Home » News » AUSTRALIAN NEWS » ਜੰਗਲੀ ਅੱਗ ਕਾਰਨ ਸਿਡਨੀ ‘ਚ ਭਰਿਆ ਧੂੰਆਂ, ਲੋਕਾਂ ਲਈ ਐਡਵਾਇਜ਼ਰੀ ਜਾਰੀ
sa

ਜੰਗਲੀ ਅੱਗ ਕਾਰਨ ਸਿਡਨੀ ‘ਚ ਭਰਿਆ ਧੂੰਆਂ, ਲੋਕਾਂ ਲਈ ਐਡਵਾਇਜ਼ਰੀ ਜਾਰੀ

ਸਿਡਨੀ- ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਦੇ ਜੰਗਲਾਂ ‘ਚ ਤਕਰੀਬਨ ਇਕ ਮਹੀਨੇ ਪਹਿਲਾਂ ਤੋਂ ਲੱਗੀ ਅੱਗ ‘ਤੇ ਹੁਣ ਤਕ ਕਾਬੂ ਨਹੀਂ ਪਾਇਆ ਜਾ ਸਕਿਆ। ਇਸ ਦੇ ਚੱਲਦਿਆਂ ਸੂਬੇ ਦੇ ਕੁਝ ਵੱਡੇ ਸ਼ਹਿਰਾਂ ‘ਚ ਪ੍ਰਦੂਸ਼ਣ ਵਧ ਗਿਆ ਹੈ ਅਤੇ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਮੰਗਲਵਾਰ ਨੂੰ ਸਿਡਨੀ ‘ਚ ਸਵੇਰ ਤੋਂ ਹੀ ਧੂੰਏਂ ਦੀ ਮੋਟੀ ਚਾਦਰ ਫੈਲ ਗਈ। ਅਫਸਰਾਂ ਮੁਤਾਬਕ ਤੇਜ਼ ਹਵਾਵਾਂ ਦੇ ਚੱਲਦਿਆਂ ਜੰਗਲਾਂ ਦਾ ਧੂੰਆਂ ਸ਼ਹਿਰਾਂ ‘ਚ ਪੁੱਜ ਰਿਹਾ ਹੈ। ਇਸ ਨਾਲ ਏਅਰ ਕੁਆਲਟੀ ਖਤਰਨਾਕ ਪੱਧਰ ਤਕ ਪੁੱਜ ਚੁੱਕੀ ਹੈ। ਸਿਹਤ ਅਧਿਕਾਰੀਆਂ ਨੇ ਲੋਕਾਂ ਨੂੰ ਘਰਾਂ ‘ਚ ਰਹਿਣ ਅਤੇ ਸਰੀਰਕ ਗਤੀਵਿਧੀਆਂ ਨੂੰ ਘੱਟ ਕਰਨ ਦੀ ਸਲਾਹ ਦਿੱਤੀ ਹੈ।ਸੋਸ਼ਲ ਮੀਡੀਆ ‘ਤੇ ਧੂੰਏਂ ਨਾਲ ਭਰੇ ਸ਼ਹਿਰ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੀ ਸਵੇਰ ਧੂੰਏਂ ਨਾਲ ਭਰੀ ਹੋਈ ਸੀ ਤੇ ਉਹ ਇਹ ਸੋਚ ਕੇ ਡਰ ਗਏ ਕਿ ਉਨ੍ਹਾਂ ਦੇ ਘਰ ‘ਚ ਅੱਗ ਲੱਗ ਗਈ ਹੈ। ਬਾਅਦ ‘ਚ ਉਨ੍ਹਾਂ ਨੂੰ ਸੱਚਾਈ ਦਾ ਪਤਾ ਲੱਗਾ।
ਅਫਸਰਾਂ ਮੁਤਾਬਕ ਧੂੰਆਂ ਅਜੇ ਕੁੱਝ ਦਿਨਾਂ ਤਕ ਫੈਲਿਆ ਰਹੇਗਾ। ਸਿਡਨੀ ‘ਚ ਤਕਰੀਬਨ 50 ਲੱਖ ਲੋਕ ਰਹਿੰਦੇ ਹਨ। ਸਥਾਨਕ ਮੀਡੀਆ ਮੁਤਾਬਕ ਕਈ ਇਲਾਕਿਆਂ ‘ਚ ਪ੍ਰਦੂਸ਼ਣ ਦਾ ਪੱਧਰ ਰਾਸ਼ਟਰੀ ਮਾਨਕ ਤੋਂ 8 ਗੁਣਾ ਵਧੇਰੇ ਹੈ। ਆਸਟ੍ਰੇਲੀਆ ‘ਚ ਵਧਦੀ ਗਰਮੀ ਕਾਰਨ ਜੰਗਲਾਂ ‘ਚ ਅੱਗ ਦੇ ਹੋਰ ਵਧਣ ਦਾ ਖਦਸ਼ਾ ਹੈ। ਦੱਖਣੀ ਆਸਟ੍ਰੇਲੀਆ ਸੂਬੇ ‘ਚ ਤਾਂ ਫਾਇਰ ਵਾਰਨਿੰਗ ਜਾਰੀ ਕਰ ਦਿੱਤੀ ਗਈ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਅੱਗ ਨਾ ਬਾਲਣ ਦੀ ਸਲਾਹ ਦਿੱਤੀ ਹੈ।
ਵਿਗਿਆਨੀਆਂ ਦਾ ਕਹਿਣਾ ਹੈ ਕਿ ਸਿਡਨੀ ‘ਚ ਖਰਾਬ ਵਾਤਾਵਰਣ ਦਾ ਮੁੱਖ ਕਾਰਨ ਤਟੀ ਅਤੇ ਅੰਦਰੂਨੀ ਇਲਾਕਿਆਂ ਦੇ ਜੰਗਲਾਂ ‘ਚ ਫੈਲੀ ਅੱਗ ਹੈ। ਤਕਰੀਬਨ 50 ਤੋਂ ਵਧੇਰੇ ਥਾਵਾਂ ‘ਤੇ ਅੱਗ ਲੱਗੀ ਹੋਈ ਹੈ। ਅਫਸਰਾਂ ਮੁਤਾਬਕ 8 ਨਵੰਬਰ ਤੋਂ ਲੈ ਕੇ ਹੁਣ ਤਕ ਸੂਬੇ ‘ਚ 468 ਘਰ ਤਬਾਹ ਹੋ ਚੁੱਕੇ ਹਨ। ਇਸ ‘ਚ 6 ਲੋਕ ਵੀ ਮਾਰੇ ਜਾ ਚੁੱਕੇ ਹਨ।

About Jatin Kamboj