ARTICLES

ਗ਼ੈਰ-ਲੋਕਰਾਜੀ ਤੇ ਤਰਕਹੀਣ ਹਨ ਸੰਗਤ ਦਰਸ਼ਨ

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕੀਤੇ ਜਾ ਰਹੇ ਸੰਗਤ ਦਰਸ਼ਨਾਂ ਬਾਰੇ, ਸ੍ਰ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਅਕਸਰ ਹੁੱਬ ਕੇ ਕਿਹਾ ਜਾਂਦਾ ਹੈ ਕਿ ਰਾਜ ਦੇ ਮੁੱੱਖ ਮੰਤਰੀ ਵੱਲੋਂ ਆਮ ਲੋਕਾਂ ਨਾਲ ਰਾਬਤਾ ਕਾਇਮ ਕਰਨ ਲਈ ‘ਸੰਗਤ ਦਰਸ਼ਨ’ ਦੀ ਕਾਢ ਉਨ੍ਹਾਂ ਦੇ ਦਿਮਾਗ ਦੀ ਹੀ ਹੈ। ਨਾਲ ਹੀ ਉਹ ਇਹ ਦਾਅਵਾ ਵੀ ਕਰਦੇ ਰਹਿੰਦੇ ਹਨ ਕਿ ਸਮੁੱਚੇ ਭਾਰਤ ਵਿਚਲੇ ਮੁੱਖ ਮੰਤਰੀਆਂ ਵਿੱਚੋਂ ਉਹ ਇਕੱਲੇ ਹੀ ਹਨ, ਜੋ ਸੰਗਤ ਦਰਸ਼ਨਾਂ ਦੀ ਸਕੀਮ ਨੂੰ ਸਫਲਤਾਪੂਰਵਕ ਚਲਾ ਰਹੇ ਹਨ ਜਦੋਂਕਿ ਦੂਜੀਆਂ ਪਾਰਟੀਆਂ ਦੇ ਆਗੂ ਸੰਗਤ ਦਰਸ਼ਨ ਦੇ ਨਾਂ ਉੱਪਰ ਸਿਰਫ਼ ਡਰਾਮਾ ਹੀ ਕਰ ਰਹੇ ਹਨ। ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦਾ ਸੰਗਤ ਦਰਸ਼ਨ ਪ੍ਰੋਗਰਾਮ ਠੁੱਸ ਹੋ ਕੇ ਰਹਿ ਗਿਆ ਹੈ ਪਰ ਪੰਜਾਬ ਵਿੱਚ ਮੁੱਖ ਵਿਰੋਧੀ ਧਿਰ ਦੇ ਆਗੂ ਕੈਪਟਨ ਅਮਰਿੰਦਰ ਸਿੰਘ ਵੱਲੋਂ ਚਲਾਈ ਜਾ ਰਹੀ ਮੁਹਿੰਮ ‘ਕੌਫੀ ਵਿੱਦ ਕੈਪਟਨ’ ਜਾਂ ‘ਕੈਪਟਨ ਹਲਕੇ ਵਿੱਚ’ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ।
ਪੰਜਾਹ-ਸੱਠ ਸਾਲ ਦੇ ਆਪਣੇ ਸਿਆਸੀ ਜੀਵਨ ਵਿੱਚ, ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਮੁੱਖ ਮੰਤਰੀ ਬਾਦਲ ਦੇ ਮਨ ਵਿੱਚ ਕਿਤੇ ਨਾ ਕਿਤੇ ਇਹ ਗੱਲ ਘਰ ਕਰ ਗਈ ਲਗਦੀ ਹੈ ਕਿ ਉਹ ਪੰਜਾਬ ਦੇ ਲੋਕਾਂ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਰਗਾ ਰਾਜ ਪ੍ਰਦਾਨ ਕਰ ਰਹੇ ਹਨ। ਸੰਗਤ ਦਰਸ਼ਨ ਦਰਮਿਆਨ ਗ੍ਰਾਂਟਾਂ ਵੰਡਣ ਸਮੇਂ ਕੁਰਸੀ ਉੱਪਰ ਬੈਠੇ ਪ੍ਰਕਾਸ਼ ਸਿੰਘ ਬਾਦਲ ਆਪਣੇ-ਆਪ ਨੂੰ ਸਿੰਘਾਸ਼ਨ ਉੱਪਰ ਬੈਠਾ ਮਹਾਰਾਜਾ ਅਤੇ ਸਾਹਮਣੇ ਵੱਖ ਵੱਖ ਕੰਮਾਂ ਲਈ ਹੱਥਾਂ ਵਿੱਚ ਅਰਜ਼ੀਆਂ ਫੜੀ, ਉਸ ਦੀ ਆਪਣੀ ਹੀ ਪਾਰਟੀ (ਕਿਉਂਕਿ ਕਿਸੇ ਵਿਰੋਧੀ ਨੂੰ ਤਾਂ ਉੱਥੇ ਫਟਕਣ ਵੀ ਨਹੀਂ ਦਿੱਤਾ ਜਾਂਦਾ) ਦੇ ਜਥੇਦਾਰਾਂ, ਪੰਚਾਂ, ਸਰਪੰਚਾਂ, ਹਲਕਾ ਇੰਚਾਰਜਾਂ ਨੂੰ ਰਿਆਇਆਂ/ਪਰਜਾ ਸਮਝਣ ਦਾ ਭਰਮ ਪਾਲ ਰਹੇ ਹੁੰਦੇ ਹਨ।
ਉਂਜ, ਜੇ ਸੰਗਤ ਦਰਸ਼ਨ ਦੇ ਸ਼ਬਦੀ ਅਰਥਾਂ ਵੱਲ ਜਾਈਏ ਤਾਂ ਇਸ ਦਾ ਮਤਲਬ ਸੰਗਤ ਭਾਵ ਆਮ ਲੋਕਾਂ ਦੇ ਦਰਸ਼ਨ ਕਰਨਾ ਹੀ ਨਿਕਲਦਾ ਹੈ। ਪਰ ਬਾਦਲ ਦੇ ਸੰਗਤ ਦਰਸ਼ਨਾਂ ਵਿੱਚ ਬਾਦਲ ਆਪਣੀ ਹੀ ਪਾਰਟੀ ਦੇ ਹਾਂ-ਵਿੱਚ-ਹਾਂ ਮਿਲਾਉਣ ਵਾਲੇ ਕੁਝ ਚੋਣਵੇਂ ਚੌਧਰੀਆਂ (ਸੰਗਤ) ਨੂੰ ਆਪ ਦਰਸ਼ਨ ਦਿੰਦੇ ਹਨ, ਉਨ੍ਹਾਂ ਦੇ ਦਰਸ਼ਨ ਕਰਦੇ ਨਹੀਂ। ਚੋਣਾਂ ਸਿਰ ਉੱਪਰ ਆਈਆਂ ਦੇਖ ਤੇ ਪਾਰਟੀ ਦੀ ਲੋਕਾਂ ਵਿੱਚ ਡਿੱਗ ਰਹੀ ਸਾਖ ਨੂੰ ਠੁੰਮਮ੍ਹਣਾ ਦੇਣ ਅਤੇ ਚੋਣਾਂ ਵਿੱਚ ਮੂੰਹ ਦਿਖਾਉਣ ਜੋਗੇ ਹੋਣ ਲਈ ਹਾਕਮ ਪਾਰਟੀ ਦੇ ਸਥਾਨਕ ਆਗੂ ਮੁੱਖ-ਮੰਤਰੀ ਸਾਹਮਣੇ ਪਿੰਡ ਦੀਆਂ ਗਲੀਆਂ-ਨਾਲੀਆਂ ਪੱਕੀਆਂ ਕਰਨ, ਪਿੰਡ ਦੇ ਸਕੂਲ ਨੂੰ ਅਪਗਰੇਡ ਕਰਨ, ਸਿਵਿਲ ਡਿਸਪੈਂਸਰੀਆਂ ਖੋਲ੍ਹਣ, ਪਸ਼ੂ ਹਸਪਤਾਲ ਬਣਾਉਣ ਆਦਿ ਵਰਗੀਆਂ ਮੁੱਢਲੀਆਂ ਸਹੂਲਤਾਂ ਦੀ ਮੰਗ ਸਬੰਧੀ ਅਰਜ਼ੀਆਂ ਪੇਸ਼ ਕਰਦੇ ਹਨ। ਸਿਆਸੀ ਗਿਣਤੀਆਂ-ਮਿਣਤੀਆਂ ਕਰਕੇ ਪਹਿਲਾਂ ਹੀ ਤੈਅ ਕੀਤੀ ਰਕਮ ਬਾਦਲ ਵੱਲੋਂ ਚੈੱਕ ਦੇ ਰੂਪ ਵਿੱਚ ਇਉਂ ਪੇਸ਼ ਕੀਤੀ ਜਾਂਦੀ ਹੈ ਜਿਵੇਂ ਉਨ੍ਹਾਂ ਵੱਲੋਂ ਇਹ ਆਪਣੀ ਜੇਬ ਵਿੱਚੋਂ ਦਿੱਤੀ ਜਾ ਰਹੀ ਹੋਵੇ।
ਬਾਦਲ ਵੱਲੋਂ ਇੰਜ ਸੰਗਤ ਦਰਸ਼ਨਾਂ ਦੇ ਰੂਪ ਵਿੱਚ ਦਰਬਾਰ ਲਗਾ ਕੇ ਸਰਕਾਰੀ ਖ਼ਜ਼ਾਨੇ, ਜਿਸ ਨੂੰ ਲੋਕਾਂ ਦੀਆਂ ਜੇਬਾਂ ਵਿੱਚੋਂ ਵੱਖ ਵੱਖ ਟੈਕਸਾਂ ਦੇ ਰੂਪ ਵਿੱਚ ਪੈਸਾ ਇਕੱਠਾ ਕਰਕੇ ਭਰਿਆ ਗਿਆ ਹੁੰਦਾ ਹੈ, ਨੂੰ ਇਵੇਂ ਲੁਟਾਉਣਾ ਕਿਸੇ ਵੀ ਤਰ੍ਹਾਂ ਤਰਕਸੰਗਤ ਅਤੇ ਦਰੁਸਤ ਨਹੀਂ ਕਿਹਾ ਜਾ ਸਕਦਾ। ਪੰਜ ਵਾਰ ਮੁੱਖ ਮੰਤਰੀ ਰਹਿਣ ਦੇ ਬਾਵਜੂਦ ਉਹ ਲੋਕਾਂ ਦੀਆਂ ਖ਼ਾਸ ਕਰਕੇ ਪਿੰਡਾਂ ਵਿੱਚ ਰਹਿਣ ਵਾਲਿਆਂ ਦੀਆਂ ਮੁੱਢਲੀਆਂ ਲੋੜਾਂ-ਗਲੀਆਂ-ਨਾਲੀਆਂ ਪੱਕੀਆਂ ਕਰਨੀਆਂ, ਸਾਧਨਹੀਣ ਲੋਕਾਂ ਲਈ ਸਾਂਝੇ ਪਖ਼ਾਨੇ, ਸਕੂਲ, ਹਸਪਤਾਲ ਤੇ ਪਸ਼ੂ ਡਿਸਪੈਂਸਰੀਆਂ ਆਦਿ ਬਣਵਾਉਣੇ ਅਤੇ ਉਨ੍ਹਾਂ ’ਚ ਲੋੜੀਂਦੇ ਸਟਾਫ ਦੀ ਪੂਰਤੀ ਕਰਨ ਦਾ ਕੰਮ ਵੀ ਪੂਰਾ ਨਹੀਂ ਕਰ ਸਕੇ। ਪੰਜਾਬ ਦੇ ਹਰ ਪਿੰਡ, ਕਸਬੇ ਤੇ ਸ਼ਹਿਰ ਆਦਿ ਦੀਆਂ ਲੋੜਾਂ ਤੇ ਮੰਗਾਂ ਤਕਰੀਬਨ ਇੱਕੋ ਜਿਹੀਆਂ ਹਨ। ਪਰ ਸੰਗਤ ਦਰਸ਼ਨ ਦੇ ਨਾਂ ’ਤੇ ਆਪਣੇ ਹੀ ਹਮਾਇਤੀ ਕੁਝ ਚੋਣਵੇ ਚੌਧਰੀਆਂ ਦੀ ਫੋਕੀ ਟੌਅਰ ਬਣਾਉਣ ਲਈ, ਉਨ੍ਹਾਂ ਰਾਹੀਂ ਪਿੰਡਾਂ ਦੀਆਂ ਸੰਸਥਾਵਾਂ ਨੂੰ ਵਿਤਕਰੇਬਾਜ਼ੀ ਨਾਲ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਹਨ। ਚਾਹੀਦਾ ਤਾਂ ਇਹ ਹੈ ਕਿ ਵਿਕਾਸ ਵਾਸਤੇ ਪਿੰਡਾਂ ਵਿੱਚ ਹੋਣ ਵਾਲੇ ਕੰਮਾਂ ਦਾ ਵੇਰਵਾ ਅਰਜ਼ੀਆਂ ਦੇ ਰੂਪ ਚੁਣੀਆਂ ਹੋਈਆਂ ਪੰਚਾਇਤਾਂ ਰਾਹੀਂ ਮੰਗਵਾਇਆ ਜਾਵੇ। ਉਪਰੰਤ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਰਾਹੀਂ ਵੱਖ ਵੱਖ ਪਿੰਡਾਂ ਦੀਆਂ ਲੋੜਾਂ/ਕੰਮਾਂ ਦਾ ਸਰਵੇਖਣ ਕਰਵਾਇਆ ਜਾਵੇ। ਇਸ ਤੋਂ ਬਾਅਦ ਹੋਣ ਵਾਲੇ ਸਮੁੱਚੇ ਕੰਮਾਂ ਦੇ ਖ਼ਰਚੇ ਦਾ ਅਨੁਮਾਨ ਲਗਾਉਣ ਉਪਰੰਤ ਕੰਮਾਂ ਦੀ ਇੱਕ ਪਹਿਲ-ਸੂਚੀ ਤਿਆਰ ਕੀਤੀ ਜਾਵੇ। ਇਸ ਤੋਂ ਬਾਅਦ ਸਬੰਧਿਤ ਸਾਲ/ਸਾਲਾਂ ਵਿੱਚ ਉਪਲੱਬਧ ਬਜਟ ਅਨੁਸਾਰ ਕੰਮ ਨੇਪੜੇ ਚਾੜੇ ਜਾਣ। ਕੀਤੇ ਜਾ ਰਹੇ ਕੰਮਾਂ ਦਾ ਪਬਲਿਕ ਆਡਿਟ ਵੀ ਹੋਵੇ। ਇਸ ਲਈ ਕੀਤੇ ਜਾਣ ਵਾਲੇ ਕੰਮਾਂ ਦਾ ਵੇਰਵਾ, ਉਸ ਉੱਪਰ ਖ਼ਰਚ ਹੋਣ ਵਾਲੀ ਨਿਰਧਾਰਿਤ ਰਕਮ, ਕੰਮ ਨੇਪਰੇ ਚਾੜ੍ਹਨ ਦਾ ਨਿਰਧਾਰਿਤ ਸਮਾਂ, ਠੇਕੇਦਾਰ ਦਾ ਨਾਮ ਤੇ ਸ਼ਿਕਾਇਤ ਆਦਿ ਕਰਨ ਲਈ ਸਬੰਧਿਤ ਉੱਚ-ਅਧਿਕਾਰੀਆਂ ਦੇ ਸੰਪਰਕ ਨੰਬਰ ਆਦਿ ਦਰਸਾਉਂਦੇ ਸਾਈਨ ਬੋਰਡ ਲਗਾਉਣੇ ਚਾਹੀਦੇ ਹਨ। ਪਰ ਸ੍ਰੀ ਬਾਦਲ ਦੇ ਮੌਜੂਦਾ ਸੰਗਤ ਦਰਸ਼ਨਾਂ ਵਿੱਚ ਅਜਿਹਾ ਕੁਝ ਵੀ ਨਹੀਂ ਹੈ। ਇਨ੍ਹਾਂ ਸੰਗਤ ਦਰਸ਼ਨਾਂ ਵਿੱਚ ਕੀਤੇ ਜਾਣ ਵਾਲੇ ਕੰਮਾਂ ਦਾ ਨਾ ਵਿਸਥਾਰਿਤ ਵੇਰਵਾ, ਨਾ ਹੋਣ ਵਾਲੇ ਖ਼ਰਚੇ ਦਾ ਕੋਈ ਪੂਰਵ-ਅਨੁਮਾਨ ਹੁੰਦਾ ਹੈ ਅਤੇ ਨਾ ਹੀ ਬਾਅਦ ਵਿੱਚ ਇਸ ਰਕਮ ਦੇ ਖ਼ਰਚ ਦੀ ਕੋਈ ਪੁੱਛ-ਪੜਤਾਲ ਹੁੰਦੀ ਹੈ। ਇਸ ਕਰਕੇ ਸੰਗਤ ਦਰਸ਼ਨਾਂ ਵਿੱਚ ਵੰਡੀਆਂ ਜਾਂਦੀਆਂ ਖ਼ੈਰਾਤਨੁਮਾ ਗ੍ਰਾਂਟਾਂ ਦੀ ਦੁਰਵਰਤੋਂ ਹੋ ਰਹੀ ਹੈ। ਇਸ ਨਾਲ ਸਰਕਾਰੀ ਖ਼ਜ਼ਾਨੇ ਨੂੰ ਚਪਤ ਲੱਗ ਰਹੀ ਹੈ।
ਉਪਰੋਕਤ ਢੰਗ ਨਾਲ ਸੰਗਤ ਦਰਸ਼ਨਾਂ ਵਿੱਚ ਵੰਡੀਆਂ ਜਾ ਰਹੀਆਂ ਗ੍ਰਾਂਟਾਂ ਸਿਰਫ਼ ਆਪਣੀ ਪਾਰਟੀ ਦੇ ਚੌਧਰੀਆਂ ਨੂੰ ਦਿੱਤੀ ਜਾ ਰਹੀ ਸਿੱਧੇ-ਅਸਿੱਧੇ ਰੂਪ ਵਿੱਚ ਸਿਰਫ਼ ਤੇ ਸਿਰਫ਼ ਸਿਆਸੀ ਰਿਸ਼ਵਤ ਦਾ ਹੀ ਰੂਪ ਧਾਰਨ ਕਰ ਚੁੱਕੀਆਂ ਹਨ। ਕੁਝ ਸਿਆਣੇ ਲੋਕ ਤਾਂ ਇਹ ਵੀ ਸ਼ੱਕ ਕਰਦੇ ਹਨ ਕਿ ਸਰਪੰਚਾਂ ਨੂੰ ਚੋਣਾਂ ਵਾਲੇ ਸਾਲ ਵਿੱਚ ਵਰਤਾਏ ਗਏ ਗੱਫੇ, ਚੋਣਾਂ ਸਮੇਂ ਵੋਟਾਂ ਖ਼ਰੀਦਣ ਲਈ ਵਰਤੇ ਜਾਂਦੇ ਹਨ। ਜਿੱਥੋਂ ਤਕ ਸ੍ਰੀ ਬਾਦਲ ਵੱਲੋਂ ਕੀਤੇ ਜਾ ਰਹੇ ਇਸ ਦਾਅਵੇ ਦਾ ਸਬੰਧ ਹੈ ਕਿ ਸੰਗਤ ਦਰਸ਼ਨ ਉਨ੍ਹਾਂ ਦੇ ਦਿਮਾਗ ਦੀ ਹੀ ਕਾਢ ਹੈ। ਇਹ ਗੱਲ ਵੀ ਦਰੁਸਤ ਨਹੀਂ ਕਿਉਂਕਿ ਦੱਖਣੀ ਭਾਰਤ ਦੇ ਕਈ ਸੂਬਿਆਂ ਦੇ ਮੁੱਖ ਮੰਤਰੀ ਪਹਿਲਾਂ ਵੀ ਇਹ ਤਜਰਬਾ ਕਰ ਚੁੱਕੇ ਹਨ ਪਰ ਆਮ ਲੋਕਾਂ ਦੀਆਂ ਅਸਲ ਸਮਸਿਆਵਾਂ ਹੱਲ ਕਰਨ ਤੋਂ ਅਸਮਰਥ ਰਹਿਣ ਕਾਰਨ ਉਹ ਇਸ ਫਜੂਲ ਕਿਸਮ ਦੇ ਅਭਿਆਸ ਤੋਂ ਕਿਨਾਰਾ ਕਰ ਗਏ। ਪੰਜਾਬ ਦੇ ਸਾਬਕਾ ਮੁੱਖ-ਮੰਤਰੀ ਮਰਹੂਮ ਬੇਅੰਤ ਸਿੰਘ ਵੀ ਚੰਡੀਗੜ੍ਹ ਵਿਖੇ ਖੁੱਲ੍ਹਾ ਦਰਬਾਰ ਲਗਾਉਂਦੇ ਰਹੇ ਹਨ। ਆਪਣੀ ਰਿਹਾਇਸ਼ ’ਤੇ ਖੁੱਲ੍ਹੇ ਵਿਹੜੇ ਵਿੱਚ ਕਤਾਰਾਂ ਵਿੱਚ ਲੱਗੀਆਂ ਕੁਰਸੀਆਂ ਉੱਪਰ ਲੋਕ ਆਪੋ-ਆਪਣੀਆਂ ਫ਼ਰਿਆਦਾਂ ਲੈ ਕੇ ਬੈਠੇ ਹੁੰਦੇ ਸਨ। ਬੇਅੰਤ ਸਿੰਘ ਨਾਸ਼ਤੇ ਤੋਂ ਵਿਹਲੇ ਹੋ ਕੇ ਉਡੀਕ ਕਰ ਰਹੇ ਫ਼ਰਿਆਦੀਆਂ ਪਾਸੋਂ ਇਕੱਲੇ-ਇਕੱਲੇ ਕੋਲ ਜਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਦੇ ਸਨ ਅਤੇ ਇਸ ਦੇ ਹੱਲ ਲਈ ਸਬੰਧਿਤ ਅਧਿਕਾਰੀਆਂ ਨੂੰ ਹਦਾਇਤਾਂ ਦਿੰਦੇ ਸਨ। ਪਰ ਉਹ ਇਹ ਅਭਿਆਸ ਬਾਦਲ ਵਾਂਗ ਸਿਰਫ਼ ਚੋਣਾਂ ਵਾਲੇ ਸਾਲ ਵਿੱਚ ਹੀ ਜਾਂ ਕੁਝ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਵੇਲੇ ਹੀ ਨਹੀਂ ਸਨ ਕਰਦੇ।
ਇਸ ਸਮੇਂ ਲੋਕਾਂ ਦੀ ਸਭ ਤੋਂ ਵੱਡੀ ਸਮੱਸਿਆ, ਉਨ੍ਹਾਂ ਦੇ ਪੜ੍ਹੇ-ਲਿਖੇ ਬੱਚਿਆਂ ਵਾਸਤੇ ਰੁਜ਼ਗਾਰ ਮੁਹੱਈਆ ਕਰਨ ਜਾਂ ਰੁਜ਼ਗਾਰ ਦੇ ਸਾਧਨ ਪੈਦਾ ਕਰਨ ਦੀ ਹੈ। ਪਰ ਸ੍ਰੀ ਬਾਦਲ ਅਜਿਹਾ ਕਰਨ ਦੀ ਥਾਂ ਉਨ੍ਹਾਂ ਨੂੰ ਪਿੰਡਾਂ ’ਚ ਜਿਮ ਖੋਲ੍ਹਣ ਅਤੇ ਖੇਡ ਕਿਟਾਂ ਵਾਸਤੇ ਗ੍ਰਾਂਟਾਂ ਵੰਡ ਰਹੇ ਹਨ। ਬਾਦਲ ਵੱਲੋਂ ਅਕਸਰ ਇਹ ਵੀ ਕਿਹਾ ਜਾਂਦਾ ਹੈ ਕਿ ਸੰਗਤ ਦਰਸ਼ਨ ਸਮੇਂ ਉਨ੍ਹਾਂ ਦਾ ਆਮ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਹੋਣ ਕਾਰਨ, ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨ, ਸਮਝਣ ਅਤੇ ਹੱਲ ਕਰਨ ’ਚ ਮਦਦ ਮਿਲਦੀ ਹੈ। ਪਰ ਉਨ੍ਹਾਂ ਨੂੰ ਪੁੱਛਿਆ ਜਾ ਸਕਦਾ ਹੈ ਕਿ ਪਿੰਡਾਂ ਵਿੱਚ ਗਲੀਆਂ-ਨਾਲੀਆਂ ਪੱਕੀਆਂ ਕਰਨ, ਸਕੂਲਾਂ, ਹਸਪਤਾਲਾਂ ਦੀ ਹਾਲਤ ਸੁਧਾਰਨ ਅਤੇ ਉਨ੍ਹਾਂ ’ਚ ਪੂਰਾ ਸਟਾਫ ਦੇਣ ਆਦਿ ਮੰਗਾਂ ਕੀ ਹਰ ਪਿੰਡ ਦੀਆਂ ਵੱਖਰੀਆਂ ਵੱਖਰੀਆਂ ਹਨ, ਜਿਨ੍ਹਾਂ ਨੂੰ ਸਮਝਣ ਲਈ ਸੂਬੇ ਦੇ ਮੁੱਖ ਮੰਤਰੀ ਨੂੰ ਆਪਣੀ ਸਕਿਉਰਿਟੀ ਸਮੇਤ ਉੱਚ ਅਧਿਕਾਰੀਆਂ ਦਾ ਪੂਰਾ ਲਾਮ ਲਸ਼ਕਰ ਲੈ ਕੇ ਹਰ ਪਿੰਡ ਪਹੁੰਚਣਾ ਜ਼ਰੂਰੀ ਹੈ? ਇਸ ਦੇ ਜੁਆਬ ਵਿੱਚ ਸਾਧਾਰਨ ਤੋਂ ਸਾਧਾਰਨ ਬੰਦਾ ਵੀ ਇਹੋ ਕਹੇਗਾ ਕਿ ਜਿਨ੍ਹਾਂ ਕੰਮ ਲਈ ਸੂਬਾਈ ਪੱਧਰ ਉੱਤੇ ਕਿਸੇ ਠੋਸ ਸਾਂਝੀ ਨੀਤੀ ਬਣਾਉਣ ਦੀ ਲੋੜ ਹੋਵੇ, ਉਨ੍ਹਾਂ ਵਾਸਤੇ ਸੰਗਤ ਦਰਸ਼ਨ ਦੇ ਰੂਪ ਵਿੱਚ ਪਿੰਡੋ-ਪਿੰਡੀ ਭੱਜੇ ਫਿਰਨਾ ਅਤੇ ਇਸ ਅਭਿਆਸ ਉੱਪਰ ਸੁਰੱਖਿਆ ਅਤੇ ਪੈਟਰੋਲ ਆਦਿ ਉੱਪਰ ਹੋਣ ਵਾਲੇ ਖ਼ਰਚੇ ਨਾਲ ਸਰਕਾਰੀ ਖ਼ਜ਼ਾਨੇ ਉੱਪਰ ਕਰੋੜਾਂ ਰੁਪਏ ਦਾ ਬੋਝ ਪਾਉਣਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ। ਇਸ ਤਰ੍ਹਾਂ ਕਰਨ ਨਾਲ ਸਰਕਾਰੀ ਖ਼ਜ਼ਾਨੇ ਉੱਪਰ ਬੇਲੋੜਾ ਬੋਝ ਤਾਂ ਪੈਂਦਾ ਹੀ ਹੈ। ਇਸ ਤੋਂ ਇਲਾਵਾ ਸਮੂਹ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਆਪਣੇ ਦਫ਼ਤਰ ਛੱਡ ਕੇ ਸੰਗਤ ਦਰਸ਼ਨ ਵਿੱਚ ਹਾਜ਼ਰੀ ਭਰਨ ਕਰਕੇ ਉਨ੍ਹਾਂ ਦੇ ਆਪਣੇ ਦਫ਼ਤਰਾਂ ਵਿੱਚ ਉਨ੍ਹਾਂ ਦੀ ਗ਼ੈਰਹਾਜ਼ਰੀ ਕਾਰਨ ਕੰਮਕਾਰਾਂ ਲਈ ਆਏ ਲੋਕਾਂ ਨੂੰ ਖੱਜਲ-ਖੁਆਰ ਵੀ ਹੋਣਾ ਪੈਂਦਾ ਹੈ। ਜਿਵੇਂ ਵੈਟਰਨਰੀ ਅਫ਼ਸਰ ਲਈ ਪਸ਼ੂ ਹਸਪਤਾਲ, ਖੇਤੀ ਵਿਕਾਸ ਅਫ਼ਸਰ, ਬਲਾਕ ਵਿਕਾਸ ਅਫ਼ਸਰ, ਸੀ.ਡੀ.ਪੀ.ੳ., ਸਿੱਖਿਆ ਅਧਿਕਾਰੀ ਤੇ ਪਟਵਾਰੀ ਆਦਿ ਦੇ ਕੰਮ ਕਰਨ ਦੀ ਅਸਲੀ ਥਾਂ ਉਨ੍ਹਾਂ ਦੇ ਦਫ਼ਤਰ ਹਨ ਨਾ ਕਿ ਸੰਗਤ ਦਰਸ਼ਨ ਵਾਲੀ ਜਗ੍ਹਾ। ਆਪਣੇ ਦਫ਼ਤਰ ਬੈਠ ਕੇ ਰੋਜ਼ਮਰ੍ਹਾ ਦਾ ਕੰਮ ਕਰਨ ਦੀ ਥਾਂ ਸੰਗਤ ਦਰਸ਼ਨਾਂ ’ਚ ਹਾਜ਼ਰੀ ਭਰਨ ਲਈ ਮਜਬੂਰ ਹੋਣਾ ਉਨ੍ਹਾਂ ਦੇ ਦਫ਼ਤਰੀ ਕੰਮ ’ਚ ਵਿਘਨ ਪਾਉਣ ਅਤੇ ਕੰਮਕਾਰਾਂ ਲਈ ਆਏ ਲੋਕਾਂ ਦੀ ਖੱਜਲ-ਖੁਆਰੀ ਦਾ ਸਬੱਬ ਬਣਦਾ ਹੈ। ਇਸ ਦੇ ਨਾਲ ਹੀ ਇਹ ਰੁਝਾਨ ਹਾਕਮ ਪਾਰਟੀ ਦੇ ਸਥਾਨਕ ਚੌਧਰੀਆਂ ਵੱਲੋਂ ਸੰਗਤ ਦਰਸ਼ਨਾਂ ਵਿੱਚ ਅਧਿਕਾਰੀਆਂ ਦੀ ਜਾਇਜ਼-ਨਾਜਾਇਜ਼ ਸ਼ਿਕਾਇਤ ਕਰਕੇ, ਮੁੱਖ ਮੰਤਰੀ ਪਾਸੋਂ ਝਿੜਕਾਂ ਦੁਆ ਕੇ ਆਪਣੀ ਫੋਕੀ ਭੱਲ ਬਣਾਉਣ ਅਤੇ ਅਧਿਕਾਰੀਆਂ ਦਾ ਮਨੋਬਲ ਡੇਗਣ ਦਾ ਕਾਰਨ ਵੀ ਬਣਦਾ ਹੈ ਅਤੇ ਅਧਿਕਾਰੀਆਂ ਨੂੰ ਸਿਆਸੀ ਚੌਧਰੀਆਂ ਦੀਆਂ ਜਾਇਜ਼-ਨਾਜਾਇਜ਼ ਮੰਗਾਂ ਮੰਨਣ ਦੇ ਰਾਹ ਵੀ ਤੋਰਦਾ ਹੈ। ਸਿੱਟੇ ਵੱਜੋਂ ਸਰਕਾਰੀ ਤੰਤਰ ਦੇ ਸਿਆਸੀਕਰਨ ਹੋਣ ਦਾ ਰਾਹ ਵੀ ਖੁੱਲ੍ਹਦਾ ਹੈ।
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜ ਵਾਰ ਮੁੱਖ ਮੰਤਰੀ ਬਣ ਕੇ ਪੰਜਾਬ ਦੇ ‘ਲੋਕਾਂ ਦੀ ਸੇਵਾ’ ਕਰਕੇ ਰਾਜਸੱਤਾ ਦਾ ਕਾਫ਼ੀ ਆਨੰਦ ਮਾਣ ਲਿਆ ਹੈ। ਉਨ੍ਹਾਂ ਨੂੰ ਸਿਆਸਤ ਦੇ ਨਾਲ ਨਾਲ ਪ੍ਰਸ਼ਾਸਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੀ ਭਰਪੂਰ ਜਾਣਕਾਰੀ ਹੈ। ਇਸ ਸਥਿਤੀ ਵਿੱਚ ਉਨ੍ਹਾਂ ਨੂੰ ਗ਼ੈਰ-ਤਰਕਸੰਗਤ, ਗ਼ੈਰ-ਵਿਧਾਨਕ, ਗ਼ੈਰ-ਇਖ਼ਲਾਕੀ ਅਤੇ ਗ਼ੈਰ-ਲੋਕਰਾਜੀ ਸੰਗਤ ਦਰਸ਼ਨ ਮੁਹਿੰਮ ਜਿਸ ਲਈ ਉਹ ਦੋ ਬੰਦਿਆਂ ਦੇ ਮੋਢਿਆਂ ਦਾ ਸਹਾਰਾ ਲੈ ਕੇ ਚਲਦੇ ਹਨ, ਨੂੰ ਸੰਤੋਖ ਕੇ ਹੁਣ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਪੱਕਾ ਡੇਰਾ ਲਾ ਕੇ ਅਤੇ ਆਪਣੇ ਮੰਤਰੀਆਂ ਅਤੇ ਅਧਿਕਾਰੀਆਂ ਦੀ ਉਨ੍ਹਾਂ ਦੇ ਸਬੰਧਿਤ ਦਫ਼ਤਰਾਂ ’ਚ ਹਾਜ਼ਰੀ ਯਕੀਨੀ ਬਣਾਉਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਰੋਜ਼ੀ-ਰੋਟੀ ਲਈ ਸੰਘਰਸ਼ ਕਰ ਰਹੇ ਸਮਾਜ ਦੇ ਵੱਖ ਵੱਖ ਵਰਗਾਂ ਦੀਆਂ ਜਥੇਬੰਦੀਆਂ ਦੇ ਆਗੂਆਂ ਨੂੰ ਚੰਡੀਗੜ੍ਹ ਬੁਲਾ ਕੇ ਉਨ੍ਹਾਂ ਦੀਆਂ ਮੰਗਾਂ ਅਤੇ ਸਮੱਸਿਆਵਾਂ ਦਾ ਨਿਪਟਾਰਾ ਕਰਨ ਦੇ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਵੱਖ ਵੱਖ ਥਾਵਾਂ ’ਤੇ ਸੰਗਤ ਦਰਸ਼ਨਾਂ ਦੇ ਨੇੜੇ ਪੁਲੀਸ ਅਤੇ ਕਦੇ ਕਦੇ ਸਥਾਨਕ ਜਥੇਦਾਰਾਂ ਦੀਆਂ ਡਾਗਾਂ ਖਾਣ ਦੀ ਥਾਂ ਉਹ ਆਪਣੇ ਦੁੱਖ ਮੁੱਖ ਮੰਤਰੀ ਨੂੰ ਦੱਸ ਸਕਣ। ਅਜਿਹਾ ਕਰਨਾ ਹੀ ਹਕੀਕਤ ਦੇ ਭਾਵਪੂਰਤ ਸੰਗਤ ਦਰਸ਼ਨ ਹੋ ਸਕਦਾ ਹੈ।

ਡਾ. ਹਜ਼ਾਰਾ ਸਿੰਘ ਚੀਮਾ