PUNJAB NEWS

ਜੇਈਈ ਦੀ ਪ੍ਰੀਖਿਆ ਦੇਣ ਗਏ ਪ੍ਰੀਖਿਆਰਥੀ ਹੋਏ ਖੱਜਲ-ਖੁਆਰ

ਲਾਲੜੂ : ਮਲਕਪੁਰ-ਜਿਊਲੀ ਲਿੰਕ ਸੜਕ ’ਤੇ ਸਥਿਤ ਇਕ ਪ੍ਰਾਈਵੇਟ ਇੰਜੀਨੀਅਰਿੰਗ ਕਾਲਜ ਵਿਚ ਜੇਈਈ ਮੇਨਜ਼ ਦੀ ਪ੍ਰੀਖਿਆ ਦਾ ਕੇਂਦਰ ਬਨਣ ਕਾਰਨ ਅੱਜ ਵਾਹਨਾ ਦੀ ਪਾਰਕਿੰਗ ਦੇ ਪੁਖ਼ਤਾ ਪ੍ਰਬੰਧ ਨਾ ਹੋਣ ਕਾਰਨ ਵਾਹਨਾ ਦਾ ਭਾਰੀ ਜਮਵਾੜਾ ਲੱਗ ਗਿਆ, ਜਿਸ ਨਾਲ ਲਿੰਕ ਸੜਕ ਦੀ ਟਰੈਫਿਕ ਵਿਚ ਵੀ ਭਾਰੀ ਵਿਘਨ ਪਿਆ ਅਤੇ ਫ਼ਸਲਾਂ ਦਾ ਉਜਾੜਾ ਵੀ ਹੋਇਆ। ਇਸ ਦੇ ਨਾਲ ਹੀ ਪ੍ਰੀਖਿਆਰਥੀ ਅਤੇ ਉਨ੍ਹਾ ਦੇ ਮਾਪਿਆਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਪਿੰਡ ਮਲਕਪੁਰ ਨਿਵਾਸੀਆਂ ਨੇ ਦੱਸਿਆ ਕਿ ਸਵਾਮੀ ਪਰਮਾਨੰਦ ਇੰਜਨੀਅਰਿੰਗ ਕਾਲਜ ਵਿੱਚ ਵੱਖ ਵੱਖ ਵਿਭਾਗਾਂ ਦੇ ਪ੍ਰੀਖਿਆ ਕੇਂਦਰ ਬਣਦੇ ਹਨ, ਜਿਸ ਕਾਰਨ ਵਾਹਨਾ ਦੀਆਂ ਲੰਮੀਆਂ ਲਾਈਨਾ ਤੇ ਜਾਮ ਲੱਗਦੇ ਰਹਿੰਦੇ ਹਨ ਤੇ ਜਿਉਲੀ, ਜੰਡਲੀ, ਅੰਬਛਪਾ, ਸਮਗੋਲੀ, ਰਾਮਪੁਰ ਬਹਾਲ, ਜੌਲਾ ਕਲਾਂ, ਬਲਟਾਣਾ, ਬੜਾਣਾ, ਭੁੱਖੜੀ, ਭਾਗਸੀ, ਟਰੜਕ, ਝਵਾਂਸਾ, ਸਿਉਲੀ ਸਮੇਤ ਹੋਰ ਪਿੰਡਾਂ ਦੇ ਲੋਕਾਂ ਨੂੰ ਆਵਾਜਾਈ ਵਿਚ ਦਿੱਕਤਾਂ ਆਉਂਦੀਆਂ ਹਨ। ਕਾਲਜ ਵੱਲੋਂ ਪਾਰਕਿੰਗ ਦੇ ਪੁਖ਼ਤਾ ਪ੍ਰਬੰਧ ਨਾ ਕੀਤੇ ਜਾਣ ਕਾਰਨ ਪ੍ਰੀਖਿਆਰਥੀਆਂ ਤੇ ਸਥਾਨਕ ਰਾਹਗੀਰਾਂ ਨੂੰ ਹਰ ਵਾਰ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਉਨ੍ਹਾਂ ਮੰਗ ਕੀਤੀ ਕਿ ਉਕਤ ਕਾਲਜ ਨੂੰ ਪਾਰਕਿੰਗ ਦੇ ਪੁਖ਼ਤਾ ਪ੍ਰਬੰਧ ਅਤੇ ਉਨ੍ਹਾ ਨੁੂੰ ਸੰਭਾਲਣ ਲਈ ਮੁਲਾਜ਼ਮ ਤਾਇਨਾਤ ਕੀਤੇ ਜਾਣ। ਕਾਲਜ ਪ੍ਰਬੰਧਕ ਰੇਨੂ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਦੇ ਕਾਲਜ ਅੰਦਰ ਦੋ ਸ਼ਿਫ਼ਟਾਂ ਵਿੱਚ ਜੇਈਈ ਮੇਨਜ਼ ਦੀ ਪ੍ਰੀਖਿਆ ਚੱਲ ਰਹੀ ਹੈ, ਜਿਸ ਕਾਰਨ ਵਾਹਨਾਂ ਦੀ ਭੀੜ ਲੱਗੀ ਹੈ। ਉਨ੍ਹਾਂ ਸਿਕਿਓਰਿਟੀ ਗਾਰਡ ਨਿਯੁਕਤ ਕੀਤੇ ਹਨ ਤੇ ਕਾਲਜ ਦੀ ਪਾਰਕਿੰਗ ਵੀ ਪ੍ਰੀਖਿਆਰਥੀਆਂ ਲਈ ਖੋਲ੍ਹੀ ਗਈ ਹੈ।