Home » COMMUNITY » ਜਾਣੋ ਕਿੰਨਾ ਤਾਕਤਵਰ ਹੁੰਦਾ ਹੈ ਐੱਸ. ਜੀ. ਪੀ. ਸੀ. ਦਾ ਪ੍ਰਧਾਨ
sg

ਜਾਣੋ ਕਿੰਨਾ ਤਾਕਤਵਰ ਹੁੰਦਾ ਹੈ ਐੱਸ. ਜੀ. ਪੀ. ਸੀ. ਦਾ ਪ੍ਰਧਾਨ

ਜਲੰਧਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਹਾਲਾਂਕਿ ਸੂਬੇ ਦੀਆਂ ਆਮ ਪ੍ਰਸ਼ਾਸਨਿਕ ਕਾਰਵਾਈਆਂ ਵਿਚ ਸਿੱਧਾ ਦਖਲ ਨਹੀਂ ਹੁੰਦਾ ਹੈ ਪਰ ਐੱਸ. ਜੀ. ਪੀ. ਸੀ. ਦਾ ਆਪਣਾ ਦਾਇਰਾ ਇੰਨਾ ਵੱਡਾ ਹੈ, ਜਿਹੜਾ ਕਮੇਟੀ ਦੇ ਪ੍ਰਧਾਨ ਨੂੰ ਕਈ ਤਰ੍ਹਾਂ ਦੀਆਂ ਸ਼ਕਤੀਆਂ ਪ੍ਰਦਾਨ ਕਰਦਾ ਹੈ। ਅੱਜ ‘ਜਗ ਬਾਣੀ’ ਰਾਹੀਂ ਅਸੀਂ ਤੁਹਾਨੂੰ ਉਨ੍ਹਾਂਸ ਸ਼ਕਤੀਆਂ ਬਾਰੇ ਜਾਣੂ ਕਰਵਾਵਾਂਗੇ ਜਿਹੜੀਆਂ ਐੱਸ. ਜੀ. ਪੀ. ਸੀ. ਪ੍ਰਧਾਨ ਕੋਲ ਹੁੰਦੀਆਂ ਹਨ। ਐੱਸ. ਜੀ. ਪੀ. ਸੀ. ਪ੍ਰਧਾਨ ਕਮੇਟੀ ਦੇ ਅਧੀਨ ਆਉਣ ਵਾਲੇ ਕਿਸੇ ਵੀ ਮੁਲਾਜ਼ਮ ਨੂੰ ਮੁਅੱਤਲ ਕਰ ਸਕਦਾ ਹੈ ਪਰ ਉਸ ਮੁਅੱਤਲੀ ਦੇ ਕਾਰਨ ਲਿਖਤ ਵਿਚ ਉਸ ਦੀ ਨਕਲ ਸੰਬੰਧਤ ਮੁਲਾਜ਼ਮ ਨੂੰ ਦੇਣੀ ਜ਼ਰੂਰੀ ਹੈ। ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਸੇ ਵੀ ਮੁਲਾਜ਼ਮ ਦੀ ਤਬਦੀਲੀ ਇਸ ਦੇ ਅਧੀਨ ਆਊਂਦੇ ਆਸ਼ਰਮਾਂ, ਸੈਕਸ਼ਨ 85 ਦੇ ਅਧੀਨ ਗੁਰਦੁਆਰਾ ਸਾਹਿਬ ਵਿਚ ਯੋਗ ਆਸਾਮੀ ‘ਤੇ ਕਰ ਸਕਦਾ ਹੈ ਪਰ ਅਜਿਹੀ ਤਬਦੀਲੀ ਸਮੇਂ ਕਿਸੇ ਪੱਕੇ ਮੁਲਾਜ਼ਮ ਦੀ ਤਨਖਾਹ ਤੇ ਗਰੇਡ ਆਦਿ ਵਿਚ ਘਾਟਾ ਵਾਧਾ ਨਹੀਂ ਕੀਤਾ ਜਾ ਸਕਦਾ। ਸ਼੍ਰੋਮਣੀ ਕਮੇਟੀ ਦੇ ਕਿਸੇ ਮੁਲਾਜ਼ਮ ਨੂੰ ਉਸ ਦੇ ਮੰਦੇ ਆਚਰਨ, ਸ਼ਰਾਬ ਪੀਣ ਜਾਂ ਪਤਿਤ ਹੋ ਜਾਣ ਕਾਰਨ ਵੀ ਮੌਕੂਫ, ਡੀ-ਗਰੇਡ ਜਾਂ ਹਟਾਇਆ ਜਾ ਸਕਦਾ ਹੈ ਪਰ ਮੁਲਾਜ਼ਮ ਖਿਲਾਫ ਇਸ ਕਾਰਵਾਈ ਤੋਂ ਪਹਿਲਾਂ ਉਸ ਨੂੰ ਬਕਾਇਦਾ ਉਸ ‘ਤੇ ਲੱਗੇ ਦੋਸ਼ ਚਾਰਜਸ਼ੀਟ ਦੇ ਰੂਪ ਵਿਚ ਦਿੱਤੇ ਜਾਣਗੇ। ਜੇਕਰ ਮੁਲਾਜ਼ਮ ਦੋਸ਼ਾਂ ਦੀ ਪੜਤਾਲ ਕਰਵਾਉਣਾ ਚਾਹੇ ਅਤੇ ਅੰਤ੍ਰਿਗ ਕਮੇਟੀ ਯੋਗ ਸਮਝੇ ਤਾਂ ਦੋਸ਼ਾਂ ਦੀ ਜਾਂਚ ਵੀ ਕਰਵਾਈ ਜਾ ਸਕਦੀ ਹੈ। ਸ਼੍ਰੋਮਣੀ ਕਮੇਟੀ ਦੇ ਅਧੀਨ ਆਉਂਦੇ ਗੁਰਦੁਆਰਿਆਂ ਅਤੇ ਹੋਰ ਅਦਾਰਿਆਂ ਦੀ ਰੱਖ ਰਖਾਵ ਅਤੇ ਹੋਰ ਫੈਸਲੇ ਲੈਣ ਦਾ ਜ਼ਿੰਮਾ ਪ੍ਰਧਾਨ ਕੋਲ ਹੁੰਦਾ ਹੈ। ਐੱਸ. ਜੀ. ਪੀ. ਸੀ. ਜਾਂ ਇਸ ਨਾਲ ਸੰਬੰਧਤ ਆਸ਼ਰਮਾਂ ਦੇ ਸਟਾਫ ਵਿਚ ਛੁੱਟੀ ਹੋਣ ਕਰਕੇ ਖਾਲੀ ਹੋਈ ਥਾਂ ‘ਤੇ ਪ੍ਰਧਾਨ ਆਰਜ਼ੀ ਤੌਰ ‘ਤੇ ਹੋਰ ਨਿਯੁਕਤੀ ਕਰ ਸਕਦਾ ਹੈ। ਜੇਕਰ ਕੋਈ ਮੁਲਾਜ਼ਮ ਆਪਣੇ ਕੰਮ ਵਿਚ ਕੋਤਾਹੀ ਕਰਦਾ ਹੈ ਜਾਂ ਕਮੇਟੀ ਵਲੋਂ ਨਿਰਧਾਰਤ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਤਾਂ ਪ੍ਰਧਾਨ ਉਕਤ ਮੁਲਾਜ਼ਮ ਖਿਲਾਫ ਬਣਦੀ ਕਾਰਵਾਈ ਅਮਲ ਵਿਚ ਲਿਆ ਸਕਦਾ ਹੈ।

About Jatin Kamboj