AUSTRALIAN NEWS SPORTS NEWS

ਆਸਟ੍ਰੇਲੀਆ ‘ਚ ਪੱਤਰਕਾਰਾਂ ਦੇ ਘਰਾਂ ਅਤੇ ਦਫ਼ਤਰਾਂ ਉੱਪਰ ਛਾਪਿਆਂ ਦੀ ਵਿਆਪਕ ਨਿੰਦਾ

ਬਿ੍ਸਬੇਨ-ਆਸਟ੍ਰੇਲੀਆ ਜਿਥੇ ਕਿ ਪ੍ਰੈੱਸ ਨੂੰ ਨਿਰਪੱਖਤਾ ਅਤੇ ਆਜ਼ਾਦੀ ਨਾਲ ਅਖ਼ਬਾਰ, ਰੇਡੀਓ, ਟੀ. ਵੀ. ਚੈਨਲਾਂ ਰਾਹੀਂ ਖ਼ਬਰਾਂ ਰਿਪੋਰਟਾਂ ਪੇਸ਼ ਕਰਦੀਆਂ ਸਨ ਪਰ ਹੁਣ ਇਸ ਸਭ ਦਾ ਗਲਾ ਘੁੱ ਟਿਆ ਜਾ ਰਿਹਾ ਹੈ | ਆਸਟ੍ਰੇਲੀਆ ਦੀ ਪੱਤਰਕਾਰੀ ਅਤੇ ਪ੍ਰੈੱਸ ਦੀ ਆਜ਼ਾਦੀ ਦਾ ਕਾਲਾ ਦਿਨ ਜੂਨ ਦਾ ਇਹ ਪਹਿਲਾ ਹਫ਼ਤਾ ਹੈ | ਆਸਟ੍ਰੇਲੀਆ ਫੈਡਰਲ ਪੁਲਿਸ ਨੇ ਦੇਸ਼ ਦੀ ਰਾਜਧਾਨੀ ‘ਚ ਇਕ ਮਸ਼ਹੂਰ ਅਤੇ ਸਰਕਾਰ ਦੀਆਂ ਨੀਤੀਆਂ ਉੱਪਰ ਸਨਸਨੀਖੇਜ਼ ਖ਼ਬਰਾਂ ਕੱਢਣ ਵਾਲੀ ਪੱਤਰਕਾਰ ਦੇ ਘਰ ‘ਚ ਛਾਪਾ ਮਾਰ ਕੇ ਉਸ ਦੇ ਲੈਪ ਟੋਪ ਸਮੇਤ ਕਈ ਹੋਰ ਡਾਇਰੀਆਂ ਆਦਿ ਨੂੰ ਤਲਾਸ਼ ਕੀਤਾ | ਇਸ ਛਾਪੇ ਨੂੰ 24 ਘੰਟੇ ਵੀ ਨਹੀਂ ਹੋਏ ਸੀ ਕਿ ਪੁਲਿਸ ਨੇ ਆਸਟ੍ਰੇਲੀਆ ਬੋਰਡ ਕਾਸਟਿੰਗ ਨਿਊਜ਼ ਕਾਰਪੋਰੇਸ਼ਨ (ਏ. ਬੀ. ਸੀ.) ਦੇ ਦਫ਼ਤਰ ਉੱਪਰ ਛਾਪਾ ਮਾਰ ਕੇ ਕੰਪਿਊਟਰ ਆਦਿ ਚੀਜ਼ਾਂ ਦੀ ਜਾਂਚ ਕੀਤੀ | ਇਥੇ ਵਰਨਣਯੋਗ ਹੈ ਕਿ ਏ. ਬੀ. ਸੀ. ਆਸਟ੍ਰੇਲੀਆ ਸਰਕਾਰ ਦਾ ਇਕ ਅਦਾਰਾ ਹੈ ਅਤੇ ਸਰਕਾਰ ਦੀ ਗ੍ਰਾਂਟ ਉੱਪਰ ਚੱਲਦਾ ਹੈ | ਇਸ ਅਦਾਰੇ ਦੇ ਲੋਕ ਅਕਸਰ ਸਨਸਨੀ ਖ਼ਬਰਾਂ ਕੱਢ ਕੇ ਲਿਆਉਂਦੇ ਹਨ ਜੋ ਮੌਕੇ ਦੀਆਂ ਹਕੂਮਤਾਂ ਦਾ ਧੂੰਆਂ ਕੱਢਵਾ ਦਿੰਦੀਆਂ ਹਨ | ਲਗਪਗ ਦੋ ਸਾਲ ਪਹਿਲਾਂ ਜਿਸ ਪੱਤਰਕਾਰ ਨੇ ਇਹ ਗੱਲ ਛਾਪੀ ਸੀ ਕਿ ਆਸਟ੍ਰੇਲੀਅਨ ਫ਼ੌਜ ਨੇ ਅਫ਼ਗਾਨਿਸਤਾਨ ‘ਚ ਜ਼ੁਲਮ ਕੀਤਾ ਹੈ ਉਸ ਦੇ ਘਰ ਇਸ ਹਫ਼ਤੇ ਛਾਪਾ ਪਿਆ | ਦੂਜਾ ਏ. ਬੀ. ਸੀ. ਦੁਆਰਾ ਇਹ ਰਿਪੋਰਟ ਪੇਸ਼ ਕੀਤੀ ਸੀ ਕਿ ਸਰਕਾਰ ਆਸਟ੍ਰੇਲੀਅਨ ਨਾਗਰਿਕਾਂ ਦੀ ਜਾਸੂਸੀ ਉਨ੍ਹਾਂ ਦੀ ਇਜਾਜ਼ਤ ਤੋਂ ਬਗ਼ੈਰ ਕਰ ਰਹੀ ਹੈ | ਇਹ ਦੋਵੇਂ ਸਨਸਨੀਖੇਜ਼ ਖ਼ਬਰਾਂ ਉੱਪਰ ਖੁਫ਼ੀਆ ਵਿਭਾਗ ਜਾਂ ਗੁਪਤ ਸੂਤਰਾਂ ਰਾਹੀਂ ਗੱਲਾਂ ਲੀਕ ਹੋਣ ਦਾ ਖ਼ਦਸ਼ਾ ਜ਼ਾਹਰ ਕੀਤਾ ਗਿਆ ਸੀ | ਇਨ੍ਹਾਂ ਦੋਹਾਂ ਗੱਲਾਂ ਸਮੇਤ ਕਈ ਪ੍ਰੈੱਸਾਂ ਵਿਚ ਜੋ ਗੱਲਾਂ ਨਿਕਲ ਕੇ ਆ ਰਹੀਆਂ ਹਨ, ਬਾਰੇ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਸੀ ਪਰ ਇਸ ਪ੍ਰਕਾਰ ਪੱਤਰਕਾਰ ਦੇ ਘਰ ਜਾਂ ਕਿਸੇ ਪ੍ਰੈੱਸ ਸੰਸਥਾ ਦੇ ਦਫ਼ਤਰ ਉੱਪਰ ਛਾਪਾ ਪ੍ਰੈੱਸ ਦੀ ਆਜ਼ਾਦੀ ਉੱਪਰ ਸਿੱਧਾ ਹਮਲਾ ਵੇਖਿਆ ਜਾ ਰਿਹੈ | ਪ੍ਰਧਾਨ ਮੰਤਰੀ ਸਕੌਟ ਮੌਰਸ ਅਤੇ ਗ੍ਰਹਿ ਮੰਤਰੀ ਪੀਟਰ ਡਟਨ ਜੋ ਕਿ ਵੱਖ-ਵੱਖ ਮੁਲਕਾਂ ਦੇ ਦੌਰੇ ਉੱਪਰ ਹਨ ਨੇ ਕਿਸੇ ਪ੍ਰਕਾਰ ਦੀ ਦਖ਼ਲ-ਅੰਦਾਜ਼ੀ ਤੋਂ ਇਨਕਾਰ ਕੀਤਾ ਹੈ ਪਰ ਪ੍ਰੈੱਸ ਜਥੇਬੰਦੀਆਂ ਇਸ ਨੂੰ ਮੰਨਣ ਲਈ ਤਿਆਰ ਨਹੀਂ ਹਨ |