Home » FEATURED NEWS » ਕਾਲਾ ਧਨ ਲੁਕਾਉਣ ਵਾਲੀਆਂ ਦੋ ਭਾਰਤੀ ਕੰਪਨੀਆਂ ਦਾ ਨਾਂਅ ਦੱਸੇਗੀ ਸਵਿਸ ਸਰਕਾਰ
cas

ਕਾਲਾ ਧਨ ਲੁਕਾਉਣ ਵਾਲੀਆਂ ਦੋ ਭਾਰਤੀ ਕੰਪਨੀਆਂ ਦਾ ਨਾਂਅ ਦੱਸੇਗੀ ਸਵਿਸ ਸਰਕਾਰ

ਨਵੀਂ ਦਿੱਲੀ : ਕਾਲੇ ਧਨ ਲਈ ਸੁਰੱਖਿਅਤ ਪਨਾਹਗਾਰ ਵਜੋਂ ਮਸ਼ਹੂਰ ਸਵਿਟਜ਼ਰਲੈਂਡ ਦੀ ਸਰਕਾਰ ਹੁਣ ਦੋ ਕੰਪਨੀਆਂ ਤੇ ਤਿੰਨ ਵਿਅਕਤੀਆਂ ਦੇ ਨਾਂਅ ਭਾਰਤੀ ਏਜੰਸੀਆਂ ਨੂੰ ਦੱਸਣ ਲਈ ਸਹਿਮਤ ਹੋ ਗਈ ਹੈ।
ਦੋਵੇਂ ਕੰਪਨੀਆਂ ਵਿੱਚੋਂ ਇੱਕ ਤਾਂ ਸੂਚੀਬੱਧ ਵੀ ਦੱਸੀ ਜਾਂਦੀ ਹੈ ਅਤੇ ਕਈ ਉਲੰਘਣਾਵਾਂ ਦੇ ਮਾਮਲੇ `ਚ ਬਾਜ਼ਾਰ ਦੀ ਰੈਗੂਲੇਟਰੀ ਸੰਸਥਾ ‘ਸੇਬੀ` ਦੀ ਨਿਗਰਾਨੀ ਦਾ ਸਾਹਮਣਾ ਕਰ ਰਹੀ ਹੈ। ਦੂਜੀ ਕੰਪਨੀ ਦਾ ਤਾਮਿਲ ਨਾਡੂ ਦੇ ਕੁਝ ਸਿਆਸੀ ਆਗੂਆਂ ਨਾਲ ਸਬੰਧ ਦੱਸਿਆ ਜਾਦਾ ਹੈ। ਨੋਟੀਫਿ਼ਕੇਸ਼ਨ ਮੁਤਾਬਕ ਸਵਿਸ ਸਰਕਾਰ ਦਾ ਕੇਂਦਰੀ ਟੈਕਸ ਵਿਭਾਗ ਜਿਓਡੇਸਿਕ ਲਿਮਿਟੇਡ ਅਤੇ ਆਥੀ ਇੰਟਰਪ੍ਰਾਈਜ਼ਸ ਪ੍ਰਾਈਵੇਟ ਲਿਮਿਟੇਡ ਬਾਰੇ ਕੀਤੀਆਂ ਬੇਨਤੀਆਂ `ਤੇ ਭਾਰਤ ਨੂੰ ਪ੍ਰਸ਼ਾਸਨਿਕ ਸਹਾਇਤਾ ਦੇਣ ਲਈ ਤਿਆਰ ਹੈ। ਜਿਓਡੇਸਿਕ ਨਾਲ ਜੁੜੇ ਤਿੰਨ ਜਣਿਆਂ ਪੰਕਜ ਕੁਮਾਰ ਓਂਕਾਰ ਸ਼੍ਰੀਵਾਸਤਵ, ਪ੍ਰਸ਼ਾਂਤ ਸ਼ਰਦ ਮੁਲੇਕਰ ਅਤੇ ਕਿਰਨ ਕੁਲਕਰਣੀ ਦੇ ਮਾਮਲੇ `ਚ ਵੀ ਬੇਨਤੀ `ਤੇ ਸਹਿਮਤੀ ਪ੍ਰਗਟਾਈ ਗਈ ਹੈ।
ਸਵਿਸ ਸਰਕਾਰ ਨੇ ਇਨ੍ਹਾਂ ਵਿਅਕਤੀਆਂ ਬਾਰੇ ਜਾਣਕਾਰੀ ਅਤੇ ਮਦਦ ਨਾਲ ਜੁੜੇ ਵਿਸ਼ੇਸ਼ ਵੇਰਵਿਆਂ ਦਾ ਖ਼ੁਲਾਸਾ ਨਹੀਂ ਕੀਤਾ। ਇਸ ਤਰ੍ਹਾਂ ਦੀ ਪ੍ਰਸ਼ਾਸਨਿਕ ਸਹਾਇਤਾ ਵਿੱਚ ਵਿੱਤੀ ਤੇ ਟੈਕਸ ਨਾਲ ਸਬੰਧਤ ਗੜਬੜੀਆਂ ਬਾਰੇ ਸਬੂਤ ਪੇਸ਼ ਕਰਨੇ ਹੁੰਦੇ ਹਨ। ਬੈਂਕ ਖਾਤਿਆਂ ਤੇ ਹੋਰ ਵਿੱਤੀ ਅੰਕੜਿਆਂ ਨਾਲ ਜੁੜੀਆਂ ਜਾਣਕਾਰੀਆਂ ਸ਼ਾਮਲ ਹੁੰਦੀਆਂ ਹਨ। ਕੰਪਨੀਆਂ ਤੇ ਉਸ ਦੇ ਡਾਇਰੈਕਟਰਾਂ ਨੂੰ ਸੇਬੀ ਦੇ ਨਾਲ ਈਡੀ ਅਤੇ ਮੁੰਬਈ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਦੀ ਜਾਂਚ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਮੁਤਾਬਕ ਪੰਕਜ ਕੁਮਾਰ ਜਿਓਡੇਸਿਕ ਲਿਮਿਟੇਡ ਦੇ ਚੇਅਰਮੈਨ, ਕਿਰਨ ਕੁਲਕਰਣੀ ਐੱਮਡੀ ਅਤੇ ਐਗਜ਼ੀਕਿਊਟਿਵ ਡਾਇਰੈਕਟਰ ਸਨ। ਰਿਪੋਰਟਾਂ ਅਨੁਸਾਰ ਕੰਪਨੀ ਦੇ ਪ੍ਰੋਮੋਟਰਜ਼ ਦੇ ਟਿਕਾਣਿਆਂ `ਤੇ ਆਮਦਨ ਵਿਭਾਗ ਨੇ ਕਈ ਛਾਪੇਮਾਰੀਆਂ ਕੀਤੀਆਂ ਸਨ।

About Jatin Kamboj