Home » News » PUNJAB NEWS » ਦੀਵਾਲੀ ਤੋਂ ਬਾਅਦ ਅਕਾਲੀ ਦਲ ਦੇ ਬਾਗੀ ਕਰਨਗੇ ਧਮਾਕਾ!
bram

ਦੀਵਾਲੀ ਤੋਂ ਬਾਅਦ ਅਕਾਲੀ ਦਲ ਦੇ ਬਾਗੀ ਕਰਨਗੇ ਧਮਾਕਾ!

ਅੰਮ੍ਰਿਤਸਰ : ਸੁਖਬੀਰ ਬਾਦਲ ਖਿਲਾਫ ਵਿਦਰੋਹ ਕਰਨ ਵਾਲੇ ਮਾਝੇ ਦੇ ਟਕਸਾਲੀ ਲੀਡਰ ਰਣਜੀਤ ਸਿੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ ਅਤੇ ਸੇਵਾ ਸਿੰਘ ਸੇਖਵਾਂ ਦੀਵਾਲੀ ਤੋਂ ਬਾਅਦ ਅਗਲੀ ਰਣਨੀਤੀ ਦਾ ਖੁਲਾਸਾ ਕਰ ਸਕਦੇ ਹਨ। ਇਸ ਤੋਂ ਪਹਿਲਾਂ ਸੋਮਵਾਰ ਨੂੰ ਖਡੂਰ ਸਾਹਿਬ ਵਿਚ ਰੈਲੀ ਦੌਰਾਨ ਮੈਂਬਰ ਪਾਰਲੀਮੈਂਟ ਰਣਜੀਤ ਸਿੰਘ ਬ੍ਰਹਮਪੁਰਾ ਨੇ ਪੰਜਾਬ ਵਿਚ ਸਮਾਂਤਰ ਵਿਚਾਰਧਾਰਾਂ ਵਾਲੀਆਂ ਪਾਰਟੀਆਂ ਨਾਲ ਗਠਜੋੜ ਕਰਨ ਦੇ ਸੰਕੇਤ ਵੀ ਦਿੱਤੇ ਹਨ। ਇਸ ਦੇ ਨਾਲ ਹੀ ਬ੍ਰਹਮਪੁਰਾ ਨੇ ਇਹ ਵੀ ਕਿਹਾ ਕਿ ਉਹ ਕਿਸੇ ਵੀ ਕੀਮਤ ‘ਤੇ ਸੁਖਬੀਰ ਬਾਦਲ ਦੀ ਅਗਵਾਈ ਵਿਚ ਕੰਮ ਨਹੀਂ ਕਰਨਗੇ। ਲੋਕ ਇਨਸਾਫ ਪਾਰਟੀ ਦੇ ਵਿਧਾਇਕ ਬਲਵਿੰਦਰ ਸਿੰਘ ਬੈਂਸ ਨਾਲ ਸੰਪਰਕ ਹੋਣ ਦੇ ਸਵਾਲ ‘ਤੇ ਬ੍ਰਹਮਪੁਰਾ ਨੇ ਕਿਹਾ ਕਿ ਉਨ੍ਹਾਂ ਦੀ ਨਜ਼ਰ ਪੰਜਾਬ ਵਿਚ ਉੱਠ ਰਹੇ ਸਿਆਸੀ ਉਫਾਨ ‘ਤੇ ਹੈ ਅਤੇ ਕਈ ਲੀਡਰ ਉਨ੍ਹਾਂ ਦੇ ਸੰਪਰਕ ਵਿਚ ਹਨ। ਜਨਤਕ ਮੰਚ ‘ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਦੇ ਅਸਤੀਫੇ ਦੀ ਮੰਗ ਕਰਨ ਤੋਂ ਬਾਅਦ ਬ੍ਰਹਮਪੁਰਾ ਨੇ ਕਿਹਾ ਕਿ ਉਹ ਅਜਨਾਲਾ, ਸੇਖਵਾਂ, ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਤੇ ਰਵਿੰਦਰ ਸਿੰਘ ਬ੍ਰਹਮਪੁਰਾ ਨਾਲ ਦੀਵਾਲੀ ਤੋਂ ਬਾਅਦ ਮੀਟਿੰਗ ਕਰਨ ਜਾ ਰਹੇ ਹਨ, ਜਿਸ ਵਿਚ ਸੂਬੇ ਦੇ ਮੌਜੂਦਾ ਸਿਆਸੀ ਘਟਨਾਕ੍ਰਮ ‘ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਅਤੇ ਅਗਲੇਰੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ।
ਬ੍ਰਹਮਪੁਰਾ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਕਿਸੇ ਵੀ ਸਿਆਸੀ ਘਟਨਾਕ੍ਰਮ ਤੋਂ ਇਨਕਾਰ ਨਹੀਂ ਕੀਤਾ ਸਕਦਾ ਪਰ ਲੋਕ ਉਨ੍ਹਾਂ ਵਲੋਂ ਸੁਖਬੀਰ ਬਾਦਲ ਖਿਲਾਫ ਲਏ ਗਏ ਸਟੈਂਡ ਤੋਂ ਖੁਸ਼ ਹਨ। ਇਸ ਦੇ ਨਾਲ ਬ੍ਰਹਮਪੁਰਾ ਨੇ ਸਾਫ ਕੀਤਾ ਕਿ ਉਹ ਅਜੇ ਵੀ ਅਕਾਲੀ ਦਲ ਦਾ ਹਿੱਸਾ ਹਨ ਪਰ ਉਨ੍ਹਾਂ ਨੂੰ ਕਿਸੇ ਵੀ ਸਮੇਂ ਸੇਖਵਾਂ ਵਾਂਗ ਪਾਰਟੀ ‘ਚੋਂ ਕੱਢਿਆ ਜਾ ਸਕਦਾ ਹੈ ਪਰ ਉਹ ਫਿਰ ਵੀ ਸੁਖਬੀਰ ਬਾਦਲ ਖਿਲਾਫ ਆਪਣੀ ਲੜਾਈ ਜਾਰੀ ਰੱਖਣਗੇ।

About Jatin Kamboj