COMMUNITY FEATURED NEWS News

ਕਰਤਾਰਪੁਰ ਸਾਹਿਬ ਦੇ ਪਵਿੱਤਰ ਲਾਂਘੇ ਨੇ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਵਿਛੜਿਆ ਨੂੰ ਮਿਲਾਇਆ

ਕਰਤਾਰਪੁਰ ਸਾਹਿਬ- 72 ਸਾਲਾਂ ’ਚ ਪਹਿਲੀ ਵਾਰ ਹੁਣ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਨਾਗਰਿਕ ਇੱਕ–ਦੂਜੇ ਨੂੰ ਪਵਿੱਤਰ ਲਾਂਘੇ ਰਾਹੀਂ ਕਰਤਾਰਪੁਰ ਸਾਹਿਬ ਦੇ ਗੁਰਦੁਆਰਾ ਸਾਹਿਬ ਵਿਖੇ ਮਿਲ ਰਹੇ ਹਨ। ਕਰਤਾਰਪੁਰ ਸਾਹਿਬ ਲਹਿੰਦੇ ਭਾਵ ਪਾਕਿਸਤਾਨੀ ਪੰਜਾਬ ਦੇ ਨਾਰੋਵਾਲ ਜ਼ਿਲ੍ਹੇ ’ਚ ਸਥਿਤ ਹੈ। ਬੀਤੀ 9 ਨਵੰਬਰ ਨੂੰ ਇਸ ਲਾਂਘੇ ਦੀ ਸ਼ੁਰੂਆਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਤਿੰਨ ਦਿਨ ਪਹਿਲਾਂ ਹੋਈ ਸੀ।ਦੋਵੇਂ ਪਾਸਿਆਂ ਦੇ ਬਜ਼ੁਰਗ ਹੁਣ ਇੱਥੇ ਇੱਕ–ਦੂਜੇ ਨੂੰ ਆਸਾਨੀ ਨਾਲ ਮਿਲ ਸਕਦੇ ਹਨ। ਦੋਵੇਂ ਦੇਸ਼ਾਂ ਦੇ ਪੰਜਾਬੀ ਇੱਕ–ਦੂਜੇ ਨੂੰ ਦੋਬਾਰਾ ਮਿਲ ਕੇ ਡਾਢੇ ਖ਼ੁਸ਼ ਹੋ ਰਹੇ ਹਨ ਕਿਉਂਕਿ ਦੋਵਾਂ ਦੀ ਜ਼ੁਬਾਨ ਤੇ ਸੱਭਿਆਚਾਰ ਇੱਕੋ ਜਿਹਾ ਹੈ। ਲੁਧਿਆਣਾ ਦੇ 26 ਸਾਲਾ ਗੁਰਸ਼ਰਨਜੋਤ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਦੋਵੇਂ ਪੰਜਾਬਾਂ ਦੇ ਨਾਗਰਿਕਾਂ ਦੇ ਮਿਲਣ ਦਾ ਅਹਿਮ ਸਥਾਨ ਬਣ ਗਿਆ ਹੈ।ਪਾਕਿਸਤਾਨ ਦੇ ਲੋਕ ਸਾਨੂੰ ਭਾਰਤੀਆਂ ਨੂੰ ਵੇਖ ਕੇ ਡਾਢੇ ਖ਼ੁਸ਼ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਉਹ ਕਰਤਾਰਪੁਰ ਸਾਹਿਬ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਗਏ, ਤਾਂ ਉੱਥੇ ਉਨ੍ਹਾਂ ਨੂੰ ਲਾਹੌਰ ਤੋਂ ਖ਼ਾਸ ਤੌਰ ਉੱਤੇ ਆਏ ਕੁਝ ਲੋਕ ਮਿਲੇ, ਜਿਹੜੇ ਸਿਰਫ਼ ਭਾਰਤੀ ਪੰਜਾਬੀਆਂ ਨੁੰ ਵੇਖਣ ਤੇ ਮਿਲਣ ਲਈ ਪੁੱਜੇ ਹੋਏ ਸਨ। ਅੰਮ੍ਰਿਤਸਰ ਦੇ ਪਿੰਡ ਫ਼ਤਿਹਪੁਰ ਦੇ 40 ਸਾਲਾ ਨਿਵਾਸੀ ਹਰਜੀਤ ਸਿੰਘ ਨੇ ਦੱਸਿਆ ਕਿ ਉਹ ਉੱਥੇ ਸੈਂਕੜੇ ਪਾਕਿਸਤਾਨੀਆਂ ਨੂੰ ਮਿਲੇ, ਜਿਹੜੇ ਪੰਜਾਬੀ ਬੋਲਦੇ ਸਨ।