Home » FEATURED NEWS » ਟੀ.ਬੀ. ਦੇ ਮਰੀਜ਼ਾਂ ਦਾ ਘਰ ਬੈਠਿਆਂ ਹੋਵੇਗਾ ਇਲਾਜ
tv

ਟੀ.ਬੀ. ਦੇ ਮਰੀਜ਼ਾਂ ਦਾ ਘਰ ਬੈਠਿਆਂ ਹੋਵੇਗਾ ਇਲਾਜ

ਚੰਡੀਗੜ੍ਹ : ਸਿਹਤ ਅਤੇ ਪਰਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸੂਬੇ ਵਿਚ ਟੀ.ਬੀ. ਦੇ ਮਰੀਜ਼ਾਂ ਤਕ ਸੁਖਾਲੀ ਅਤੇ ਵਿਆਪਕ ਪਹੁੰਚ ਬਣਾਉਣ ਦੇ ਮੰਤਵ ਨਾਲ ਟੀ.ਬੀ. ਸੁਪਰਵਾਇਜ਼ਰਾਂ ਨੂੰ ਸਕੂਟਰ ਤਕਸੀਮ ਕਰਨ ਮਗਰੋਂ ਉਨਾਂ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਖਰੜ ਦੇ ਸਬ-ਡਵੀਜ਼ਨਲ ਹਸਪਤਾਲ (ਐਸ.ਡੀ.ਐਚ.) ਵਿਚ ਹੋਏ ਸੂਬਾ ਪੱਧਰੀ ਸਮਾਗਮ ਦੌਰਾਨ ਸਿੱਧੂ ਨੇ ਦਸਿਆ ਕਿ ਟੀ.ਬੀ. ਕੰਟਰੋਲ ਪ੍ਰੋਗਰਾਮ ਤਹਿਤ ਇਹ ਸਕੂਟਰ ਫ਼ੀਲਡ ਵਰਕਰਾਂ ਨੂੰ ਦਿਤੇ ਗਏ ਹਨ ਤਾਂਕਿ ਉਹ ਟੀ.ਬੀ. ਦੇ ਮਰੀਜ਼ਾਂ ਤਕ ਲਗਾਤਾਰ ਅਤੇ ਆਸਾਨ ਪਹੁੰਚ ਬਣਾ ਸਕਣ। ਉਨ੍ਹਾਂ ਕਿਹਾ ਕਿ ਜੇ ਸਿਹਤ ਵਿਭਾਗ ਟੀ.ਬੀ. ਦੇ ਮਰੀਜ਼ਾਂ ਦੀ ਸਹੀ ਖ਼ਬਰਸਾਰ ਰੱਖ ਸਕੇਗਾ ਤਾਂ ਸੂਬੇ ਵਿਚ ਟੀ.ਬੀ. (ਤਪਦਿਕ ) ਨੂੰ ਮੁਕੰਮਲ ਤੌਰ ’ਤੇ ਖ਼ਤਮ ਕਰਨ ਵਿਚ ਮਦਦ ਮਿਲ ਸਕੇਗੀ।
ਸਿਹਤ ਮੰਤਰੀ ਨੇ ਦਸਿਆ ਕਿ ਅੱਜ ਖਰੜ, ਬਠਿੰਡਾ ਅਤੇ ਵੇਰਕਾ ਵਿਖੇ ਤਿੰਨ ਥਾਈਂ ਸਮਾਗਮ ਹੋਏ ਹਨ ਜਿਥੇ ਸੀਨੀਅਰ ਟਰੀਟਮੈਂਟ ਸੁਪਰਵਾਈਜ਼ਰ ਅਤੇ ਸੀਨੀਅਰ ਟਰੀਟਮੈਂਟ ਲੈਬ ਸੁਪਰਵਾਇਜ਼ਰ (ਐਸ.ਟੀ.ਐਸ.ਅਤੇ ਐਸ.ਟੀ.ਐਲ.ਐਸ.) ਨੂੰ ਕੁਲ 81 ਸਕੂਟਰ ਦਿਤੇ ਗਏ ਹਨ, ਜਿਨ੍ਹਾਂ ਵਿਚੋਂ ਖਰੜ, ਲੁਧਿਆਣਾ, ਪਟਿਆਲਾ, ਰੋਪੜ, ਨਵਾਂਸ਼ਹਿਰ ਅਤੇ ਫ਼ਤਿਹਗੜ੍ਹ ਸਾਹਿਬ ਦੇ 24 ਸੁਪਰਵਾਇਜ਼ਰਾਂ ਨੂੰ ਸਕੂਟਰਾਂ ਦੀ ਵੰਡ ਕੀਤੀ ਗਈ ਹੈ। ਇਸ ਤੋਂ ਇਲਾਵਾ ਬਠਿੰਡਾ ਵਿਖੇ 18 ਅਤੇ ਵੇਰਕਾ ਵਿਖੇ 39 ਸਕੂਟਰ ਵੰਡੇ ਗਏ ਹਨ। ਉਨ੍ਹਾਂ ਦਸਿਆ ਕਿ ਸਿਹਤ ਵਿਭਾਗ ਵਿਚ ਅਜਿਹੇ ਕੁਲ 215 ਸੁਪਰਵਾਈਜ਼ਰ ਹਨ, ਜਿਨ੍ਹਾਂ ਵਿਚੋਂ 134 ਕੋਲ ਪਹਿਲਾਂ ਹੀ ਇਹ ਸਹੂਲਤ ਸੀ ਅਤੇ ਅੱਜ 81 ਹੋਰਾਂ ਨੂੰ ਇਹ ਸਹੂਲਤ ਦਿਤੇ ਜਾਣ ਨਾਲ ਹੁਣ ਸਾਰੇ 215 ਸੁਪਰਵਾਈਰਾਂ ਕੋਲ ਸਕੂਟਰ ਦੀ ਸਹੂਲਤ ਹੈ।
ਸਿੱਧੂ ਨੇ ਦਸਿਆ ਕਿ ਜਿਥੇ ਇਹ ਸੁਪਰਵਾਇਜ਼ਰ ਟੀ.ਬੀ. ਦੇ ਮਰੀਜ਼ਾਂ ਨੂੰ ਦਿਤੀ ਜਾ ਰਹੀ ਦਵਾਈ ਦੀ ਸਥਿਤੀ ਬਾਰੇ ਜਾਣਕਾਰੀ ਲੈਣਗੇ, ਉਥੇ ਇਹ ਵੇਖਣਗੇ ਕਿ ਉੁਸ ਦੇ ਘਰ ਜਾਂ ਆਲੇ-ਦੁਆਲੇ ਟੀ.ਬੀ. ਦਾ ਕੋਈ ਸ਼ੱਕੀ ਮਰੀਜ਼ ਤਾਂ ਨਹੀਂ। ਜੇ ਅਜਿਹਾ ਮਰੀਜ਼ ਮਿਲਦਾ ਹੈ ਤਾਂ ਉਸ ਦੇ ਜ਼ਰੂਰੀ ਟੈਸਟ ਕਰਵਾਉਣ ਲਈ ਨੇੜਲੀ ਸਰਕਾਰੀ ਸਿਹਤ ਸੰਸਥਾ ਵਿਚ ਉਸ ਨੂੰ ਭੇਜਿਆ ਜਾਵੇਗਾ। ਨਾਲ ਹੀ ਇਹ ਵਰਕਰ ਯਕੀਨੀ ਬਨਾਉਣਗੇ ਕਿ ਮਰੀਜ਼ ਨੂੰ ਦਵਾਈ ਲੈਣ ਵਿਚ ਕਿਸੇ ਵੀ ਤਰਾਂ ਦੀ ਦਿੱਕਤ ਨਾ ਹੋਵੇ। ਇਸ ਤੋਂ ਇਲਾਵਾ ਮਰੀਜ਼ ਨੂੰ ਮਿਲ ਰਹੀ ਮਾਲੀ ਇਮਦਾਦ ਬਾਰੇ ਵੀ ਜਾਣਕਾਰੀ ਲੈਣਗੇ। ਉਨ੍ਹਾਂ ਦਸਿਆ ਕਿ ਸਰਕਾਰ ਵਲੋਂ ਟੀ.ਬੀ. ਦੇ ਹਰ ਮਰੀਜ਼ ਨੂੰ ਹਰ ਮਹੀਨੇ 500 ਰੁਪਏ ਦੀ ਮਾਲੀ ਇਮਦਾਦ ਦਿਤੀ ਜਾਂਦੀ ਹੈ ਤਾਕਿ ਉਹ ਚੰਗੀ ਤੇ ਪੌਸ਼ਟਿਕ ਖ਼ੁਰਾਕ ਦਾ ਸੇਵਨ ਕਰ ਸਕੇ।

About Jatin Kamboj