PUNJAB NEWS

ਜਗਤਾਰ ਸਿੰਘ ਹਵਾਰਾ ਹੋਏ ਬਰੀ !

ਲੁਧਿਆਣਾ : ਇਸ ਵੇਲੇ ਦੀ ਵੱਡੀ ਖ਼ਬਰ ਜਗਤਾਰ ਸਿੰਘ ਹਵਾਰਾ ਨਾਲ ਸਬੰਧਤ ਆ ਰਹੀ ਹੈ। ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਜਗਤਾਰ ਸਿੰਘ ਹਵਾਰਾ ਨੂੰ ਲੁਧਿਆਣਾ ਵਿਖੇ ਚੱਲ ਰਹੇ ਆਰ ਡੀ ਐਕਸ ਬਰਾਮਦਗੀ ਦੇ ਕੇਸ ਵਿੱਚੋ ਅਦਾਲਤ ਨੇ ਬਰੀ ਕਰਨ ਦਾ ਫੈਸਲਾ ਸੁਣਾਇਆ ਹੈ। ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਜਗਤਾਰ ਸਿੰਘ ਹਵਾਰਾ ਉੱਪਰ ਸਾਲ 1995 ਵਿੱਚ ਲੁਧਿਆਣਾ ਵਿਖੇ ਆਰ ਡੀ ਐਕਸ ਬਰਾਮਦਗੀ ਦੇ ਮਾਮਲੇ ਤਹਿਤ 134 ਨੰਬਰ ਪਰਚਾ ਦਰਜ ਕੀਤਾ ਗਿਆ ਸੀ। ਜਿਸਦੀ ਸੁਣਵਾਈ ਲਗਾਤਾਰ ਲੁਧਿਆਣਾ ਦੀ ਅਦਾਲਤ ਵਿੱਚ ਚੱਲਦੀ ਰਹੀ ਅਤੇ ਅੱਜ ਹਵਾਰਾ ਖਿਲਾਫ ਕੋਈ ਸਬੂਤ ਨਾ ਮਿਲਣ ਤੋਂ ਬਾਅਦ ਅਡੀਸ਼ਨਲ ਸ਼ੈਸ਼ਨ ਜੱਜ ਅਰੁਨਵੀਰ ਵਸ਼ਿਸ਼ਟ ਦੀ ਅਦਾਲਤ ਵੱਲੋਂ ਹਵਾਰਾ ਨੂੰ ਇਸ ਕੇਸ ਵਿੱਚੋ ਬਰੀ ਕਰ ਦਿੱਤਾ ਹੈ। ਦੱਸ ਦੇਈਏ ਕਿ 1995 ਵਿੱਚ ਲੁਧਿਆਣਾ ਕੁੰਦਨਪੁਰੀ ਇਲਾਕੇ ਵਿੱਚੋ 5 ਕਿਲੋ ਆਰ ਡੀ ਐਕਸ ਅਤੇ ਇੱਕ ਏ ਕੇ 56 ਸਮੇਤ ਹੋਰ ਧਮਾਕੇ ਵਾਲੀ ਸਮੱਗਰੀ ਬਰਾਮਦ ਹੋਈ ਸੀ। ਜਿਸ ਵਿੱਚ ਪੁਲਿਸ ਨੇ ਜਗਤਾਰ ਸਿੰਘ ਹਵਾਰਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ। ਹਵਾਰਾ ਦੇ ਵਕੀਲ਼ ਜਸਪਾਲ ਸਿੰਘ ਨੇ ਦੱਸਿਆ ਕਿ ਹਵਾਰਾਂ ਉਪਰ ਲੁਧਿਆਣਾ ਅਦਾਲਤ ਵਿੱਚ ਦੋ ਕੇਸ ਚੱਲਦੇ ਸਨ ਜਿਹਨਾਂ ਵਿੱਚੋ ਇੱਕ ਦਾ ਫੈਸਲਾ ਹਵਾਰਾ ਦੇ ਹੱਕ ਵਿੱਚ ਆਇਆ ਹੈ ਜਦੋ ਕਿ ਦੂਸਰੇ ਕੇਸ ਦਾ ਫੈਸਲੇ ਵੀ ਭਲਕੇ ਆ ਜਾਵੇਗਾ।