Home » FEATURED NEWS » ਜੈਸ਼-ਏ-ਮੁਹੰਮਦ ਦਾ ਅਤਿਵਾਦੀ ਬਸ਼ੀਰ ਅਹਿਮਦ ਗ੍ਰਿਫ਼ਤਾਰ
r0107a

ਜੈਸ਼-ਏ-ਮੁਹੰਮਦ ਦਾ ਅਤਿਵਾਦੀ ਬਸ਼ੀਰ ਅਹਿਮਦ ਗ੍ਰਿਫ਼ਤਾਰ

ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਫ਼ਰਾਰ ਚੱਲ ਰਹੇ ਜੈਸ਼-ਏ-ਮੁਹੰਮਦ ਦੇ ਅਤਿਵਾਦੀ ਬਸ਼ੀਰ ਅਹਿਮਦ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਹ ਦੂਜੀ ਵਾਰ ਸੈਲ ਦੇ ਹੱਥੇ ਚੜ੍ਹਿਆ ਹੈ। ਇਸੇ ਟੀਮ ਨੇ ਸਾਲ 2007 ‘ਚ ਐਨਕਾਊਂਟਰ ਤੋਂ ਬਾਅਦ ਪਾਕਿਸਤਾਨੀ ਸਾਥੀ ਸਮੇਤ ਜਿਨ੍ਹਾਂ ਤਿੰਨ ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ, ਉਨ੍ਹਾਂ ‘ਚ ਇਹ ਅਤਿਵਾਦੀ ਵੀ ਸੀ। ਬਸ਼ੀਰ ਅਹਿਮਦ ‘ਤੇ ਦਿੱਲੀ ਪੁਲਿਸ ਨੇ 2 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਸੀ। ਬਸ਼ੀਰ ਕੋਲੋਂ ਭਾਰੀ ਮਾਤਰਾ ‘ਚ ਵਿਸਫ਼ੋਟਕ ਸਮਗਰੀ ਵੀ ਬਰਾਮਦ ਹੋਈ ਹੈ। ਪੁਲਿਸ ਸੂਤਰਾਂ ਮੁਤਾਬਕ ਬਸ਼ੀਰ ਨੂੰ ਫੜਨ ਲਈ ਦੋ ਦਿਨ ਪਹਿਲਾਂ ਜੰਮੂ-ਕਸ਼ਮੀਰ ਪੁਲਿਸ ਨਾਲ ਛਾਪੇਮਾਰੀ ਕੀਤੀ ਗਈ ਸੀ ਪਰ ਉਹ ਭੱਜਣ ‘ਚ ਕਾਮਯਾਬ ਹੋ ਗਿਆ। ਸੋਮਵਾਰ ਨੂੰ ਦਿੱਲੀ ਪੁਲਿਸ ਨੇ ਇਕੱਲੇ ਛਾਪੇਮਾਰੀ ਕੀਤੀ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਸਾਲ 2007 ‘ਚ ਬਸ਼ੀਰ ਅਹਿਮਦ ਨੂੰ ਅਬਦੁਲ ਬਾਬਾ ਅਤੇ ਫ਼ਯਾਜ ਲੋਨ ਤੋਂ ਇਲਾਵਾ ਪਾਕਿਸਤਾਨੀ ਮੂਲ ਦੇ ਜੈਸ਼ ਕਮਾਂਡਰ ਸ਼ਾਹਿਦ ਗਫੂਰ ਸਮੇਤ ਡੀਡੀਯੂ ਮਾਰਗ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। 2013 ‘ਚ ਹੇਠਲੀ ਅਦਾਲਤ ਨੇ ਇਨ੍ਹਾਂ ਨੂੰ ਰਿਹਾਅ ਕਰ ਦਿੱਤਾ ਸੀ। ਹਾਲਾਂਕਿ ਪੁਲਿਸ ਉਨ੍ਹਾਂ ਨੂੰ ਸਜ਼ਾ ਦਿਵਾਉਣ ਲਈ ਦਿੱਲੀ ਹਾਈ ਕੋਰਟ ਪੁੱਜੀ ਅਤੇ ਹਾਈ ਕੋਰਟ ‘ਚ ਸੁਣਵਾਈ ਤੋਂ ਬਾਅਦ ਸਾਲ 2014 ‘ਚ ਇਨ੍ਹਾਂ ਨੂੰ ਦੋਸ਼ੀ ਸਾਬਤ ਕਰ ਦਿੱਤਾ ਗਿਆ। ਇਨ੍ਹਾਂ ਨੂੰ ਵਾਪਸ ਅਦਾਲਤ ‘ਚ ਪੇਸ਼ ਹੋਣਾ ਸੀ ਪਰ ਉਹ ਆਤਮ ਸਮਰਪਣ ਕਰਨ ਦੀ ਬਜਾਏ ਫ਼ਰਾਰ ਹੋ ਗਏ। ਇਸ ਤੋਂ ਬਾਅਦ ਪੁਲਿਸ ਉਨ੍ਹਾਂ ਦੀ ਤਲਾਸ਼ ਕਰ ਰਹੀ ਸੀ। ਪੁਲਿਸ ਨੇ ਇਸੇ ਸਾਲ ਫ਼ਯਾਜ ਲੋਨ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਮਈ ‘ਚ ਅਬਦੁਲ ਬਾਬਾ ਮਜ਼ੀਦ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ।

About Jatin Kamboj