Home » FEATURED NEWS » ਕਸ਼ਮੀਰ ਵੱਖਵਾਦੀ ਆਗੂਆਂ ਨੂੰ ਵਿਦੇਸ਼ਾਂ ਤੋਂ ਪੈਸਾ ਮਿਲਿਆ
sa

ਕਸ਼ਮੀਰ ਵੱਖਵਾਦੀ ਆਗੂਆਂ ਨੂੰ ਵਿਦੇਸ਼ਾਂ ਤੋਂ ਪੈਸਾ ਮਿਲਿਆ

ਨਵੀਂ ਦਿੱਲੀ : ਕੌਮੀ ਜਾਂਚ ਏਜੰਸੀ ਨੇ ਦੋਸ਼ ਲਾਇਆ ਕਿ ਜੰਮੂ ਕਸ਼ਮੀਰ ਵਿਚ ਅਤਿਵਾਦ ਲਈ ਫ਼ੰਡ ਦੇਣ ਦੇ ਮਾਮਲੇ ਵਿਚ ਜਾਂਚ ਤੋਂ ਪਤਾ ਲੱਗਾ ਹੈ ਕਿ ਕੱਟੜਵਾਦੀ ਵੱਖਵਾਦੀ ਆਗੂਆਂ ਨੂੰ ਵਿਦੇਸ਼ਾਂ ਤੋਂ ਧਨ ਪ੍ਰਾਪਤ ਹੋਇਆ ਅਤੇ ਉਨ੍ਹਾਂ ਇਸ ਦੀ ਵਰਤੋਂ ਅਪਣੇ ਲਈ ਸੰਪਤੀ ਖ਼ਰੀਦਣ ਤੋਂ ਲੈ ਕੇ ਅਪਣੇ ਬੱਚਿਆਂ ਨੂੰ ਵਿਦੇਸ਼ਾਂ ਵਿਚ ਸਿਖਿਆ ਦੇਣ ‘ਤੇ ਕੀਤੀ।
ਏਜੰਸੀ ਨੇ ਹੁਰੀਅਤ ਕਾਨਫ਼ਰੰਸ ਅਤੇ ਜਥੇਬੰਦੀਆਂ ਦੇ ਕਈ ਆਗੂਆਂ ਨਾਲ ਪੁੱਛ-ਪੜਤਾਲ ਕੀਤੀ ਅਤੇ ਦਾਅਵਾ ਕੀਤਾ ਕਿ ਉਨ੍ਹਾਂ ਕਸ਼ਮੀਰ ਘਾਟੀ ਵਿਚ ਲੋਕਾਂ ਵਿਚਾਲੇ ਵੱਖਵਾਦੀ ਭਾਵਨਾਵਾਂ ਭੜਕਾਉਣ ਲਈ ਪਾਕਿਸਤਾਨ ਤੋਂ ਧਨ ਮਿਲਣ ਦੀ ਗੱਲ ਪ੍ਰਵਾਨ ਕੀਤੀ। ਐਨਆਈਏ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਦੁਖਤਰਾਨ ਏ ਮਿੱਲਤ ਦੀ ਆਗੂ ਆਸੀਆ ਅੰਦਰਾਬੀ ਤੋਂ ਮਲੇਸ਼ੀਆ ਵਿਚ ਉਸ ਦੇ ਬੇਟੇ ਦੀ ਪੜ੍ਹਾਈ ‘ਤੇ ਹੋਏ ਖ਼ਰਚੇ ਬਾਰੇ ਪੁੱਛ-ਪੜਤਾਲ ਕੀਤੀ ਗਈ ਤਾਂ ਪਤਾ ਲੱਗਾ ਕਿ ਇਹ ਖ਼ਰਚਾ ਜਹੂਰ ਬਟਾਲੀ ਚੁਕਦਾ ਸੀ ਜਿਸ ਨੂੰ ਅਤਿਵਾਦ ਫ਼ੰਡ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਦਾਅਵਾ ਕੀਤਾ ਗਿਆ ਹੈ ਕਿ ਜਾਂਚ ਵਿਚ ਆਸੀਆ ਅੰਦਰਾਬੀ ਨੇ ਮੰਨਿਆ ਕਿ ਉਸ ਨੂੰ ਵਿਦੇਸ਼ੀ ਸ੍ਰੋਤਾਂ ਤੋਂ ਧਨ ਅਤੇ ਚੰਦਾ ਮਿਲਦਾ ਰਿਹਾ ਹੈ ਅਤੇ ਉਕਤ ਜਥੇਬੰਦੀ ਘਾਟੀ ਵਿਚ ਮੁਸਲਿਮ ਔਰਤਾਂ ਕੋਲੋਂ ਪ੍ਰਦਰਸ਼ਨ ਕਰਾਉਂਦੀ ਹੈ। ਬਿਆਨ ਮੁਤਾਬਕ ਐਨਆਈਏ ਨੇ ਆਸੀਆ ਦੇ ਬੇਟੇ ਮੁਹੰਮਦ ਬਿਨ ਕਾਸਿਮ ਦੁਆਰਾ ਯੂਨੀਵਰਸਿਟੀ ਵਿਚ ਪੜ੍ਹਨ ਦੌਰਾਨ ਕੁੱਝ ਬੈਂਕ ਖਾਤਿਆਂ ਦੀ ਵਰਤੋਂ ਬਾਰੇ ਸਬੰਧਤ ਅਧਿਕਾਰੀਆਂ ਨੂੰ ਤੱਥ ਮੁਹਈਆ ਕਰਾਉਣ ਲਈ ਕਿਹਾ ਹੈ। ਇਕ ਹੋਰ ਕੱਟੜਵਾਦੀ ਆਗੂ ਸ਼ਬੀਰ ਸ਼ਾਹ ਕੋਲੋਂ ਵੀ ਉਸ ਦੇ ਪੇਸ਼ੇ ਬਾਰੇ ਪੁੱਛ-ਪੜਤਾਲ ਕੀਤੀ ਗਈ ਜੋ ਕਥਿਤ ਰੂਪ ਵਿਚ ਪਾਕਿਸਤਾਨ ਤੋਂ ਪ੍ਰਾਪਤ ਧਨ ਨਾਲ ਚਲਦਾ ਸੀ ਅਤੇ ਇਸ ਵਿਚ ਪਹਿਲਗਾਮ ਵਿਪਚ ਉਸ ਦੇ ਹੋਟਲ ਦਾ ਕਿੱਤਾ ਵੀ ਸ਼ਾਮਲ ਹੈ। ਐਨਆਈਏ ਨੇ ਮਈ 2017 ਵਿਚ ਜਮਾਤ ਉਦ ਦਾਅਵਾ, ਦੁਖਤਰਾਨ ਏ ਮਿੱਲਤ, ਲਸ਼ਕਰ ਏ ਤਾਇਬਾ, ਹਿਜ਼ਬੁਲ ਮੁਜਾਹਿਦੀਨ ਦੇ ਅਤਿਵਾਦੀਆਂ ਅਤੇ ਰਾਜ ਵਿਚ ਹੋਰ ਵੱਖਵਾਦੀ ਆਗੂਆਂ ਵਿਰੁਧ ਮਾਮਲਾ ਦਰਜ ਕੀਤਾ ਸੀ।

About Jatin Kamboj