FEATURED NEWS News

ਕਰੋਨਾਵਾਇਰਸ: ਹੁਬੇਈ ’ਚੋਂ ਭਾਰਤੀਆਂ ਨੂੰ ਕੱਢਣ ਦੀ ਤਿਆਰੀ

ਨਵੀਂ ਦਿੱਲੀ : ਚੀਨ ਦੇ ਹੁਬੇਈ ਸੂਬੇ ’ਚ ਕਰੋਨਾਵਾਇਰਸ ਨਾਲ ਉਪਜੀ ਸਥਿਤੀ ਨਾਲ ਪ੍ਰਭਾਵਿਤ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਭਾਰਤ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਪੇਈਚਿੰਗ ’ਚ ਭਾਰਤੀ ਦੂਤਾਵਾਸ ਚੀਨੀ ਅਥਾਰਿਟੀ ਤੇ ਭਾਰਤੀ ਨਾਗਰਿਕਾਂ ਦੇ ਸੰਪਰਕ ਵਿਚ ਹੈ। ਚੀਨ ਤੋਂ ਪਰਤੇ ਦਿੱਲੀ-ਐੱਨਆਰਸੀ ਦੇ ਤਿੰਨ ਵਾਸੀਆਂ ਨੂੰ ਵੀ ਸ਼ੱਕੀ ਵਾਇਰਸ ਨਾਲ ਪੀੜਤ ਹੋਣ ਦੇ ਸ਼ੱਕ ਹੇਠ ਆਰਐੱਮਐੱਲ ਹਸਪਤਾਲ ਵਿਚ ਇਕ ਵੱਖਰੇ ਵਾਰਡ ਵਿਚ ਨਿਗਰਾਨੀ ਹੇਠ ਰੱਖਿਆ ਜਾ ਰਿਹਾ ਹੈ। ਬੁਖ਼ਾਰ ਤੇ ਸਾਹ ਲੈਣ ’ਚ ਤਕਲੀਫ਼ ਮਗਰੋਂ ਇਨ੍ਹਾਂ ਦੇ ਸਰੀਰ ’ਚੋਂ ਲਏ ਨਮੂਨੇ ਜਾਂਚ ਲਈ ਭੇਜੇ ਗਏ ਹਨ। ਕੇਰਲ, ਕੋਲਕਾਤਾ ਤੇ ਮਹਾਰਾਸ਼ਟਰ ’ਚ ਵੀ ਮਰੀਜ਼ ਨਿਗਰਾਨੀ ਹੇਠ ਹਨ। ਕੇਂਦਰ ਸਰਕਾਰ ਨੇਪਾਲ ਨਾਲ ਲੱਗਦੀ ਸਰਹੱਦ ’ਤੇ ਚੌਕਸੀ ਵਰਤ ਰਹੀ ਹੈ। ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਅੱਜ ਦੱਸਿਆ ਕਿ ਕਰੋਨਾਵਾਇਰਸ ਦੀ ਸ਼ਨਾਖ਼ਤ ਲਈ ਥਰਮਲ ਸਕਰੀਨਿੰਗ ਹੁਣ 20 ਹਵਾਈ ਅੱਡਿਆਂ ’ਤੇ ਕੀਤੀ ਜਾਵੇਗੀ ਜੋ ਕਿ ਪਹਿਲਾਂ ਸੱਤ ਥਾਂ ਕੀਤੀ ਜਾ ਰਹੀ ਸੀ। ਨਮੂਨਿਆਂ ਦੀ ਜਾਂਚ ਲਈ ਚਾਰ ਹੋਰ ਲੈਬ ਸ਼ੁਰੂ ਕੀਤੀ ਜਾ ਰਹੇ ਹਨ, ਅਗਲੇ ਦਿਨਾਂ ਵਿਚ ਇਨ੍ਹਾਂ ਦੀ ਗਿਣਤੀ ਦਸ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਾਲੇ ਤੱਕ 20 ਵਿਅਕਤੀਆਂ ਦੇ ਨਮੂਨੇ ਜਾਂਚੇ ਗਏ ਹਨ ਤੇ ਇਹ ਨੈਗੇਟਿਵ ਪਾਏ ਗਏ ਹਨ। ਸਿਹਤ ਮੰਤਰੀ ਨੇ ਅਪੀਲ ਕੀਤੀ ਹੈ ਕਿ ਚੀਨ ਤੋਂ ਪਰਤਣ ਵਾਲੇ ਯਾਤਰੀ ਬੁਖ਼ਾਰ, ਖੰਘ ਜਾਂ ਸਾਹ ਲੈਣ ’ਚ ਤਕਲੀਫ਼ ਹੋਣ ’ਤੇ ਆਪਣੇ ਪੱਧਰ ’ਤੇ ਹੀ ਜਾਂਚ ਲਈ ਸਾਹਮਣੇ ਆਉਣ। ਸਰਕਾਰ ਨੇ ਇਕ ਕਾਲ ਸੈਂਟਰ (+91-11-23978046) ਵੀ ਸ਼ੁਰੂ ਕੀਤਾ ਹੈ। ਮੰਤਰਾਲੇ ਨੇ ਇਕ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ। ਚੀਨ ਵਿਚ ਜਾਨਲੇਵਾ ਵਾਇਰਸ ਨਾਲ 24 ਹੋਰ ਮੌਤਾਂ ਹੋ ਗਈਆਂ ਹਨ ਤੇ ਮ੍ਰਿਤਕਾਂ ਦੀ ਗਿਣਤੀ 106 ਹੋ ਗਈ ਹੈ। ਪੀੜਤਾਂ ਦੀ ਗਿਣਤੀ 4,515 ਨੂੰ ਅੱਪੜ ਗਈ ਹੈ। ਤਿੱਬਤ ਨੂੰ ਛੱਡ ਚੀਨ ਦੇ ਹਰੇਕ ਸੂਬੇ ਵਿਚ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਸ਼ਨਾਖ਼ਤ ਹੋਈ ਹੈ ਤੇ ਮੁਲਕ ਲਈ ਇਸ ’ਤੇ ਕਾਬੂ ਪਾਉਣਾ ਵੱਡੀ ਚੁਣੌਤੀ ਬਣ ਗਿਆ ਹੈ। ਚੀਨ ਤੋਂ ਇਲਾਵਾ ਥਾਈਲੈਂਡ ’ਚ ਹੁਣ ਤੱਕ 7, ਜਪਾਨ ’ਚ 3, ਦੱਖਣੀ ਕੋਰੀਆ ’ਚ 3, ਅਮਰੀਕਾ ਵਿਚ 3, ਵੀਅਤਨਾਮ ’ਚ 2, ਸਿੰਗਾਪੁਰ ’ਚ 4, ਮਲੇਸ਼ੀਆ ’ਚ 3, ਨੇਪਾਲ ਵਿਚ 1, ਫਰਾਂਸ ’ਚ 3, ਆਸਟਰੇਲੀਆ ਵਿਚ 4 ਤੇ ਸ੍ਰੀਲੰਕਾ ਵਿਚ ਇਕ ਸ਼ੱਕੀ ਕੇਸ ਸਾਹਮਣੇ ਆਇਆ ਹੈ। ਵਾਇਰਸ ਦੇ ਕੇਂਦਰ ਹੁਬੇਈ ਸੂਬੇ ਦੀ ਰਾਜਧਾਨੀ ਵੁਹਾਨ ਵਿਚ 24 ਮੌਤਾਂ ਹੋਰ ਹੋਈਆਂ ਹਨ ਤੇ 1,291 ਨਵੇਂ ਕੇਸ ਸਾਹਮਣੇ ਆਏ ਹਨ। ਪੇਈਚਿੰਗ ਤੇ ਸ਼ੰਘਾਈ ’ਚ ਵੀ ਮੌਤਾਂ ਹੋਈਆਂ ਹਨ। ਪੇਈਚਿੰਗ ਤੇ ਤਿਆਨਜਿਨ ਵਿਚਾਲੇ ਰੇਲ ਤੇ ਬੱਸ ਸੇਵਾ ਠੱਪ ਕਰ ਦਿੱਤੀ ਗਈ ਹੈ। ਚੀਨੀ ਨਵੇਂ ਸਾਲ ਲਈ ਦਿੱਤੀਆਂ ਜਾਂਦੀਆਂ ਛੁੱਟੀਆਂ ਵੀ 2 ਫਰਵਰੀ ਤੱਕ ਵਧਾ ਦਿੱਤੀਆਂ ਗਈਆਂ ਹਨ ਤਾਂ ਕਿ ਕੰਮ ਲਈ ਆਉਣ ਵਾਲੇ ਪਰਵਾਸੀ ਦੇਰ ਬਾਅਦ ਪਰਤਣ। ਵਿਦਿਅਕ ਸੰਸਥਾਵਾਂ ਵੀ ਬੰਦ ਹਨ। -ਪੀਟੀਆਈ
ਪੰਜਾਬ ’ਚ 16 ਤੇ ਹਰਿਆਣਾ ’ਚ ਦੋ ਮਰੀਜ਼ ਵੱਖਰੇ ਵਾਰਡਾਂ ’ਚ ਨਿਗਰਾਨੀ ਹੇਠ
ਚੰਡੀਗੜ੍ਹ: ਕਰੋਨਾਵਾਇਰਸ ਤੋਂ ਪੀੜਤ ਹੋਣ ਦੇ ਸ਼ੱਕ ’ਚ ਪੰਜਾਬ ਵਿਚ 16 ਤੇ ਹਰਿਆਣਾ ਵਿਚ ਦੋ ਮਰੀਜ਼ਾਂ ਨੂੰ ਵੱਖਰੇ ਵਾਰਡਾਂ ਵਿਚ ਰੱਖਿਆ ਜਾ ਰਿਹਾ ਹੈ। ਅੰਮ੍ਰਿਤਸਰ ਵਿਚ ਹੋਈ ਇਕ ਮੌਤ ਸਵਾਈਨ ਫ਼ਲੂ ਕਾਰਨ ਹੋਈ ਹੈ। ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ 16 ਮਰੀਜ਼ਾਂ ਦੇ ਸਰੀਰ ’ਚੋਂ ਲਏ ਨਮੂਨੇ ਜਾਂਚ ਲਈ ਭੇਜੇ ਗਏ ਹਨ। ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿੱਜ ਨੇ ਦੱਸਿਆ ਕਿ ਸੂਬੇ ਵਿਚ ਦੋ ਵਿਅਕਤੀ ਜੋ ਚੀਨ ਤੋਂ ਪਰਤੇ ਹਨ, ਨੂੰ ਨਿਗਰਾਨੀ ਹੇਠ ਰੱਖਿਆ ਜਾ ਰਿਹਾ ਹੈ। ਪੀਜੀਆਈ ਦੇ ਡਾਇਰੈਕਟਰ ਜਗਤ ਰਾਮ ਨੇ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਨੂੰ ਪੱਤਰ ਲਿਖ ਕੇ ਸ਼ੱਕੀ ਮਰੀਜ਼ਾਂ ਨੂੰ ਪੀਜੀਆਈ ਰੈਫ਼ਰ ਕਰਨ ਦੀ ਬਜਾਏ ਸੂਬੇ ਦੇ ਹਸਪਤਾਲਾਂ ਵਿਚ ਹੀ ਵੱਖਰੇ ਵਾਰਡਾਂ ਵਿਚ ਰੱਖਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਸਵਾਈਨ ਫ਼ਲੂ ਤੇ ਕਰੋਨਾਵਾਇਰਸ ਦੇ ਲੱਛਣ ਕਾਫ਼ੀ ਮਿਲਦੇ-ਜੁਲਦੇ ਹਨ। ਇਸ ਲਈ ਰਿਪੋਰਟ ਆਉਣ ’ਤੇ ਹੀ ਤਸਵੀਰ ਸਾਫ਼ ਹੋ ਸਕੇਗੀ। ਚੰਡੀਗੜ੍ਹ ਤੇ ਅੰਮ੍ਰਿਤਸਰ ਦੇ ਹਵਾਈ ਅੱਡਿਆਂ ਦੇ ਥਰਮਲ ਸੈਂਸਰ ਲਾ ਦਿੱਤੇ ਗਏ ਹਨ।