Home » COMMUNITY » ਜਥੇਦਾਰ ਦੀ ਛੁੱਟੀ ਨਾ ਕਰਨਾ ‘ਬਾਦਲਾਂ’ ਦੀ ਮਜਬੂਰੀ
lo

ਜਥੇਦਾਰ ਦੀ ਛੁੱਟੀ ਨਾ ਕਰਨਾ ‘ਬਾਦਲਾਂ’ ਦੀ ਮਜਬੂਰੀ

ਲੁਧਿਆਣਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਮੀਡੀਆ ਨੂੰ ਬਿਆਨ ਦਿੱਤਾ ਹੈ ਕਿ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਨੂੰ ਉਨ੍ਹਾਂ ਦੀ ਜਥੇਦਾਰੀ ਤੋਂ ਰੁਖਸਤ ਕਰਨ ਦਾ ਹਾਲ ਦੀ ਘੜੀ ਕੋਈ ਵਿਚਾਰ ਨਹੀਂ। ਇਸ ਬਿਆਨ ਨੂੰ ਲੈ ਕੇ ਹੁਣ ਸਿੱਖ ਹਲਕਿਆਂ ‘ਚ ਚਰਚਾ ਦਾ ਬਾਜ਼ਾਰ ਗਰਮ ਹੋ ਗਿਆ ਹੈ ਕਿ ਭਾਈ ਲੌਂਗੋਵਾਲ ਨੇ ਬਾਦਲਾਂ ਦੇ ਹੁਕਮ ਦੇ ਕਾਰਨ ਜਥੇਦਾਰ ਨੂੰ ਨਾ ਬਦਲਣ ਵਰਗਾ ਬਿਆਨ ਦਿੱਤਾ ਹੈ, ਜਦੋਂਕਿ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੀ ਵੀਡੀਓ ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ ਜਿਸ ‘ਚ ਜਥੇਦਾਰ ਤੇ ਉਸ ਦੇ ਪੁੱਤਰ ‘ਤੇ ਲਾਏ ਗੰਭੀਰ ਦੋਸ਼ ਨਾਲ ਸਿੱਖ ਕੌਮ ਤੇ ਵੱਡੇ ਧਾਰਮਕ ਅਸਥਾਨ ‘ਤੇ ਬੈਠੇ ਵੱਡੇ ਅਹੁਦੇ ਨੂੰ ਵੱਡੀ ਢਾਹ ਲੱਗੀ ਹੈ। ਇੱਥੇ ਹੀ ਬਸ ਨਹੀਂ ਵਿਧਾਨ ਸਭਾ ‘ਚ ਜਥੇਦਾਰ ਬਾਰੇ ਗਿੱਲ ਨੇ ਤੱਥਾਂ ਦੇ ਆਧਾਰ ‘ਤੇ ਪੂਰੀ ਤਫਤੀਸ਼ ਨਾਲ ਦੋਸ਼ ਲਾਏ ਹਨ। ਉਨ੍ਹਾਂ ਨੂੰ ਦੇਖ ਕੇ ਲਗਦਾ ਸੀ ਕਿ ਜਥੇਦਾਰ ਮਾਨਹਾਣੀ ਦਾ ਕੇਸ ਜਾਂ ਮੀਡੀਆ ‘ਚ ਮੂੰਹ ਤੋੜ ਜਵਾਬ ਦੇਣਗੇ। ਉਹ ਜਵਾਬ ਦੇਣ ਦੀ ਬਜਾਏ ਮੀਡੀਆ ਤੋਂ ਦੂਰੀ ਬਣਾ ਗਏ। ਭਾਵੇਂ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ, ਜਥੇਦਾਰ ਅਵਤਾਰ ਸਿੰਘ ਮੱਕੜ ਸਾਬਕਾ ਪ੍ਰਧਾਨ ਤੇ ਅਕਾਲੀ ਨੇਤਾਵਾਂ ਨੇ ਜਥੇਦਾਰ ਨੂੰ ਬਦਲਣ ਦੀ ਬਿਆਨਬਾਜ਼ੀ ਕੀਤੀ ਪਰ ਜਾਣਕਾਰ ਸੂਤਰਾਂ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ‘ਚ ਬੈਠੇ ਵੱਡੇ ਕੱਦ ਕੇ ਆਗੂਆਂ ਨੂੰ ਇਹ ਡਰ ਸਤਾ ਰਿਹਾ ਹੈ ਕਿ ਜੇਕਰ ਉਨ੍ਹਾਂ ਨੇ ਜਥੇਦਾਰ ਦੀ ਛੁੱਟੀ ਕਰ ਦਿੱਤੀ ਤਾਂ ਪਤਾ ਨਹੀਂ ਉਹ ਮੀਡੀਆ ‘ਚ ਸਿਰਸਾ ਸਾਧ ਨੂੰ ਮੁਆਫੀ ਤੇ ਹੋਰ ਕਈ ਜਿਹੜੇ ਹੁਕਮਨਾਮੇ ਬਾਰੇ ਕੋਈ ਵੱਡਾ ਖੁਲਾਸਾ ਕਰ ਦੇਵੇ ਤੇ ਬਾਦਲ ਪਰਿਵਾਰ ਨੂੰ ਹੋਰ ਸਮੱਸਿਆ ‘ਚ ਉਲਝਾ ਦੇਵੇ ਕਿਉਂਕਿ ਪਿਛਲੇ 10 ਸਾਲ ‘ਚ ਹੋਏ ਹਰ ਹੁਕਮਨਾਮੇ ਬਾਰੇ ਵਿਰੋਧੀਆਂ ਨੇ ਸਿਆਸੀ ਦਬਾਅ ਪੈਣ ਦੀਆਂ ਸਮੇਂ-ਸਮੇਂ ਸਿਰ ਮੀਡੀਆ ‘ਚ ਗੱਲਾਂ ਕੀਤੀਆਂ ਸਨ। ਹੁਣ ਜਦੋਂ ਜਥੇਦਾਰ ‘ਤੇ ਗੰਭੀਰ ਦੋਸ਼ ਲੱਗੇ ਤਾਂ ਉਸ ਦੀ ਛੁੱਟੀ ਬਣਦੀ ਸੀ ਪਰ ਪ੍ਰਧਾਨ ਲੌਂਗੋਵਾਲ ਨੇ ਬਿਆਨ ਦਾਗ ਦਿੱਤਾ ਕਿ ਜਥੇਦਾਰ ਦੀ ਛੁੱਟੀ ਨਹੀਂ ਹੋਵੇਗੀ। ਇਸ ਬਿਆਨ ਨੇ ਸਿੱਖ ਤੇ ਅਕਾਲੀ ਹਲਕਿਆਂ ‘ਚ ਹੋਰ ਚਰਚਾ ਨੂੰ ਜਨਮ ਦੇ ਦਿੱਤਾ ਹੈ।

About Jatin Kamboj