COMMUNITY

ਗੁਰਦੁਆਰਾ ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ‘ਚ ਲੈਰੀ ਹੋਗਨ ਦੀ ਸਿਹਤਯਾਬੀ ਤੇ ਚੜ੍ਹਦੀ ਕਲਾ ਦੀ ਅਰਦਾਸ

ਮੈਰੀਲੈਂਡ – ਲੈਰੀ ਹੋਗਨ ਗਵਰਨਰ ਮੈਰੀਲੈਂਡ ਦੀ ਸਿਹਤਯਾਬੀ ਅਤੇ ਚੜ੍ਹਦੀ ਕਲਾ ਸਬੰਧੀ ਸਿੱਖ ਕਮਿਊਨਿਟੀ ਵਲੋਂ ਅਰਦਾਸ ਕੀਤੀ ਗਈ। ਜਿਸ ਵਿਚ ਜਾਨ ਵੂਬਨ ਸਮਿਥ ਨੇ ਗਵਰਨਰ ਮੈਰੀਲੈਂਡ ਦੀ ਹਾਜ਼ਰੀ ਖੁਦ ਸ਼ਾਮਲ ਹੋ ਕੇ ਲਗਵਾਈ। ਕੀਰਤਨ ਸੁਣਨ ਉਪਰੰਤ ਹਰਭਜਨ ਸਿੰਘ ਸੈਕਟਰੀ ਗੁਰਦੁਆਰਾ ਵਲੋਂ ਜਸਦੀਪ ਸਿੰਘ ਜੱਸੀ ਚੇਅਰਮੈਨ ਸਾਊਥ ਏਸ਼ੀਅਨ ਨੂੰ ਸੱਦਾ ਦਿੱਤਾ ਕਿ ਉਹ ਸਟੇਜ ਦੀ ਕਾਰਵਾਈ ਨੂੰ ਚਲਾਉਣ। ਜੱਸੀ ਸਿੰਘ ਨੇ ਮੈਰੀਲੈਂਡ ਦੇ ਸੈਕਟਰੀ ਜਾਨ ਵੂਬਨ ਸਮਿਥ ਅਤੇ ਕਰੈਗ ਵੁਲਫ ਤੋਂ ਇਲਾਵਾ ਡਾ. ਅਰੁਣ ਭੰਡਾਰੀ, ਡਾ. ਕਾਰਤਿਕ ਡਿਸਾਈ, ਸੂਬੀ ਮੂਨੀ ਸਵਾਮੀ, ਮੁਰਲੀ ਪਾਰਖੇ, ਦੀਪਕ ਠਾਕੁਰ ਅਤੇ ਸਾਜਿਦ ਤਰਾਰ ਸਬੰਧੀ ਭਰਪੂਰ ਜਾਣਕਾਰੀ ਦਿੱਤੀ ਅਤੇ ਇਨ੍ਹਾਂ ਦੀਆਂ ਕਾਰਗੁਜ਼ਾਰੀਆਂ ਨੂੰ ਮੁੱਖ ਰੱਖਦੇ ਹੋਏ ਸਿਰੋਪਾਓ ਨਾਲ ਨਿਵਾਜਿਆ ਗਿਆ। ਜਾਨ ਵੂਬਨ ਸਮਿਥ ਸੈਕਟਰੀ ਸਟੇਟ ਵਲੋਂ ਗਵਰਨਰ ਮੈਰੀਲੈਂਡ ਲੈਰੀ ਹੋਗਨ ਦੀ ਸਿੱਖਾਂ ਅਤੇ ਪੰਜਾਬੀਆਂ ਸਬੰਧੀ ਨਿੱਘੇ ਵਿਹਾਰ, ਕਾਰਗੁਜ਼ਾਰੀ ਅਤੇ ਅਗਾਂਹਵਧੂ ਮੈਰੀਲੈਂਡ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਲੈਰੀ ਹੋਗਨ ਗਵਰਨਰ ਵਲੋਂ ਗੁਰਦੁਆਰਾ ਪ੍ਰਬੰਧਕਾਂ ਦੀ ਬਿਹਤਰ ਕਾਰਗੁਜ਼ਾਰੀ ਅਤੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਸਬੰਧੀ ਭੇਜੇ ਸੰਦੇਸ਼ ਨੂੰ ਪੜ੍ਹ ਕੇ ਸੁਣਾਇਆ। ਉਨ੍ਹਾਂ ਲੈਰੀ ਹੋਗਨ ਵਲੋਂ ਭੇਜਿਆ ਪ੍ਰਮਾਣ ਪੱਤਰ ਪ੍ਰਧਾਨ ਗੁਰਪ੍ਰੀਤ ਸਿੰਘ ਸੰਨੀ ਅਤੇ ਦਲਜੀਤ ਸਿੰਘ ਬੱਬੀ ਚੇਅਰਮੈਨ ਨੂੰ ਸੰਗਤਾਂ ਦੀ ਹਾਜ਼ਰੀ ਵਿਚ ਸੌਂਪਿਆ। ਡਾ. ਅਰੁਣ ਭੰਡਾਰੀ ਵਲੋਂ ਗਵਰਨਰ ਦੇ ਕੰਮਾਂ ਅਤੇ ਸਾਊਥ ਏਸ਼ੀਅਨਾਂ ਪ੍ਰਤੀ ਸੁਹਿਰਦ ਸੋਚ ਨੂੰ ਬਹੁਤ ਸੋਹਣੇ ਸ਼ਬਦਾਂ ਵਿਚ ਬਿਆਨ ਕੀਤਾ। ਜੋ ਸੰਗਤਾਂ ਵਲੋਂ ਜੈਕਾਰਿਆਂ ਨਾਲ ਪ੍ਰਵਾਨਗੀ ਦੇ ਕੇ ਅਗਲੀ ਟਰਮ ਵਿਚ ਜਿਤਾਉਣ ਸਬੰਧੀ ਵਚਨਬੱਧਤਾ ਜਤਾਈ।