Home » News » PUNJAB NEWS » ਜੇਐੱਨਯੂ ਹਿੰਸਾ: ਯੂਥ ਆਫ਼ ਪੰਜਾਬ ਵੱਲੋਂ ਸਮਰਥਨ
jnu

ਜੇਐੱਨਯੂ ਹਿੰਸਾ: ਯੂਥ ਆਫ਼ ਪੰਜਾਬ ਵੱਲੋਂ ਸਮਰਥਨ

ਮੁਹਾਲੀ : ਸਮਾਜ ਸੇਵੀ ਅਤੇ ਉੱਦਮੀ ਨੌਜਵਾਨਾਂ ਦੀ ਗ਼ੈਰ ਸਿਆਸੀ ਸੰਸਥਾ ਯੂਥ ਆਫ਼ ਪੰਜਾਬ ਨੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੀਐੱਨਯੂ) ਵਿੱਚ ਨਕਾਬਪੋਸ਼ ਗੁੰਡਿਆਂ ਵੱਲੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਨਿਸ਼ਾਨਾਂ ਬਣਾ ਕੇ ਕੀਤੀ ਬੁਰਛਾਗਰਦੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਅੱਜ ਇੱਥੇ ਸੰਸਥਾ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਨੇ ਉਕਤ ਘਟਨਾ ਨੂੰ ਮੰਦਭਾਗਾ ਦੱਸਦਿਆਂ ਕਿਹਾ ਕਿ ਜੇਐੱਨਯੂ ਇਕ ਉੱਚ ਸਿੱਖਿਆ ਅਦਾਰਾ ਹੈ। ਰਾਜਧਾਨੀ ਦਿੱਲੀ ਵਿੱਚ ਹੋਣ ਕਾਰਨ ਇੱਥੇ ਸਮੁੱਚੇ ਭਾਰਤ ਦੇ ਵੱਖ-ਵੱਖ ਸੂਬਿਆਂ ਸਮੇਤ ਅੰਤਰਰਾਸ਼ਟਰੀ ਵਿਦਿਆਰਥੀ ਵੀ ਮਿਆਰੀ ਸਿੱਖਿਆ ਹਾਸਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਸੰਸਥਾਵਾਂ ਵਿੱਚ ਦੇਸ਼ ਦੀਆਂ ਸਿਆਸੀ ਪਾਰਟੀਆਂ ਦਾ ਦਖ਼ਲ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਬਾਹਰ ਤੋਂ ਆ ਕੇ ਕਿਸੇ ਪਾਰਟੀ ਦੇ ਕਾਰਕੁਨਾਂ ਵੱਲੋਂ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦੇਣਾ ਬਹੁਤ ਹੀ ਨਿੰਦਣਯੋਗ ਹੈ। ਇਸ ਘਟਨਾ ਨਾਲ ਯੂਨੀਵਰਸਿਟੀ ਦੀ ਪ੍ਰਬੰਧਕੀ ਟੀਮ ਅਤੇ ਸਕਿਉਰਿਟੀ ਸਟਾਫ਼ ਵੀ ਸ਼ੱਕ ਦੇ ਘੇਰੇ ਵਿੱਚ ਹੈ ਕਿ ਵੱਡੀ ਗਿਣਤੀ ਵਿੱਚ ਬਾਹਰਲੇ ਵਿਅਕਤੀ ਹਥਿਆਰਾਂ ਨਾਲ ਲੈਸ ਹੋ ਕੇ ਯੂਨੀਵਰਸਿਟੀ ਕੈਂਪਸ ਵਿੱਚ ਦਾਖ਼ਲ ਕਿਵੇਂ ਹੋ ਗਏ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸਮੁੱਚੇ ਘਟਨਾਕ੍ਰਮ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਹਮਲਾਵਰਾਂ ਖ਼ਿਲਾਫ਼ ਸਖ਼ਤ ਕਾਨੂੰਨ ਕਾਰਵਾਈ ਕੀਤੀ ਜਾਵੇ।

About Jatin Kamboj