AUSTRALIAN NEWS FEATURED NEWS News

‘ਟਰਬਨ ਫਾਰ ਆਸਟ੍ਰੇਲੀਆ’ ਨੇ ਫੜੀ ਅੱਗ ਪੀੜਤਾਂ ਦੀ ਬਾਂਹ

ਮੈਲਬੌਰਨ – ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਵਿਚ ਅੱਗ ਦਾ ਕਹਿਰ ਅਜੇ ਵੀ ਜਾਰੀ ਹੈ ਇਸ ਦੌਰਾਨ ਗਰਮੀ ਨੇ ਵੀ ਸਾਰੇ ਪਿਛਲੇ ਰਿਕਾਰਡ ਤੋੜ ਦਿੱਤੇ ਹਨ। ਆਸਟ੍ਰੇਲੀਆ ਵਿਚ ਜੰਗਲ ਨੇੜਲੇ ਇਲਾਕਿਆਂ ਦੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਨੂੰ ਦੇਖਦਿਆਂ ਕਈ ਸਮਾਜ ਸੇਵੀ ਸੰਸਥਾਵਾਂ ਪੀੜਤ ਲੋਕਾਂ ਦੀ ਮਦਦ ਲਈ ਅੱਗੇ ਆ ਰਹੀਆਂ ਹਨ। ਜਿਨ੍ਹਾਂ ਵਿਚੋਂ ਇਕ ਹੈ ‘ਟਰਬਨ ਫਾਰ ਆਸਟ੍ਰੇਲੀਆ’। ਇਸ ਸੰਸਥਾ ਵੱਲੋਂ ਅੱਗ ਨਾਲ ਪ੍ਰਭਾਵਤ ਲੋਕਾਂ ਦੀ ਮਦਦ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਿੱਖ ਸੰਸਥਾ ‘ਟਰਬਨ ਫਾਰ ਆਸਟ੍ਰੇਲੀਆ’ ਵੱਲੋਂ ਕੇਅਰ ਵਨ ਕੇਅਰ ਆਲ ਗਰੁੱਪ ਨਾਮੀ ਸੰਸਥਾ ਨਾਲ ਮਿਲ ਕੇ ਪ੍ਰਭਾਵਿਤ ਇਲਾਕੇ ਵਿਚ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਇਨ੍ਹਾਂ ਸੰਸਥਾਵਾਂ ਵੱਲੋਂ ਲੋਕਾਂ ਨੂੰ ਪਾਣੀ ਅਤੇ ਹੋਰ ਖਾਣ ਪੀਣ ਤੇ ਹੋਰ ਜ਼ਰੂਰਤ ਦਾ ਸਮਾਨ ਵੰਡਿਆ ਜਾ ਰਿਹਾ ਹੈ। ਇਨ੍ਹਾਂ ਸੰਸਥਾਵਾਂ ਵੱਲੋਂ ਨਿਊ ਸਾਊਥ ਵੇਲਜ਼ ਦੇ ਸ਼ਹਿਰ ਟੈਂਡਰ ਫੀਲਡ ਦੇ ਕੌਫਸ ਹਾਰਬਰ ਵਿਚ ਟਰੱਕ ਭਰ ਕੇ ਸਮਾਨ ਲਿਆਂਦਾ ਗਿਆ,ਜਿਸ ਨੂੰ ਪੀੜਤ ਲੋਕਾਂ ਵਿਚ ਤਕਸੀਮ ਕੀਤਾ ਗਿਆ। ਦੱਸ ਦਈਏ ਕਿ ਨਿਊ ਸਾਊਥ ਵੇਲਜ਼ ਦੇ ਜੰਗਲਾਂ ਵਿਚ ਅੱਗ ਲੱਗਣ ਕਾਰਨ ਇੱਥੋਂ ਦੇ ਬਹੁਤ ਸਾਰੇ ਇਲਾਕਿਆਂ ਵਿਚ ਐਮਰਜੈਂਸੀ ਜਾਰੀ ਕਰ ਦਿੱਤੀ ਗਈ ਹੈ। ਸਕੂਲ ਬੰਦ ਕਰ ਦਿੱਤੇ ਗਏ ਹਨ। ਆਸਮਾਨ ਵਿਚ ਧੂੰਏਂ ਦੇ ਬੱਦਲ ਨਜ਼ਰ ਆ ਰਹੇ ਹਨ। ਇਨ੍ਹਾਂ ਸੰਸਥਾਵਾਂ ਦੇ ਨਾਲ ਨਾਲ ਖ਼ਾਲਸਾ ਏਡ ਵੱਲੋਂ ਵੀ ਪੀੜਤ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ।