ARTICLES

ਘਟ ਨਹੀਂ ਰਿਹਾ ਪੰਜਾਬ ਵਿੱਚ ਸਿਆਸੀ ਘਚੋਲਾ

ਹਾਜ਼ਰ ਜਵਾਬ ਤੇ ਘਾਗ ਸਿਆਸਤਦਾਨ ਵਜੋਂ ਜਾਣੇ ਜਾਂਦੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਿਛਲੇ ਦਿਨੀਂ ਆਮ ਆਦਮੀ ਪਾਰਟੀ ਵੱਲੋਂ ਤਾਕਤ ਦਾ ਮੁਜ਼ਾਹਰਾ ਕਰਨ ਅਤੇ ਨਸ਼ਿਆਂ ਤੇ ਹੋਰਨਾਂ ਮੁੱਦਿਆਂ ’ਤੇ ਪੰਜਾਬ ਸਰਕਾਰ ਨੂੰ ਘੇਰਨ ਲਈ ਰਾਜਧਾਨੀ ਚੰਡੀਗੜ੍ਹ ਵਿੱਚ ਰੱਖੇ ਸਮਾਗਮ ਦੀ ਹਵਾ ਕੱਢ ਦਿੱਤੀ। ਬਾਰਾਂ ਹਜ਼ਾਰ ਕਰੋੜ ਦੇ ਕਥਿਤ ਅਨਾਜ ਘੁਟਾਲੇ, ਕਿਸਾਨ ਖੁਦਕੁਸ਼ੀਆਂ ਅਤੇ ਮਾਲ ਮੰਤਰੀ ਬਿਕਰਮ ਸਿੰਘ ਮਜੀਠਿਆ ਦੇ ਅਸਤੀਫੇ ਆਦਿ ਮੰਗਾਂ ਲਈ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਦਾ ‘ਆਪ’ ਦਾ ਦਾਅ ਵੀ ਪੁੱਠਾ ਪੈ ਗਿਆ। ‘ਆਪ’ ਆਗੂਆਂ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਮੰਗ-ਪੱਤਰ ਵੀ ਸੌਂਪਿਆ, ਪਰ ਪ੍ਰਕਾਸ਼ ਸਿੰਘ ਬਾਦਲ ਦੀਆਂ ਦਲੀਲਾਂ ਅੱਗੇ ਉਨ੍ਹਾਂ ਦੀ ਇਕ ਨਾ ਚੱਲੀ ਤੇ ਪਾਰਟੀ ਦੀਆਂ ਬਾਦਲ ਨੂੰ ਘੇਰਨ ਦੀਆਂ ਸਾਰੀਆਂ ਯੋਜਨਾਵਾਂ ਧਰੀਆਂ-ਧਰਾਈਆਂ ਰਹਿ ਗਈਆਂ।
‘ਆਪ’ ਆਗੂਆਂ ਦੇ ਨਾਕਾਮ ਰਹਿਣ ਦੀ ਇਕ ਵੱਡੀ ਵਜ੍ਹਾ ਮੁੱਖ ਮੰਤਰੀ ਨੂੰ ਮਿਲਣ ਗਏ ਵਫਦ ਵਿੱਚ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਗੈਰਹਾਜ਼ਰ ਰਹਿਣਾ ਸੀ। ਇਸ ਵਿੱਚ ਕੋਈ ਦੋ ਰਾਇ ਨਹੀਂ ਕਿ ਅਰਵਿੰਦ ਕੇਜਰੀਵਾਲ ਬਾਦਲੀਲ ਬਹਿਸ ਕਰਨ ਦੇ ਸਮਰੱਥ ਹੈ ਤੇ ਉਹ ਪੰਜਾਬ ਦੇ ਆਪਣੇ ਹਮਰੁਤਬਾ ਨੂੰ ਟੱਕਰ ਦੇ ਸਕਦਾ ਹੈ। ਪੰਜਾਬ ਦੀ ‘ਆਪ’ ਲੀਡਰਸ਼ਿਪ ਨੇ ਲੂਹਣ ਵਾਲੀ ਗਰਮੀ ਦੇ ਬਾਵਜੂਦ ਮੁਹਾਲੀ ਵਿੱਚ 15 ਹਜ਼ਾਰ ਦੇ ਕਰੀਬ ਲੋਕਾਂ ਦੀ ਭੀੜ ਤਾਂ ਇਕੱਠੀ ਕਰ ਲਈ, ਪਰ ਪਾਰਟੀ ਇਸ ਨੂੰ ਚੰਗੇ ਸ਼ੋਅ ਵਿੱਚ ਤਬਦੀਲ ਨਹੀਂ ਕਰ ਸਕੀ। ‘ਆਪ’ ਆਗੂਆਂ ਨੇ ਹਾਲਾਂਕਿ ਐਲਾਨ ਕੀਤਾ ਸੀ ਕਿ ਰੈਲੀ ਵਿੱਚ ਇਕ ਲੱਖ ਤੋਂ ਵੱਧ ਲੋਕ ਸ਼ਮੂਲੀਅਤ ਕਰਨਗੇ। ਪੰਜਾਬ ਤੇ ਯੂੂ.ਟੀ. ਦੀ ਪੁਲੀਸ ਨੇ ਰੈਲੀ ਦੇ ਮੱਦੇਨਜ਼ਰ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਸੁਰੱਖਿਆ ਦੇ ਅਗਾਊਂ ਪੁਖਤਾ ਪ੍ਰਬੰਧ ਕੀਤੇ ਸਨ। ਰੈਲੀ ਵਿੱਚ ਲੋਕਾਂ ਦੀ ਨਫ਼ਰੀ ਘਟਾਉਣ ਦੇ ਇਰਾਦੇ ਨਾਲ ਪੰਜਾਬ ਪੁਲੀਸ ਨੇ ਰਾਜ ਵਿੱਚ ਥਾਂ-ਥਾਂ ਨਾਕੇ ਤੇ ਬੈਰੀਕੇਡ ਵੀ ਲਾਏ। ਪੁਲੀਸ ਵੱਲੋਂ ਇਹਤਿਆਤ ਵਜੋਂ ਰੈਲੀ ਦੀ ਪੂਰਬਲੀ ਰਾਤ ਕੁਝ ਕਥਿਤ ਗ੍ਰਿਫਤਾਰੀਆਂ ਵੀ ਕੀਤੀਆਂ ਗਈਆਂ। ਸ਼੍ਰੋਮਣੀ ਅਕਾਲੀ ਦਲ ਹਾਲਾਂਕਿ ਰੈਲੀ ਨੂੰ ਲੈ ਕੇ ਭੈਅ-ਭੀਤ ਸੀ, ਪਰ ਫਿਰ ਮੁੱਖ ਮੰਤਰੀ ਨੇ ਇਕ ਦਾਅ ਖੇਡਿਆ। ਸ੍ਰੀ ਬਾਦਲ ਨੇ ਐਲਾਨ ਕੀਤਾ ਕਿ ‘ਆਪ’ ਆਗੂਆਂ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਦੀ ਕੋਈ ਲੋੜ ਨਹੀਂ ਤੇ ਉਹ ਪੰਜਾਬ ਨਾਲ ਸਬੰਧਤ ਕਿਸੇ ਵੀ ਮੁੱਦੇ ’ਤੇ ਉਨ੍ਹਾਂ ਦੇ ਘਰ ਆ ਕੇ ਗੱਲਬਾਤ ਕਰ ਸਕਦੇ ਹਨ। ‘ਆਪ’ ਦੀ ਰੈਲੀ ਵਾਲੇ ਦਿਨ ਮੁੱਖ ਮੰਤਰੀ ਨੇ ਐਲਾਨ ਮੁਤਾਬਕ ਸਾਰੇ ਰੁਝੇਵੇਂ ਰੱਦ ਕਰਦਿਆਂ ਆਪਣੀ ਸਰਕਾਰੀ ਰਿਹਾਇਸ਼ੀ ’ਤੇ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਉਡੀਕ ਕੀਤੀ। ਸਖਤ ਪੁਲੀਸ ਪ੍ਰਬੰਧਾਂ ਦੇ ਚਲਦਿਆਂ ਜਦੋਂ ਇਹ ਗੱਲ ਯਕੀਨੀ ਹੋ ਗਈ ਕਿ ਰੈਲੀ ਵਿੱਚ ਜੁੜੀ ਭੀੜ ਨੂੰ ਲੈ ਕੇ ਮੁੱਖ ਮੰਤਰੀ ਦੀ ਰਿਹਾਇਸ਼ ਤੱਕ ਪੁੱਜਣਾ ਅਸੰਭਵ ਹੈ ਤਾਂ ‘ਆਪ’ ਦੇ ਸਿਖਰਲੇ ਆਗੂਆਂ ਦੇ ਵਫਦ ਨੇ ਪੁਲੀਸ ਵਾਹਨਾਂ ਵਿੱਚ ਸਵਾਰ ਹੋ ਕੇ ਆਪਣੀ ਮੰਜ਼ਿਲ ਤੱਕ ਪੁੱਜਣਾ ਹੀ ਬਿਹਤਰ ਸਮਝਿਆ। ਵਫਦ ਵਿੱਚ ਸ਼ਾਮਲ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ, ਸੁੱਚਾ ਸਿੰਘ ਛੋਟੇਪੁਰ ਤੇ ਭਗਵੰਤ ਮਾਨ ਸਮੇਤ ਹੋਰਨਾਂ ਨੇ ਸ੍ਰੀ ਬਾਦਲ ਨੂੰ ਮੰਗ-ਪੱਤਰ ਸੌਂਪਦਿਆਂ ਖੇਤੀ ਮੰਤਰੀ ਤੋਤਾ ਸਿੰਘ ਤੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਕੈਬਨਿਟ ’ਚੋਂ ਬਰਖਾਸਤ ਕੀਤੇ ਜਾਣ ਦੀ ਮੰਗ ਕੀਤੀ। ਕੇਜਰੀਵਾਲ ਜੇ ਇਸ ਵਫਦ ਵਿੱਚ ਸ਼ਾਮਲ ਹੁੰਦਾ ਤਾਂ ਸ਼ਾਇਦ ਸਥਿਤੀ ਕੁਝ ਹੋਰ ਹੁੰਦੀ। ‘ਆਪ’ ਨੂੰ ਖਾਸ ਕਰਕੇ ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਭਰਵਾਂ ਹੁੰਗਾਰਾ ਮਿਲਿਆ ਹੈ, ਪਰ ਪਾਰਟੀ ਨੂੰ ਹੁਣ ਤੱਕ ਮੁੱਖ ਮੰਤਰੀ ਵਜੋਂ ਕਿਸੇ ਉਮੀਦਵਾਰ ਨੂੰ ਸਾਹਮਣੇ ਨਾ ਲਿਆਉਣ ਦਾ ਵੱਡਾ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ।
ਸੂਤਰਾਂ ਮੁਤਾਬਕ ‘ਆਪ’ ਵੀ ਖਾਨਾਜੰਗੀ ਦੀ ਸ਼ਿਕਾਰ ਹੈ (ਅੰਦਰਖਾਤੇ ਕੁਝ ‘ਆਪ’ ਆਗੂ ਯੋਗੇਂਦਰ ਯਾਦਵ ਦੀ ‘ਸਵਰਾਜ ਅਭਿਆਨ’ ਪਾਰਟੀ ਦੀ ਹਮਾਇਤ ਕਰਦੇ ਹਨ) ਅਤੇ ਇਹੀ ਵਜ੍ਹਾ ਹੈ ਕਿ ਪਾਰਟੀ ਕਿਸੇ ਆਗੂ ਨੂੰ ਅਜੇ ਮੂਹਰੇ ਲਾਉਣ ਤੋਂ ਝਿਜਕਦੀ ਹੈ। ਨਵਜੋਤ ਸਿੰਘ ਸਿੱਧੂ ਤੇ ਉਸ ਦੀ ਵਿਧਾਇਕ ਪਤਨੀ ਡਾ. ਨਵਜੋਤ ਕੌਰ ਵੱਲੋਂ ਅਕਾਲੀ ਦਲ ਦੀ ਲਗਾਤਾਰ ਨੁਕਤਾਚੀਨੀ ਕੀਤੇ ਜਾਣ ਕਰਕੇ ‘ਆਪ’ ਵਿੱਚ ਸ਼ਾਮਲ ਹੋ ਸਕਦੇ ਸਨ, ਪਰ ਕੇਜਰੀਵਾਲ ਨੇ ਖੁਦ ਇਸ ਜੋੜੇ ਨੂੰ ਕੋਈ ਰਾਹ ਨਹੀਂ ਦਿੱਤਾ ਕਿਉਂਕਿ ਸਿੱਧੂ ਨੂੰ ਮੂਹਰੇ ਲਾਉਣ ਦੀ ਸਥਿਤੀ ’ਚ ਕੇਜਰੀਵਾਲ ਨੂੰ ਆਪਣੀ ਵੁੱਕਤ ਘਟਦੀ ਨਜ਼ਰ ਆਉਂਦੀ ਸੀ। ਇਸ ਦੌਰਾਨ ਭਾਜਪਾ ਨੇ ਰੁੱਸੇ ਹੋਏ ਸਿੱਧੂ ਨੂੰ ਰਾਜ ਸਭਾ ਲਈ ਨਾਮਜ਼ਦ ਕਰਕੇ ਸਥਿਤੀ ਨੂੰ ਸੰਭਾਲ ਲਿਆ, ਪਰ ਸਿੱਧੂ ਦੀ ਵਿਧਾਇਕ ਪਤਨੀ ਅਜੇ ਵੀ ਅਕਾਲੀ ਦਲ ਨਾਲ ਕਿਸੇ ਤਰ੍ਹਾਂ ਦੀ ਸਾਂਝ ਪਾਉਣ ਲਈ ਤਿਆਰ ਨਹੀਂ। ਇਸੇ ਤਰ੍ਹਾਂ ਕਾਂਗਰਸ ’ਚੋਂ ਕੱਢੇ ਜਗਮੀਤ ਸਿੰਘ ਬਰਾੜ ਨੇ ਵੀ ‘ਆਪ’ ਨਾਲ ਜੁੜਨ ਦੇ ਸੰਕੇਤ ਦਿੱਤੇ ਹਨ, ਪਰ ‘ਆਪ’ ਆਗੂਆਂ ਵੱਲੋਂ ਅਜੇ ਕੋਈ ਹਾਮੀ ਨਹੀਂ ਭਰੀ ਜਾ ਰਹੀ। ‘ਆਪ’ ਲੀਡਰਸ਼ਿਪ ਨੂੰ ਜਲਦ ਤੋਂ ਜਲਦ ਪੰਜਾਬ ਵਿੱਚ ਆਪਣੇ ਮੁਹਰੈਲ ਆਗੂ ਦੇ ਨਾਂ ਦਾ ਐਲਾਨ ਕਰਨਾ ਹੋਵੇਗਾ, ਨਹੀਂ ਤਾਂ ਪਾਰਟੀ ਨੂੰ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਹੈ।
ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵਿਦੇਸ਼ ਦੌਰੇ ’ਤੇ ਗਿਆ, ਸਿਰਫ ਅਮਰੀਕਾ ਦਾ ਗੇੜਾ ਲਾ ਕੇ ਮੁੜ ਆਇਆ ਕਿਉਂਕਿ ਐਨਜੀਓ ਸਿੱਖਸ ਫਾਰ ਜਸਟਿਸ ਦੇ ਵਿਰੋਧ ਕਰਕੇ ਉਸ ਨੂੰ ਕੈਨੇਡਾ ’ਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਮਿਲੀ। ਉਂਜ ਇਹੋ ਜਥੇਬੰਦੀ ਪ੍ਰਕਾਸ਼ ਸਿੰਘ ਬਾਦਲ, ਡਾ. ਮਨਮੋਹਨ ਸਿੰਘ ਤੇ ਸੋਨੀਆ ਗਾਂਧੀ ਖਿਲਾਫ ਵੀ ਅਜਿਹੀਆਂ ਪਟੀਸ਼ਨਾਂ ਵਿਦੇਸ਼ ਵਿੱਚ ਦਾਖਲ ਕਰ ਚੁੱਕੀ ਹੈ। ਹਾਲਾਂਕਿ ਕੈਪਟਨ ਅਮਰਿੰਦਰ ਨੇ ਆਪਣੀ ਵਿਦੇਸ਼ ਫੇਰੀ ਨੂੰ ਕਾਫੀ ਸਫਲ ਦੱਸਿਆ ਹੈ ਪਰ ਅਮਰੀਕਾ ਤੋਂ ਆਈਆਂ ਰਿਪੋਰਟਾਂ ਇਸ ਦਾਅਵੇ ’ਤੇ ਪ੍ਰਸ਼ਨ ਚਿੰਨ੍ਹ ਲਾਉਂਦੀਆਂ ਹਨ। ਉਪਰੋਂ, ਕੈਪਟਨ ਨਾਲ ਉੱਥੇ ਅਰੂਸਾ ਆਲਮ ਦੀ ਮੌਜੂਦਗੀ ਵੱਖਰਾ ਵਿਵਾਦ ਖੜ੍ਹਾ ਕਰ ਰਹੀ ਹੈ।
ਪਿਛਲੇ ਦਿਨੀਂ ਪੰਜਾਬ ਕਾਂਗਰਸ ਦੇ ਢਾਂਚੇ ਵਿੱਚ ਵੱਡੇ ਪੱਧਰ ’ਤੇ ਰੱਦੋਬਦਲ ਕੀਤੀ ਗਈ ਹੈ। ਅਮਰਿੰਦਰ ਹਾਲਾਂਕਿ ਗਾਹੇ-ਬਗਾਹੇ ਇਹ ਦਾਅਵਾ ਕਰਦਾ ਹੈ ਕਿ ਕਾਂਗਰਸੀ ਆਗੂਆਂ ਦੇ ਸਕੇ ਸਬੰਧੀਆਂ ਨੂੰ ਨਾ ਤਾਂ ਆਗਾਮੀ ਵਿਧਾਨ ਸਭਾ ਚੋਣਾਂ ਲਈ ਟਿਕਟਾਂ ਦਿੱਤੀਆਂ ਜਾਣਗੀਆਂ ਤੇ ਨਾ ਹੀ ਪਾਰਟੀ ਵਿੱਚ ਕੋਈ ਹੋਰ ਅਹੁਦੇ ਦਿੱਤੇ ਜਾਣਗੇ। ਪਰ ਇਨ੍ਹਾਂ ਦਾਅਵਿਆਂ ਦੇ ਉਲਟ ਸੀਨੀਅਰ ਕਾਂਗਰਸੀ ਆਗੂਆਂ ਦੇ ਪੁੱਤਰਾਂ ਤੇ ਹੋਰਨਾਂ ਸਾਕ-ਸਬੰਧੀਆਂ ਨੂੰ ਫਿੱਟ ਕਰਨ ਲਈ 36 ਉਪ-ਪ੍ਰਧਾਨਾਂ ਤੇ 96 ਜਨਰਲ ਸਕੱਤਰਾਂ ਦੀ ਨਿਯੁਕਤੀ ਕੀਤੀ ਗਈ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਪਾਰਟੀ ਪੱਧਰ ’ਤੇ ਇੰਨੀ ਵੱਡੀ ਗਿਣਤੀ ਵਿੱਚ ਨਾਮਜ਼ਦਗੀਆਂ ਕੀਤੀਆਂ ਗਈਆਂ ਹਨ। ਵਿਦੇਸ਼ ਤੋਂ ਪਰਤਣ ਉਪਰੰਤ ਕੈਪਟਨ ਨੂੰ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਾਈ ਕਮਾਂਡ ਵੱਲੋਂ ਰਣਨੀਤੀਕਾਰ ਵਜੋਂ ਰੱਖੇ ਗਏ ਪ੍ਰਸ਼ਾਂਤ ਕਿਸ਼ੋਰ ਨਾਲ ਵੀ ਦੋ-ਚਾਰ ਹੋਣਾ ਪੈ ਰਿਹਾ ਹੈ। ਚੋਣਾਂ ਨੇੜੇ ਆਉਂਦੀਆਂ ਵੇਖ ਅਕਾਲੀ ਦਲ ਨੇ ਵੀ ਕਮਰ ਕੱਸ ਲਈ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮਾਲਵਾ ਪੱਟੀ ਵਿੱਚ ਸੰਗਤ ਦਰਸ਼ਨਾਂ ਦਾ ਸਿਲਸਿਲਾ ਤੇਜ਼ ਕੀਤਾ ਹੋਇਆ ਹੈ। ਅਗਲਾ ਨੰਬਰ ਮਾਝੇ ਤੇ ਦੋਆਬੇ ਦਾ ਹੈ। ਅਕਾਲੀਆਂ ਦੀ ਭਾਈਵਾਲ ਭਾਜਪਾ ਵਿੱਚ ਨਵਾਂ ਪ੍ਰਦੇਸ਼ ਮੁਖੀ ਥਾਪੇ ਜਾਣ ਨਾਲ ਕਾਟੋ-ਕਲੇਸ਼ ਵੱਧ ਗਈ ਹੈ। ਦਲਿਤ ਵੋਟਾਂ ਨੂੰ ਵੇਖਦਿਆਂ ਕੇਂਦਰੀ ਮੰਤਰੀ ਤੇ ਦਲਿਤ ਆਗੂ ਵਿਜੈ ਸਾਂਪਲਾ ਨੂੰ ਨਵਾਂ ਪ੍ਰਧਾਨ ਬਣਾਇਆ ਗਿਆ ਸੀ ਪਰ ਪੰਜਾਬ ਕੈਬਨਿਟ ਵਿਚਲੇ ਦਲਿਤ ਮੰਤਰੀਆਂ ਵੱਲੋਂ ਵੀ ਅੰਦਰਖਾਤੇ ਉਸ ਦੀ ਚੋਣ ਦਾ ਵਿਰੋਧ ਕੀਤਾ ਜਾ ਰਿਹਾ ਹੈ। ਕੁਲ ਮਿਲਾ ਕੇ ਪੰਜਾਬ ਵਿੱਚ ਸਿਆਸੀ ਘਚੋਲਾ ਘਟਣ ਦਾ ਨਾਂ ਨਹੀਂ ਲੈ ਰਿਹਾ।
ਕੇ.ਐਸ. ਚਾਵਲਾ *