸਿੱਖਾਂ ਦੇ ਹਵਾਲੇ ਨਾਲ ਪਾਕਿਸਤਾਨ ਜਿਹੋ ਜਿਹੀ ਸਿਆਸਤ ਕਰਦਾ ਆ ਰਿਹਾ ਹੈ, ਉਸ ਬਾਰੇ ਸੋਚਣ ਦੀ ਸਿੱਖਾਂ ਨੇ ਕਦੇ ਕੋਸ਼ਿਸ਼ ਹੀ ਨਹੀਂ ਕੀਤੀ ਪਰ ਇਸੇ ਨੂੰ ਲੈ ਕੇ ਸਿੱਖਾਂ ਨੂੰ ਕੁੱਟਣ ਦੀ ਸਿਆਸਤ ਲਗਾਤਾਰ ਹੁੰਦੀ ਰਹੀ ਹੈ। ਕਾਰਨ ਬਹੁਤ ਸਾਰੇ ਹੋ ਸਕਦੇ ਹਨ, ਪਰ ਨਤੀਜਾ ਇਹੀ ਨਿਕਲਦਾ ਹੈ ਕਿ ਸਿੱਖਾਂ ਬਾਰੇ ਸਿਆਸਤ ਦੇ ਪੈਰੋਂ ਜੋ ਕੁੱਝ ਵੀ ਹੋ ਰਿਹਾ ਹੈ, ਉਸ ਵਿਚ ਸਿੱਖਾਂ ਦੀ ਮਰਜ਼ੀ ਸ਼ਾਮਲ ਹੋਵੇ, ਨਜ਼ਰ ਨਹੀਂ ਆਉਂਦੀ। ਭਾਰਤ ਅਤੇ ਪਾਕਿਸਤਾਨ ਦੇ ਭੇੜ ਵਿਚ ਮੁਲਕ ਦੀ ਵੰਡ ਵੇਲੇ ਤੋਂ ਲੈ ਕੇ ਸਿੱਖਾਂ ਦਾ ਜੋ ਨੁਕਸਾਨ ਹੋਇਆ ਹੈ, ਉਸ ਬਾਰੇ ਸਿੱਖ ਆਪ ਹੀ ਸੋਚਣ ਅਤੇ ਕਿਸੇ ਸਾਂਝੀ ਸਮਝ ਤੇ ਪਹੁੰਚਣ ਲਈ ਤਿਆਰ ਨਹੀਂ ਹਨ। ਇਸ ਨਾਲ ਸਿੱਖਾਂ ਦੇ ਹਵਾਲੇ ਨਾਲ ਭਾਰਤ ਅਤੇ ਪਾਕਿਸਤਾਨ ਆਪੋ-ਆਪਣੀ ਸਿਆਸਤ ਕਰਦੇ ਆ ਰਹੇ ਹਨ। ਇਸ ਸਿਆਸਤ ਦੇ ਕੇਂਦਰ ਵਿਚ ਇਸ ਵੇਲੇ ਕਰਤਾਰਪੁਰ ਲਾਂਘਾ ਆ ਗਿਆ ਹੈ।
ਜਦੋਂ ਅਕਾਲੀ ਆਗੂ ਕੁਲਦੀਪ ਸਿੰਘ ਵਡਾਲਾ ਸਿੱਖ ਸਿਆਸਤ ਵਿਚ ਬਣੇ ਰਹਿਣ ਲਈ ਕਰਤਾਰਪੁਰ ਸਾਹਿਬ ਦੇ ਸਾਹਮਣੇ ਅਰਦਾਸ ਕਰਦੇ ਰਹੇ ਸਨ, ਉਸ ਵੇਲੇ ਇਹ ਇਉਂ ਮੁੱਦਾ ਨਹੀਂ ਸੀ ਬਣ ਸਕਿਆ, ਜਿਸ ਤਰ੍ਹਾਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਜੱਫੀ ਨੂੰ ਲੈ ਕੇ ਬਣ ਗਿਆ ਹੈ। ਕਰਤਾਰਪੁਰ ਨਾਲ ਜੁੜੀ ਹੋਈ ਸ਼ਰਧਾ ਨੂੰ ਸਿੱਖ ਓਨੀ ਕੁ ਵੀ ਲਹਿਰ ਨਹੀਂ ਬਣਾ ਸਕੇ ਸਨ, ਜਿੰਨੀ ਕੁ ਪੱਤਰਕਾਰ ਕੁਲਦੀਪ ਨਈਅਰ ਦੀ ਅਗਵਾਈ ਵਿਚ ਸਰਹੱਦ ‘ਤੇ ਮੋਮਬੱਤੀਆਂ ਜਗਾਉਣ ਦੀ ਰਸਮ ਬਣੀ ਹੋਈ ਹੈ। ਇਹੀ ਫਰਕ ਹੈ, ਸਿਆਸੀ ਕੋਸ਼ਿਸ਼ ਅਤੇ ਸਿਆਸਤ-ਮੁਕਤ ਕੋਸ਼ਿਸ਼ ਵਿਚ। ਮੁੱਦਾ ਇਹ ਹੈ ਕਿ ਪੰਜਾਬੀ ਅਤੇ ਪੰਜਾਬੀਅਤ ਦੇ ਨਾਮ ‘ਤੇ ਪੂਰਬੀ ਅਤੇ ਪੱਛਮੀ ਪੰਜਾਬ ਉਸ ਤਰ੍ਹਾਂ ਦੋ ਨਹੀਂ ਹਨ, ਜਿਵੇਂ ਸਿਆਸਤ ਦੇ ਨਾਮ ਤੇ ਨਜ਼ਰ ਆਉਣ ਲੱਗ ਪਏ ਹਨ। ਪਾਕਿਸਤਾਨ ਸਰਕਾਰ ਸਿੱਖਾਂ ਦੀਆਂ ਭਾਵਨਾਵਾਂ ਨੂੰ ਸਮਝਦੀ ਤਾਂ ਹੋ ਸਕਦੀ ਹੈ, ਪਰ ਇਸ ਪਾਸੇ ਤੁਰਨ ਲਈ ਉਵੇਂ ਤਿਆਰ ਨਹੀਂ, ਜਿਸ ਤਰ੍ਹਾਂ ਸਿੱਖ ਚਾਹੁੰਦੇ ਹਨ। ਭਾਰਤ ਸਰਕਾਰ ਇਸ ਪਾਸੇ ਤੁਰ ਹੀ ਨਹੀਂ ਸਕਦੀ, ਕਿਉਂਕਿ ਕੇਂਦਰ ਦੀ ਸਿਆਸਤ ਨੂੰ ਦੋਹਾਂ ਪੰਜਾਬਾਂ ਦੀ ਸਭਿਆਚਾਰਕ ਨੇੜਤਾ ਦੀਆਂ ਸੰਭਾਵਨਾਵਾਂ ਰਾਸ਼ਟਰ ਨੂੰ ਖਤਰਾ ਲੱਗਦੀਆਂ ਹਨ।
ਰੈੱਡਕਲਿਫ ਲਾਈਨ ਦੋਹਾਂ ਪੰਜਾਬਾਂ ਨੂੰ ਜਿਸ ਤਰ੍ਹਾਂ ਇੱਕੋ ਘਰ ਵਿਚ ਦੋ ਭਰਾਵਾਂ ਵਿਚਕਾਰ ਕੱਢੀ ਹੋਈ ਕੰਧ ਵਾਂਗ ਲੱਗਦੀ ਹੈ, ਉਸ ਨਾਲ ਦੋਹਾਂ ਪਾਸਿਆਂ ਦੇ ਪੰਜਾਬੀਆਂ ਨੂੰ ਇਕ ਦੂਜੇ ਦੀਆਂ ਗੱਲਾਂ ਕਰਨੀਆਂ ਅਤੇ ਸੁਣਨੀਆਂ ਚੰਗੀਆਂ ਲੱਗਣੋਂ ਕਿਵੇਂ ਹਟ ਸਕਦੀਆ ਹਨ? ਇਸੇ ਪ੍ਰਸੰਗ ਵਿਚ ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨੀ ਫੌਜਾਂ ਦੇ ਮੁਖੀ ਜਨਰਲ ਕਮਰ ਬਾਜਵਾ ਨਾਲ ਜੱਫੀ, ਸਿਆਸਤ ਦੀ ਘੁੰਮਣਘੇਰੀ ਵਿਚ ਆ ਕੇ ਫਸ ਗਈ ਹੈ। ਇਸ ਬਾਰੇ ਸ਼ੇਖਰ ਗੁਪਤਾ ਨੇ ਲਿਖਿਆ ਹੈ ਕਿ ਨੈਸ਼ਨਲ ਮੀਡੀਆ ਦਾ ਅੱਡੀਆਂ ਚੁੱਕ ਚੁੱਕ ਕੇ ਸਿੱਖਾਂ ਨੂੰ ਰਾਸ਼ਟਰ ਵਿਰੋਧੀ ਖਾਤੇ ਵਿਚ ਧੱਕਣਾ ਭਾਜਪਾ ਤੇ ਅਕਾਲੀਆਂ ਨੂੰ ਮਹਿੰਗਾ ਪੈ ਸਕਦਾ ਹੈ, ਕਿਉਂਕਿ ਸਿੱਧੂ ਦੀ ਜੱਫੀ ਨੂੰ ਲੈ ਕੇ ਭਾਜਪਾ ਤੇ ਅਕਾਲੀਆਂ ਦਾ ਇਕਸੁਰ ਹੋਣਾ ਸਾਰਿਆਂ ਨੂੰ ਨਜ਼ਰ ਆ ਰਿਹਾ ਹੈ। ਅਕਾਲੀਆਂ ਨੂੰ ਕੌਣ ਦੱਸੇ ਕਿ ਭਾਜਪਾ ਪਾਕਿਸਤਾਨ ਨੂੰ 2019 ਦੀਆਂ ਚੋਣਾਂ ਵਿਚ ਵਰਤਣ ਵਾਸਤੇ ਹਰ ਉਸ ਬੰਦੇ ਦੀ ਪੈੜ ਨੱਪ ਰਹੀ ਹੈ, ਜਿਸ ਦੇ ਪਾਸਪੋਰਟ ‘ਤੇ ਪਾਕਿਸਤਾਨੀ ਵੀਜ਼ੇ ਦੀ ਮੋਹਰ ਲੱਗੀ ਹੋਈ ਹੈ। ਮੈਂ 1993 ਵਿਚ ਪਾਕਿਸਤਾਨ ਜਾਣ ਵਾਲੇ ਸਿੱਖ ਜਥੇ ਦਾ ਲੀਡਰ ਬਣ ਕੇ ਗਿਆ ਸੀ। ਉਸ ਤੋਂ ਪਿੱਛੋਂ ਮੇਰਾ ਪਾਸਪੋਰਟ ਦੋ ਵਾਰ ਨਵਿਆਇਆ ਜਾ ਚੁੱਕਾ ਹੈ ਅਤੇ 9/11 ਵੇਲੇ ਮੈਂ ਅਮਰੀਕਾ ਵਿਚ ਪੜ੍ਹਾ ਰਿਹਾ ਸੀ। ਪਿਛਲੇ ਮਹੀਨੇ ਮੈਨੂੰ ਪਾਸਪੋਰਟ ਫਿਰ ਨਵਿਆਉਣਾ ਪਿਆ। ਪਾਸਪੋਰਟ ਆ ਜਾਣ ਤੋਂ ਦੋ ਹਫਤੇ ਪਿੱਛੋਂ ਸੀਆਈਡੀ ਵੱਲੋਂ ਇਹ ਪੁੱਛਣ ਲਈ ਆ ਗਏ ਕਿ ਪਾਕਿਸਤਾਨ ਕਿਉਂ ਗਿਆ ਸੀ? ਇਹ ਜਿਸ ਤਰ੍ਹਾਂ ਮੌਜੂਦਾ ਕੇਂਦਰ ਸਰਕਾਰ ਦੀ ਲੋੜ ਬਣ ਗਿਆ ਹੈ, ਉਸ ਨਾਲ ਹਰ ਸਿੱਖ ਨੂੰ ਪਾਸਪੋਰਟ ਨਵਿਆਉਣ ਵੇਲੇ ਇਹੋ ਜਿਹੀ ਪੁੱਛਗਿੱਛ ਦਾ ਸਾਹਮਣਾ ਕਰਨਾ ਪੈਣਾ ਹੈ।
ਭਾਜਪਾ ਵਾਲਿਆਂ ਨੂੰ ਫ਼ਿਕਰ ਹੈ ਕਿ ਭਾਰਤ ਵਿੱਚੋਂ ਕਸ਼ਮੀਰ ਅਤੇ ਪੰਜਾਬ ਹੀ ਹਨ, ਜਿਨ੍ਹਾਂ ਦੀ ਆਪੋ-ਆਪਣੇ ਕਾਰਨਾਂ ਕਰਕੇ ਪਾਕਿਸਤਾਨ ਨਾਲ ਜੁੜੇ ਰਹਿਣ ਦੀ ਮਜਬੂਰੀ ਹੋ ਸਕਦੀ ਹੈ। ਇਸੇ ਦੀ ਸਿਆਸਤ ਅਧੀਨ ਪੈਦਾ ਹੋਏ ਸ਼ੱਕ ਵਿਚ ਹੀ ਸਿੱਧੂ ਦੀ ਜੱਫੀ ਬਾਰੇ ਸਿਆਸਤ ਹੋ ਰਹੀ ਹੈ। ਇਸ ਦੇ ਮੁਦਈ ਸਿੱਖਾਂ ਨੂੰ ਉਕਸਾ ਰਹੇ ਹਨ ਅਤੇ ਅਕਾਲੀ ਇਸ ਵਿਚ ਉਲਝਦੇ ਜਾ ਰਹੇ ਹਨ। ਜਿਹੜੇ ਇਹ ਕਹਿ ਰਹੇ ਹਨ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸਿੱਧੂ ਖ਼ਿਲਾਫ਼ ਕਾਰਵਾਈ ਕਰੇ, ਉਨ੍ਹਾਂ ਕੋਲ ਮੁਲਕ ਦੀ ਹਕੂਮਤ ਹੈ, ਉਹ ਸਿੱਧੂ ਖ਼ਿਲਾਫ਼ ਸਿੱਧੀ ਕਾਰਵਾਈ ਕਿਉਂ ਨਹੀਂ ਕਰਦੇ?
ਰਿਸ਼ਤਿਆਂ ਦੀ ਨਜ਼ਾਕਤ ਦੀ ਜੜ੍ਹ ਵਿਚ ਪਏ ਕੋਮਲ ਪਹਿਲੂਆਂ ਨੂੰ ਸਮਝਣ ਲਈ ਇਹ ਹਵਾਲਾ ਕੰਮ ਆ ਸਕਦਾ ਹੈ। ਤਾਰਿਕ ਫਤਿਹ ਚਰਚਿਤ ਵਿਦਵਾਨ ਹੈ ਅਤੇ ਇਸਲਾਮੀ ਕੱਟੜਤਾ ਖ਼ਿਲਾਫ਼ ਬੋਲਦਾ ਭਾਜਪਾ ਅਤੇ ਭਾਰਤੀ ਨੈਸ਼ਨਲ ਮੀਡੀਆ ਨੂੰ ਬੜਾ ਚੰਗਾ ਲੱਗਦਾ ਹੈ। ਉਸ ਨੇ ਆਪਣੀ ਪੁਸਤਕ ਵਿਚ ਲਿਖਿਆ ਹੋਇਆ ਹੈ ਕਿ ਪੰਜਾਬੀ ਮੁਸਲਮਾਨ ਹਜ਼ਰਤ ਮੁਹੰਮਦ ਸਾਹਿਬ ਨਾਲੋਂ ਗੁਰੂ ਨਾਨਕ ਦੇ ਵੱਧ ਭੇਤੀ ਹਨ ਅਤੇ ਕੁਰਾਨ ਸ਼ਰੀਫ ਨਾਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵੱਧ ਨੇੜੇ ਹਨ। ਇਸ ਰੌਸ਼ਨੀ ਵਿਚ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਵੇਖਾਂਗੇ ਤਾਂ ਨਤੀਜਿਆਂ ‘ਤੇ ਪਹੁੰਚਣ ਲਈ ਸਿੱਧੂ ਦੀ ਜੱਫੀ ਰੁਕਾਵਟ ਨਹੀਂ ਬਣੇਗੀ। ਜ਼ਮੀਨੀ ਤਬਾਦਲੇ ਨਾਲ ਮਸਲੇ ਨੂੰ ਸੌਖਿਆਂ ਹੱਲ ਕੀਤਾ ਜਾ ਸਕਦਾ ਹੈ ਅਤੇ ਇਸ ਵਾਸਤੇ ਭਾਰਤ ਨੂੰ ਇਸ ਕਰਕੇ ਪਹਿਲ ਕਰਨੀ ਚਾਹੀਦੀ ਹੈ ਕਿਉਂਕਿ ਇਹ ਮਸਲਾ ਭਾਰਤ ਵਿਚਲੇ ਸਿੱਖਾਂ ਦਾ ਹੈ। ਇਸ ਪਾਸੇ ਸ਼ਾਇਦ ਇਸ ਕਰਕੇ ਨਹੀਂ ਤੁਰਿਆ ਜਾ ਰਿਹਾ ਕਿਉਂਕਿ ਅਜਿਹਾ ਕਰਨ ਨਾਲ ਪਾਕਿਸਤਾਨ ਨੂੰ 2019 ਦੀਆਂ ਚੋਣਾਂ ਵਿਚ ਵਰਤਣਾ ਸੌਖਾ ਨਹੀਂ ਰਹੇਗਾ ਪਰ ਇਹ ਧਿਆਨ ਵਿਚ ਰਹਿਣਾ ਚਾਹੀਦਾ ਹੈ ਕਿ ਇਹ ਮੁੱਦਾ ਲਮਕਾਉਣ ਨਾਲ ਪਾਕਿਸਤਾਨ ਨੂੰ ਸਿਆਸੀ ਲਾਹਾ ਮਿਲ ਸਕਦਾ ਹੈ।
ਸਭ ਨੂੰ ਪਤਾ ਹੈ ਕਿ ਲਾਂਘੇ ਦਾ ਫੈਸਲਾ ਭਾਰਤ ਅਤੇ ਪਾਕਿਸਤਾਨ ਦੀ ਸਹਿਮਤੀ ਨਾਲ ਹੀ ਹੋ ਸਕਦਾ ਹੈ। ਬਹੁਤ ਸਾਰੇ ਕਾਰਨਾਂ ਕਰਕੇ ਸਿੱਖਾਂ ਅੰਦਰ ਇਹ ਅਹਿਸਾਸ ਉਤਰਦਾ ਗਿਆ ਹੈ ਕਿ ਸਿੱਖਾਂ ਨੂੰ ਕੌਮੀ ਮੁੱਖਧਾਰਾ ਵਿਚੋਂ ਲਾਂਭੇ ਧੱਕਣ ਦੇ ਹਾਲਾਤ ਭਾਰਤ ਦੀ ਸਿਆਸਤ ਵਿਚ ਲਗਾਤਾਰ ਪੈਦਾ ਹੁੰਦੇ ਰਹੇ ਹਨ। ਇਸ ਲਈ ਲਾਂਘੇ ਬਾਰੇ ਕਿਸੇ ਕਿਸਮ ਦੀ ਸਿਆਸਤ ਕਿਸੇ ਦੇ ਵੀ ਹੱਕ ਵਿਚ ਨਹੀਂ ਹੈ। ਜੇ ਪਾਕਿਸਤਾਨ ਆਪਣੇ ਵਾਲੇ ਪਾਸੇ ਸਿੱਖਾਂ ਵਾਸਤੇ ਕਰਤਾਰਪੁਰ ਪਹੁੰਚਣ ਦਾ ਰਾਹ ਖੋਲ੍ਹ ਦਿੰਦਾ ਹੈ ਤਾਂ ਭਾਰਤ ਵਾਸਤੇ ਸਮੱਸਿਆ ਪੈਦਾ ਹੋ ਜਾਵੇਗੀ। ਸਿੱਖ ਭਾਰਤ ਦੇ ਸ਼ਹਿਰੀ ਹਨ ਅਤੇ ਸਿੱਖਾਂ ਨੂੰ ਲਾਂਘਾ ਭਾਰਤ ਸਰਕਾਰ ਨੂੰ ਲੈ ਕੇ ਦੇਣਾ ਚਾਹੀਦਾ ਹੈ। ਇਹ ਗੁਰੂ ਨਾਨਕ ਦੇ ਆ ਰਹੇ 550ਵੇਂ ਗੁਰਪੁਰਬ ਵਾਸਤੇ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਵਲੋਂ ਸਿੱਖਾਂ ਵਾਸਤੇ ਯਾਦਗਾਰੀ ਤੋਹਫਾ ਹੋਏਗਾ।

About Jatin Kamboj