FEATURED NEWS News PUNJAB NEWS

ਡਾਕਟਰਾਂ ਦੀ ਸੇਵਾਮੁਕਤੀ ਉਮਰ 60 ਸਾਲ ਤੋਂ ਵਧਾ ਕੇ 65 ਸਾਲ ਕੀਤੀ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਅੱਜ ਸਪੈਸ਼ਲਿਸਟ ਡਾਕਟਰਾਂ ਦੇ ਸੇਵਾਕਾਲ ਦੀ ਉਮਰ ਹੱਦ 60 ਸਾਲ ਤੋਂ ਵਧਾ ਕੇ 65 ਸਾਲ ਕਰ ਦਿੱਤੀ ਹੈ। ਹੁਣ ਸਪੈਸ਼ਲਿਸਟ ਡਾਕਟਰ ਆਪਣੀ ਸੇਵਾਮੁਕਤੀ ਦੇ ਸਮੇਂ ਤੋਂ ਬਾਅਦ ਵੀ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਿਚ ਆਪਣੀਆਂ ਸੇਵਾਵਾਂ ਨਿਭਾ ਸਕਣਗੇ।ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦਸਿਆ ਕਿ ਸਰਕਾਰੀ ਹਸਪਤਾਲਾਂ ਵਿਚ ਸਪੈਸ਼ਲਿਸਟ ਡਾਕਟਰਾਂ ਦੀ ਕਮੀ ਨੂੰ ਪੂਰਾ ਕਰਨ ਲਈ ਸੂਬਾ ਸਰਕਾਰ ਨੇ ਸਪੈਸ਼ਿਲਸਟ ਡਾਕਟਰਾਂ ਦੀ ਉਮਰ ਹੱਦ ਵਧਾਉਣ ਦਾ ਫ਼ੈਸਲਾ ਲਿਆ ਹੈ ਤਾਂ ਜੋ ਲੰਮੇ ਸਮੇਂ ਤੱਕ ਉਹ ਵਿਭਾਗ ਵਿੱਚ ਆਪਣੀਆਂ ਸੇਵਾਵਾਂ ਦੇ ਸਕਣ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲਈ ਸਿਹਤ ਇਕ ਤਰਜ਼ੀਹੀ ਖੇਤਰ ਹੈ ਅਤੇ ਇਸ ਖੇਤਰ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।ਸਿਹਤ ਮੰਤਰੀ ਨੇ ਦਸਿਆ ਕਿ ਪ੍ਰੰਬਧਕੀ ਵਿਭਾਗ ਵਲੋਂ 384 ਖਾਲੀ ਅਸਾਮੀਆਂ ’ਤੇ ਰੈਗੂਲਰ ਭਰਤੀ ਕਰਨ ਤੱਕ ਗਾਇਨੀਕੋਲੋਜਿਸਟ, ਸਰਜਨ, ਆਰਥੋਪੈਡਿਸ਼ਿਅਨਜ਼, ਰੇਡੀਓਲੋਜਿਸਟ, ਐਨੇਸਥੀਟਿਸਟਸ ਆਦਿ ਨੂੰ ਕੰਸਲਟੈਂਟ ਤੌਰ ’ਤੇ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ੁਰੂ ਵਿੱਚ ਹਰੇਕ ਕੰਸਲਟੈਂਟ ਨੂੰ ਇਕ ਸਾਲ ਦੇ ਸਮੇਂ ਲਈ ਠੇਕਾ ਅਧਾਰ ’ਤੇ ਨਿਯੁਕਤ ਕੀਤਾ ਜਾਵੇਗਾ ਜਿਸ ਵਿਚ ਉਨ੍ਹਾਂ ਦੀ ਕਾਰਗੁਜ਼ਾਰੀ ਦੇ ਆਧਾਰ ’ਤੇ ਸਾਲ-ਦਰ-ਸਾਲ ਵਾਧਾ ਕੀਤਾ ਜਾਵੇਗਾ। ਉਨ੍ਹਾਂ ਸਪਸ਼ਟ ਕਰਦਿਆਂ ਦਸਿਆ ਕਿ ਇਨ੍ਹਾਂ ਕੰਸਲਟੈਂਟਾਂ ਨੂੰ ਦਿੱਤੀ ਜਾਣ ਵਾਲੀ ਤਨਖਾਹ ਉਨ੍ਹਾਂ ਦੇ ਸੇਵਾਕਾਲ ਦੀ ਆਖਰੀ ਤਨਖਾਹ ਵਿੱਚੋਂ ਪੈਨਸ਼ਨ ਦੀ ਰਕਮ ਘਟਾ ਕੇ ਬਚਦੀ ਰਕਮ ਤੋਂ ਜ਼ਿਆਦਾ ਨਹੀਂ ਹੋਵੇਗੀ।ਉਨ੍ਹਾਂ ਦਸਿਆ ਕਿ ਇਹ ਕੰਸਲਟੈਂਟ ਸਿਰਫ਼ ਕਲੀਨਿਕਲ ਡਿਊਟੀਆਂ ਨਿਭਾਉਣਗੇ ਅਤੇ ਕਿਸੇ ਵੀ ਕੇਸ ਵਿੱਚ ਉਹਨਾਂ ਨੂੰ ਕੋਈ ਪ੍ਰਸ਼ਾਸਕੀ ਡਿਊਟੀ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਪ੍ਰਬੰਧਕੀ ਵਿਭਾਗ ਨੂੰ ਭਰਤੀ ਪ੍ਰਕਿਰਿਆ ਦੌਰਾਨ 100 ਫ਼ੀਸਦੀ ਪਾਰਦਰਸ਼ਿਤਾ ਬਣਾਏ ਰੱਖਣ, ਮੈਰਿਟ ਦੇ ਆਧਾਰ ’ਤੇ ਨਿਯੁਕਤੀਆਂ ਯਕੀਨੀ ਬਨਾਉਣ ਤੇ ਸਟੇਸ਼ਨ ਅਲਾਟ ਕਰਨ ਦੀ ਹਦਾਇਤ ਵੀ ਦਿੱਤੀ। ਸਿੱਧੂ ਨੇ ਦਸਿਆ ਕਿ ਇਕ ਸਾਲ ਲਈ ਕੰਸਲਟੈਂਟਾਂ ਦੀ ਨਿਯੁਕਤੀ ਲਈ ਵੱਧ ਤੋਂ ਵੱਧ ਉਮਰ 64 ਸਾਲ ਹੋਵੇਗੀ ਅਤੇ ਕੰਸਲਟੈਂਟ ਦੀ ਉਮਰ 65 ਸਾਲ ਦੀ ਹੋਣ ’ਤੇ ਕਿਸੇ ਵੀ ਹਾਲਾਤ ਵਿੱਚ ਉਸ ਦੀ ਸੇਵਾ ਨੂੰ ਬਰਕਰਾਰ ਨਹੀਂ ਰੱਖਿਆ ਜਾਵੇਗਾ।