FEATURED NEWS News PUNJAB NEWS

ਖੇਤੀਬਾੜੀ ਅਤੇ ਪਾਣੀ ਦੀ ਸੰਭਾਲ ਲਈ ਕੈਪਟਨ ਨੇ ਈਰਾਨ ਤੋਂ ਮੰਗੀ ਮਦਦ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ-ਈਰਾਨ ਚੈਂਬਰ ਆਫ਼ ਕਾਮਰਸ ਦੀ ਸਥਾਪਨਾ ਦਾ ਪ੍ਰਸਤਾਵ ਪੇਸ਼ ਕੀਤਾ ਤਾਂ ਕਿ ਦੁਵੱਲੇ ਨਿਵੇਸ਼ ਦੀ ਸਮਰਥਾ ਨੂੰ ਹੋਰ ਵਧਾਇਆ ਜਾ ਸਕੇ। ਇਸੇ ਦੌਰਾਨ ਮੁੱਖ ਮੰਤਰੀ ਨੇ ਪਾਣੀ ਦੀ ਸੰਭਾਲ, ਖੇਤੀਬਾੜੀ ਅਤੇ ਖੇਤੀ ਵਸਤਾਂ ਦੇ ਅਹਿਮ ਖੇਤਰਾਂ ਵਿੱਚ ਖਾੜੀ ਮੁਲਕ ਪਾਸੋਂ ਤਕਨੀਕ ਮੁਹੱਈਆ ਕਰਵਾਉਣ ਦੀ ਮੰਗ ਕੀਤੀ। ਭਾਰਤ ਵਿਚ ਈਰਾਨ ਦੇ ਰਾਜਦੂਤ ਅਲੀ ਚੇਗੇਨੀ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਈਰਾਨ ਦੇ ਸਫ਼ੀਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਾਏ ਜਾ ਰਹੇ ਸਮਾਗਮਾਂ ਵਿਚ ਆਉਣ ਦਾ ਨਿੱਜੀ ਤੌਰ ’ਤੇ ਸੱਦਾ ਦਿੱਤਾ। ਮੁੱਖ ਮੰਤਰੀ ਨੇ ਉਨ੍ਹਾਂ ਨੂੰ ਦਸਿਆ ਕਿ ਇਸ ਇਤਿਹਾਸਕ ਮੌਕੇ ਆਉਣ ਵਾਲੇ ਸਿੱਖ ਸ਼ਰਧਾਲੂਆਂ ਲਈ ਤਹਿਰਾਨ ਤੋਂ ਅੰਮ੍ਰਿਤਸਰ ਵਾਸਤੇ ਵਿਸ਼ੇਸ਼ ਹਵਾਈ ਉਡਾਨਾਂ ਸ਼ੁਰੂ ਕਰਨ ਦਾ ਮਾਮਲਾ ਉਨ੍ਹਾਂ ਵਲੋਂ ਪਹਿਲਾਂ ਹੀ ਭਾਰਤ ਸਰਕਾਰ ਕੋਲ ਉਠਾਇਆ ਜਾ ਚੁੱਕਾ ਹੈ।ਈਰਾਨ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਵਿਚ ਸਿੱਖ ਭਾਈਚਾਰੇ ਦੀ ਭੂਮਿਕਾ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਲੋਕਾਂ ਦਰਮਿਆਨ ਆਪਸੀ ਰਿਸ਼ਤਿਆਂ ਨੂੰ ਹੋਰ ਅੱਗੇ ਲਿਜਾਣ ਦੀ ਲੋੜ ’ਤੇ ਜ਼ੋਰ ਦਿੱਤਾ । ਉਨ੍ਹਾਂ ਨੇ ਮੁੱਖ ਸਕੱਤਰ ਨੂੰ ਪੰਜਾਬ ਤੇ ਈਰਾਨ ਦੀਆਂ ਯੂਨੀਵਰਸਿਟੀਆਂ ਦਰਮਿਆਨ ਵਿਦਿਆਰਥੀਆਂ ਦੇ ਅਦਾਨ-ਪ੍ਰਦਾਨ ਨੂੰ ਸ਼ੁਰੂ ਕਰਨ ਤੋਂ ਇਲਾਵਾ ਵਪਾਰਕ ਵਿਚਾਰ-ਵਟਾਂਦਰੇ ਨੂੰ ਵੀ ਉਤਸ਼ਾਹਤ ਕਰਨ ਦਾ ਸੁਝਾਅ ਰੱਖਿਆ। ਮੁੱਖ ਮੰਤਰੀ ਨੇ ਕਿਹਾ ਕਿ ਈਰਾਨ ਨੂੰ ਬਰਾਮਦ ਕੀਤੇ ਜਾਣ ਵਾਲੇ ਮਿਆਰੀ ਚੌਲ, ਫਲ ਅਤੇ ਸੁੱਕੇ ਮੇਵਿਆਂ ਦੀ ਮਿਕਦਾਰ ਹੋਰ ਵਧਾਈ ਜਾ ਸਕਦੀ ਹੈ। ਉਨਾਂ ਇਹ ਵੀ ਦੱਸਿਆ ਕਿ ਸੂਬੇ ਲਈ ਦਰਾਮਦ ਹੁੰਦੀਆਂ ਪ੍ਰਮੁੱਖ ਵਸਤਾਂ ਵਿੱਚ ਈਰਾਨ ਦੀ ਯੂਰੀਆ ਵੀ ਸ਼ਾਮਲ ਹੈ। ਮੁੱਖ ਮੰਤਰੀ ਨੇ ਸਫ਼ੀਰ ਨੂੰ ਸੂਬੇ ਵਿੱਚ ਉਦਯੋਗਿਕ ਯੂਨਿਟ ਸਥਾਪਤ ਕਰਨ ਦੇ ਚਾਹਵਾਨ ਈਰਾਨੀ ਨਿਵੇਸ਼ਕਾਰਾਂ ਨੂੰ ਸੂਬਾ ਸਰਕਾਰ ਵੱਲੋਂ ਹਰ ਸੰਭਵ ਮਦਦ ਤੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ।