FEATURED NEWS News

ਕਸ਼ਮੀਰ ਵਿਚ ਆਮ ਜਨ-ਜੀਵਨ ਠੱਪ, ਦੁਕਾਨਦਾਰਾਂ ਨੂੰ ਧਮਕੀਆਂ

ਸ੍ਰੀਨਗਰ : ਕਸ਼ਮੀਰ ਘਾਟੀ ਦੇ ਕਈ ਇਲਾਕਿਆਂ ਤੋਂ ਸ਼ਰਾਰਤੀ ਅਨਸਰਾਂ ਦੁਆਰਾ ਦੁਕਾਨਦਾਰਾਂ ਨੂੰ ਧਮਕੀ ਦਿਤੇ ਜਾਣ ਅਤੇ ਨਿਜੀ ਵਾਹਨਾਂ ਵਿਚ ਭੰਨਤੋੜ ਕਰਨ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਧਾਰਾ 370 ਖ਼ਤਮ ਕੀਤੇ ਜਾਣ ਮਗਰੋਂ ਘਾਟੀ ਵਿਚ 46ਵੇਂ ਦਿਨ ਵੀ ਆਮ ਜਨ-ਜੀਵਨ ਠੱਪ ਰਿਹਾ। ਅਧਿਕਾਰੀਆਂ ਨੇ ਦਸਿਆ ਕਿ ਸ਼ਰਾਰਤੀ ਅਨਸਰ ਚਾਹੁੰਦੇ ਹਨ ਕਿ ਬੰਦ ਜਾਰੀ ਰਹੇ, ਇਸ ਲਈ ਕਈ ਥਾਵਾਂ ‘ਤੇ ਨਿਜੀ ਵਾਹਨਾਂ ‘ਤੇ ਪਥਰਾਅ ਕੀਤੇ ਗਏ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੇ ਇਨ੍ਹਾਂ ਘਟਨਾਵਾਂ ਦਾ ਨੋਟਿਸ ਲਿਆ ਹੈ ਤੇ ਕਾਰਵਾਈ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਘਾਟੀ ਵਿਚ ਦੁਕਾਨਾਂ ਬੰਦ ਰਹੀਆਂ ਅਤੇ ਜਨਤਕ ਆਵਾਜਾਈ ਸੇਵਾਵਾਂ ਵੀ ਬੰਦ ਰਹੀਆਂ। ਕੁੱਝ ਦੁਕਾਨਾਂ ਸਵੇਰੇ ਥੋੜੇ ਸਮੇਂ ਲਈ ਅਤੇ ਦੇਰ ਸ਼ਾਮ ਨੂੰ ਖੁਲ੍ਹੀਆਂ ਪਰ ਦਿਨ ਵਿਚ ਬੰਦ ਰਹੀਆਂ। ਜਨਤਕ ਬਸਾਂ ਸੜਕਾਂ ਤੋਂ ਗ਼ਾਇਬ ਰਹੀਆਂ ਪਰ ਨਿਜੀ ਗੱਡੀਆਂ ਸ਼ਹਿਰ ਦੇ ਕਈ ਇਲਾਕਿਆਂ ਅਤੇ ਘਾਟੀ ਵਿਚ ਚੱਲ ਰਹੀਆਂ ਸਨ। ਕੁੱਝ ਆਟੋ ਰਿਕਸ਼ਾ ਅਤੇ ਅੰਤਰ ਜ਼ਿਲ੍ਹਾ ਕੈਬਾਂ ਵੀ ਸ਼ਹਿਰ ਦੇ ਸਿਵਲ ਲਾਇਨਜ਼ ਇਲਾਕੇ ਦੇ ਕੁੱਝ ਹਿੱਸਿਆਂ ਵਿਚ ਚਲੀਆਂ। ਅਧਿਕਾਰੀਆਂ ਨੇ ਕਿਹਾ ਕਿ ਇੰਟਰਨੈਟ ਸੇਵਾਵਾਂ ਹਾਲੇ ਵੀ ਬੰਦ ਹਨ। ਘਾਟੀ ਵਿਚ ਲੈਂਡਲਾਈਨ ਫ਼ੋਨ ਕੰਮ ਰਹੇ ਹਨ, ਕੁਪਵਾੜਾ ਅਤੇ ਹੰਦਵਾੜਾ ਪੁਲਿਸ ਜ਼ਿਲ੍ਹਿਆਂ ਵਿਚ ਮੋਬਾਈਲ ‘ਤੇ ਵਾਇਸ ਕਾਲ ਕੰਮ ਰਹੀਆਂ ਹਨ। ਰਾਜ ਸਰਕਾਰ ਦੁਆਰਾ ਸਕੂਲਾਂ ਨੂੰ ਖੋਲ੍ਹਣ ਦਾ ਯਤਨ ਸਫ਼ਲ ਨਹੀਂ ਹੋਇਆ ਕਿਉਂਕਿ ਬੱਚਿਆਂ ਦੀ ਸੁਰੱਖਿਆ ਨੂੰ ਵੇਖਦਿਆਂ ਮਾਪੇ ਉਨ੍ਹਾਂ ਨੂੰ ਸਕੂਲ ਨਹੀਂ ਭੇਜ ਰਹੇ।