FEATURED NEWS News PUNJAB NEWS

‘ਡਾਕਟਰੀ’ ਦੇ ਇਮਤਿਹਾਨ ‘ਚ ਕਕਾਰਾਂ ਤੋਂ ਪਾਬੰਦੀ ਹਟਾਈ

ਚੰਡੀਗੜ੍ਹ : ਐਮ.ਬੀ.ਬੀ.ਐਸ. ਵਿਚ ਦਾਖ਼ਲੇ ਵਾਸਤੇ ਲਏ ਜਾਣ ਵਾਲੇ ਸਾਂਝੇ ਟੈਸਟ ਵੇਲੇ ਸਿੱਖ ਉਮੀਦਵਾਰਾਂ ਨੂੰ ਇਮਤਿਹਾਨ ਹਾਲ ਵਿਚ ਕਕਾਰ ਪਹਿਨ ਕੇ ਜਾਣ ਦੀ ਖੁਲ੍ਹ ਦੇ ਦਿਤੀ ਗਈ ਹੈ। ਕੇਂਦਰ ਸਰਕਾਰ ਦੇ ਤਾਜ਼ਾ ਪਰ ਅਹਿਮ ਫ਼ੈਸਲੇ ਮੁਤਾਬਕ ਉਮੀਦਵਾਰਾਂ ਤੇ ਪ੍ਰੀਖਿਆ ਹਾਲ ਵਿਚ ਕੜਾ ਅਤੇ ਕ੍ਰਿਪਾਨ ਪਹਿਨ ਕੇ ਜਾਣ ‘ਤੇ ਕੋਈ ਪਾਬੰਦੀ ਨਹੀਂ ਰਹੀ ਹੈ। ਇਸ ਤੋਂ ਪਹਿਲਾਂ ਕਈ ਵਾਰ ਸਿੱਖ ਉਮੀਦਵਾਰਾਂ ਨੂੰ ਪ੍ਰੀਖਿਆ ਹਾਲ ਵਿਚ ਕਕਾਰਾਂ ਸਮੇਤ ਦਾਖ਼ਲ ਹੋਣ ਦੀ ਆਗਿਆ ਨਾ ਮਿਲਣ ਕਾਰਨ ਉਨ੍ਹਾਂ ਦਾ ਡਾਕਟਰ ਬਣਨ ਦਾ ਸੁਪਨਾ ਵਿਚ ਹੀ ਟੁਟਦਾ ਰਿਹਾ ਹੈ। ਉਚ ਭਰੋਸੇਯੋਗ ਸੂਤਰਾਂ ਦਾ ਦਸਣਾ ਹੈ ਕਿ ਕੇਂਦਰ ਸਰਕਾਰ ਨੇ ਇਹ ਫ਼ੈਸਲਾ ਵਿਦੇਸ਼ਾਂ ਵਿਚ ਸਿੱਖ ਉਮੀਦਵਾਰਾਂ ਉਤੇ ਕੋਈ ਅਜਿਹੀ ਪਾਬੰਦੀ ਨਾ ਹੋਣ ਦੇ ਦਬਾਅ ਹੇਠ ਆ ਕੇ ਲਿਆ ਹੈ। ਨੀਟ ਲਈ ਰਜਿਸਟ੍ਰੇਸ਼ਨ ਦੋ ਦਸੰਬਰ ਤੋਂ ਸ਼ੁਰੂ ਹੋ ਗਈ ਹੈ।ਕੇਂਦਰੀ ਸਿਹਤ ਮੰਤਰਾਲੇ ਨੇ ਇਸ ਸਾਲ ਤੋਂ ਮੁਲਕ ਦੇ ਸਾਰੇ ਸਰਕਾਰੀ ਅਤੇ ਗ਼ੈਰ ਸਰਕਾਰੀ ਮੈਡੀਕਲ ਕਾਲਜਾਂ ਅਤੇ ਯੂਨੀਵਰਸਟੀਆਂ ਵਾਸਤੇ ਨੀਟ ਲਾਜ਼ਮੀ ਕਰ ਦਿਤਾ ਹੈ। ਇਥੋਂ ਤਕ ਕਿ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਦਿੱਲੀ ਅਤੇ ਜਵਾਹਰ ਲਾਲ ਨਹਿਰੂ ਇੰਸਟੀਚਿਊਟ ਆਫ਼ ਮੈਡੀਕਲ ਐਂਡ ਰਿਸਰਚ ਪੁਡੂਚਰੀ ਵੀ ਨੀਟ ਰਾਹੀਂ ਦਾਖ਼ਲਾ ਕਰਨ ਦੇ ਪਾਬੰਦ ਹੋਣਗੇ। ਇਕ ਹੋਰ ਮਹੱਤਵਪੂਰਣ ਫ਼ੈਸਲੇ ਰਾਹੀਂ ਨੀਟ ਦੌਰਾਨ ਕੈਮਿਸਟਰੀ, ਫ਼ਿਜ਼ੀਕਸ ਅਤੇ ਬਾਇਉ ਦੇ ਪੇਪਰਾਂ ਦੇ ਅੰਕ ਬਰਾਬਰ ਕਰ ਦਿਤੇ ਹਨ। ਇਸ ਤੋਂ ਪਹਿਲਾਂ ਬਾਇਉ ਦੇ ਵਿਸ਼ੇ ਦੇ ਅੰਕ ਦੂਜੇ ਦੋ ਪੇਪਰਾਂ ਨਾਲੋਂ ਦੁਗਣੇ ਸਨ। ਨੀਟ ਵਾਸਤੇ ਰਜਿਸਟ੍ਰੇਸ਼ਨ ਕਰਾਉਣ ਦੀ ਆਖ਼ਰੀ ਤਰੀਕ 31 ਦਸੰਬਰ ਮੁਕਰਰ ਕੀਤੀ ਗਈ ਹੈ ਜਦਕਿ ਫ਼ੀਸ 1 ਜਨਵਰੀ ਤਕ ਜਮ੍ਹਾਂ ਕਰਵਾਈ ਜਾ ਸਕਦੀ ਹੈ। ਪੰਜਾਬ ਦੇ ਤਿੰਨ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲਾਂ ਵਿਚ ‘ਡਾਕਟਰੀ’ ਦੀਆਂ 450 ਸੀਟਾਂ ਹਨ। ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਬਠਿੰਡਾ ਵਿਚ ਅਗਲੇ ਵਿਦਿਅਕ ਸੈਸ਼ਨ ਤੋਂ ਕਲਾਸ ਸ਼ੁਰੂ ਹੋਣ ਦੀ ਸੂਰਤ ਵਿਚ ਸਰਕਾਰੀ ਕੋਟੇ ਦੀਆਂ 50 ਸੀਟਾਂ ਹੋਰ ਵੱਧ ਜਾਣਗੀਆਂ।