Home » FEATURED NEWS » ਢੀਂਡਸਾ ਦਾ ਰਾਜ ਸਭਾ ’ਚੋਂ ਪਾਰਟੀ ਆਗੂ ਵਜੋਂ ਅਸਤੀਫ਼ਾ
dd

ਢੀਂਡਸਾ ਦਾ ਰਾਜ ਸਭਾ ’ਚੋਂ ਪਾਰਟੀ ਆਗੂ ਵਜੋਂ ਅਸਤੀਫ਼ਾ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਰਾਜ ਸਭਾ ਵਿਚ ਪਾਰਟੀ ਦੇ ਆਗੂ ਵਜੋਂ ਅਸਤੀਫ਼ਾ ਦੇਣ ਨੇ ਅਕਾਲੀ ਸਿਆਸਤ ਵਿਚ ਹਲਚਲ ਪੈਦਾ ਕਰ ਦਿੱਤੀ ਹੈ। ਸ੍ਰੀ ਢੀਂਡਸਾ ਵੱਲੋਂ ਅਸਤੀਫ਼ਾ ਉਸ ਵੇਲੇ ਦਿੱਤਾ ਗਿਆ ਹੈ ਜਦ ਸੂਬੇ ਦੀਆਂ ਜ਼ਿਮਨੀ ਚੋਣਾਂ ਜਿੱਤਣ ਲਈ ਅਕਾਲੀਆਂ ਖ਼ਾਸ ਕਰ ਬਾਦਲ ਪਰਿਵਾਰ ਵੱਲੋਂ ‘ਸਿਰ-ਧੜ੍ਹ ਦੀ ਬਾਜ਼ੀ’ ਲਾ ਕੇ ਵੱਕਾਰ ਬਹਾਲ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਸਿਆਸੀ ਹਲਕਿਆਂ ਮੁਤਾਬਕ ਸੀਨੀਅਰ ਅਕਾਲੀ ਆਗੂ ਦਾ ਚੋਣਾਂ ਤੋਂ ਮਹਿਜ਼ ਦੋ ਦਿਨ ਪਹਿਲਾਂ ਦਿੱਤਾ ਅਸਤੀਫ਼ਾ ਜ਼ਿਮਨੀ ਚੋਣਾਂ ’ਤੇ ਸਹਿਜੇ ਹੀ ਚੋਖਾ ਅਸਰ ਪਾਵੇਗਾ। ਸੁਖਦੇਵ ਸਿੰਘ ਢੀਂਡਸਾ ਨੇ ਅਸਤੀਫ਼ਾ ਦੇਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਵੀਰਵਾਰ ਨੂੰ ਰਾਜ ਸਭਾ ਦੇ ਚੇਅਰਮੈਨ ਵੈਂਕਈਆ ਨਾਇਡੂ ਨੂੰ ਅਸਤੀਫ਼ਾ ਸੌਂਪ ਦਿੱਤਾ ਸੀ ਤੇ ਸ਼ੁੱਕਰਵਾਰ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਇਸ ਸਬੰਧੀ ਲਿਖਤੀ ਤੌਰ ’ਤੇ ਜਾਣੂ ਕਰਾ ਦਿੱਤਾ ਸੀ। ਇਸ ਆਗੂ ਨੇ ਕਿਹਾ ਕਿ ਲੰਘੇ ਸਾਲ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਤਾਂ ਅਸਤੀਫ਼ਾ ਦੇ ਹੀ ਦਿੱਤਾ ਸੀ ਤੇ ਹੁਣ ਰਾਜ ਸਭਾ ਵਿੱਚ ਪਾਰਟੀ ਮੈਂਬਰਾਂ ਦਾ ਆਗੂ ਬਣੇ ਰਹਿਣ ਦੀ ਕੋਈ ਤੁਕ ਨਹੀਂ ਸੀ ਬਣਦੀ। ਸ੍ਰੀ ਢੀਂਡਸਾ ਨੇ ਆਪਣੇ ਅਸਤੀਫ਼ੇ ਸਬੰਧੀ ਤਾਂ ਹੋਰ ਕੋਈ ਟਿੱਪਣੀ ਨਹੀਂ ਕੀਤੀ ਪਰ ਸੂਬੇ ਦੀ ਸਿਆਸਤ ਨੂੰ ਦਿਸ਼ਾਹੀਣ ਕਰਾਰ ਦਿੰਦਿਆਂ ਕਿਹਾ ਕਿ ਕਾਂਗਰਸ ਸਰਕਾਰ ਸੂਬੇ ਨੂੰ ਨਿਘਾਰ ਵੱਲ ਲਿਜਾ ਰਹੀ ਹੈ। ਅਕਾਲੀ ਦਲ ਪਹਿਲਾਂ ਹੀ ਟੁੱਟ ਚੁੱਕਿਆ ਹੈ। ਪੀਪਲਜ਼ ਡੈਮੋਕ੍ਰੇਟਿਕ ਅਲਾਇੰਸ ਖੇਰੂੰ-ਖੇਰੂੰ ਹੋ ਚੁੱਕਾ ਹੈ ਤੇ ਆਮ ਆਦਮੀ ਪਾਰਟੀ ਲੋਕਾਂ ’ਚੋਂ ਆਪਣੀ ਸਾਖ਼ ਗੁਆ ਚੁੱਕੀ ਹੈ। ਸ੍ਰੀ ਢੀਂਡਸਾ ਨੇ ਕਿਹਾ ਕਿ ਪੰਜਾਬ ਦਾ ਦੁਖੀ ਨੌਜਵਾਨ ਵਿਦੇਸ਼ਾਂ ਵੱਲ ਉਡਾਰੀਆਂ ਮਾਰ ਰਿਹਾ ਹੈ ਤੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ’ਚ ਸਿਆਸੀ ਧਿਰਾਂ ਨਾਕਾਮ ਹੋ ਰਹੀਆਂ ਹਨ। ਸੁਖਦੇਵ ਸਿੰਘ ਢੀਂਡਸਾ ਪਿਛਲੇ ਦੋ ਸਾਲਾਂ ਦੇ ਵੱਧ ਸਮੇਂ ਤੋਂ ਬਾਦਲ ਪਰਿਵਾਰ ਨਾਲ ਨਾਰਾਜ਼ ਚੱਲੇ ਆ ਰਹੇ ਹਨ। ਉਨ੍ਹਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਕਾਰਗੁਜ਼ਾਰੀ ਸਬੰਧੀ ਵੀ ਤਿੱਖੀਆਂ ਟਿੱਪਣੀਆਂ ਕੀਤੀਆਂ ਸਨ ਪਰ ਬਾਦਲ ਪਰਿਵਾਰ ਅਤੇ ਅਕਾਲੀ ਦਲ ਵੱਲੋਂ ਇਸ ਬਜ਼ੁਰਗ ਨੇਤਾ ਦੇ ਖ਼ਿਲਾਫ਼ ਜਨਤਕ ਤੌਰ ’ਤੇ ਕੋਈ ਟਿੱਪਣੀ ਨਹੀਂ ਕੀਤੀ ਗਈ। ਲੰਘੀਆਂ ਸੰਸਦੀ ਚੋਣਾਂ ਦੌਰਾਨ ਪਾਰਟੀ ਵੱਲੋਂ ਸ੍ਰੀ ਢੀਂਡਸਾ ਦੇ ਵਿਰੋਧ ਨੂੰ ਦਰਕਿਨਾਰ ਕਰਦਿਆਂ ਪਾਰਟੀ ਵੱਲੋਂ ਸੰਗਰੂਰ ਸੰਸਦੀ ਹਲਕੇ ਤੋਂ ਪਰਮਿੰਦਰ ਸਿੰਘ ਢੀਂਡਸਾ ਨੂੰ ਉਮੀਦਵਾਰ ਬਣਾਇਆ ਗਿਆ ਤੇ ਸੁਖਬੀਰ ਸਿੰਘ ਬਾਦਲ ਦੇ ਸੰਸਦ ਮੈਂਬਰ ਚੁਣੇ ਜਾਣ ਤੋਂ ਬਾਅਦ ਪੰਜਾਬ ਵਿਧਾਨ ਸਭਾ ਵਿੱਚ ਪਰਮਿੰਦਰ ਸਿੰਘ ਢੀਂਡਸਾ ਨੂੰ ਵਿਧਾਇਕ ਦਲ ਦਾ ਆਗੂ ਵੀ ਨਾਮਜ਼ਦ ਕੀਤਾ ਗਿਆ। ਇਸ ਤੋਂ ਸਪੱਸ਼ਟ ਹੈ ਕਿ ਬਾਦਲ ਪਰਿਵਾਰ ਵੱਲੋਂ ਸੁਖਦੇਵ ਸਿੰਘ ਢੀਂਡਸਾ ਦੀ ਅਕਾਲੀ ਦਲ ਅਤੇ ਪੰਜਾਬ ਦੀ ਸਿਆਸਤ ਵਿੱਚ ਅਹਿਮੀਅਤ ਨੂੰ ਸਮਝਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸੁਖਦੇਵ ਸਿੰਘ ਢੀਂਡਸਾ ਨੂੰ ਪ੍ਰਕਾਸ਼ ਸਿੰਘ ਬਾਦਲ ਦੇ ਬਹੁਤ ਕਰੀਬੀ ਆਗੂਆਂ ਵਿੱਚੋਂ ਮੰਨਿਆ ਜਾਂਦਾ ਸੀ।

About Jatin Kamboj