FEATURED NEWS News PUNJAB NEWS

ਦੇਸ਼ ਲਈ ਸ਼ਹੀਦ ਹੋਣ ਵਾਲੇ ਜਵਾਨ ਵੀ ਪੈਨਸ਼ਨ ਤੋਂ ਬਾਂਝੇ : ਵਿਰਕ

ਅਰਧ ਸੈਨਿਕ ਬਲਾਂ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ

ਪਟਿਆਲਾ, 7 ਦਸੰਬਰ (ਗੁਰਪ੍ਰੀਤ ਕੌਰ ਕੰਬੋਜ) -ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਸੰਘਰਸ਼ ਕਰ ਰਹੀ ਸੀ. ਪੀ. ਐਫ. ਕਰਮਚਾਰੀ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਇਕਾਈ ਵਲੋਂ ਅੱਜ ਰਜਿੰਦਰਾ ਹਸਪਤਾਲ ਦੇ ਬਲੱਡ ਬੈਂਕ ਵਿਚ ਅਰਧ ਸੈਨਿਕ  ਬਲਾਂ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਡਾ. ਹਰਜਿੰਦਰ ਸਿੰਘ ਵਲੋਂ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਿਰਕਤ ਕੀਤੀ ਅਤੇ ਸੀ. ਪੀ. ਐਫ. ਕਰਮਚਾਰੀ ਯੂਨੀਅਨ ਵਲੋਂ ਮਨੁੱਖਤਾ ਦੇ ਭਲੇ ਲਈ ਕੀਤੇ ਗਏ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਲਗਾਇਆ ਗਿਆ ਖੂਨਦਾਨ ਕੈਂਪ ਬਹੁਤ ਚੰਗਾ ਕਾਰਜ ਹੈ ਤੇ ਹੋਰਾਂ ਨੂੰ ਵੀ ਇਸ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ। ਇਸ ਮੌਕੇ ਰਵਿੰਦਰ ਸ਼ਰਮਾ ਵਲੋਂ ਵੀ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਸੀ. ਪੀ. ਐਫ. ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਵਿਰਕ ਨੇ ਕਿਹਾ ਕਿ ਕੋਈ ਲੀਡਰ ਚਾਹੇ ਇਕ ਦਿਨ ਲਈ ਐਮ. ਐਲ. ਏ. ਬਣ ਜਾਵੇ ਪਰ ਉਸ ਦੀ ਸਾਰੀ ਉਮਰ ਲਈ ਪੈਨਸ਼ਨ ਲੱਗ ਜਾਂਦੀ ਹੈ, ਪਰ ਦੂਜੇ ਪਾਸੇ ਅਪ੍ਰੈਲ 2004 ਤੋਂ ਬਾਅਦ ਭਰਤੀ ਹੋਏ ਕਰਮਚਾਰੀ ਆਪਣੀ ਸਾਰੀ ਜ਼ਿੰਦਗੀ ਸਰਕਾਰ ਨੂੰ ਸਮਰਪਿਤ ਹੋ ਕੇ ਨੌਕਰੀ ਕਰਦੇ ਹਨ, ਪਰ ਉਨ੍ਹਾਂ ਦੀ ਕੋਈ ਪੈਸ਼ਨ ਨਹੀਂ ਤੇ ਸੇਵਾ ਮੁਕਤੀ ਸਮੇਂ ਸਰਕਾਰ ਵਲੋਂ ਉਨ੍ਹਾਂ ਨੂੰ ਖਾਲੀ ਹੱਥ ਘਰੇ ਤੌਰ ਦਿੱਤਾ ਜਾਂਦਾ ਹੈ। ਸ੍ਰੀ ਵਿਰਕ ਨੇ ਕਿਹਾ ਕਿ ਸਰਕਾਰ ਨੇ ਤਾਂ ਸਾਡੀ ਅਤੇ ਦੇਸ਼ ਦੀ ਰੱਖਿਆ ਕਰਨ ਵਾਲੇ ਜਵਾਨਾਂ ਨੂੰ ਵੀ ਨਹੀਂ ਬਖਸ਼ਿਆ ਤੇ ਫੌਜੀ ਜਵਾਨਾਂ ਨੂੰ ਵੀ ਪੁਰਾਣੀ ਪੈਸ਼ਨ ਸਕੀਮ ਤੋਂ ਬਾਂਝਾ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਜਵਾਨ ਹੋਰ ਕਰਮਚਾਰੀਆਂ ਵਾਂਗ ਧਰਨਾ ਲਗਾ ਕੇ ਵਿਰੋਧ ਵੀ ਨਹੀਂ ਕਰ ਸਕਦੇ, ਪਰ ਅਸੀਂ ਆਪਣੀ ਯੂਨੀਅਨ ਰਾਹੀਂ ਉਨ੍ਹਾਂ ਦੀ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਕਰਦੇ ਹਾਂ ਤੇ ਅਰਧ ਸੈਨਿਕ ਬਲਾਂ ਨੂੰ ਸਮਰਪਿਤ ਖੂਨਦਾਨ ਕੈਂਪ ਲਗਾ ਕੇ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਦੁਹਰਾਉਂਦੇ ਹਾਂ ਤੇ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਦੇਸ਼ ਦੇ ਫੌਜੀ ਜਵਾਨਾਂ ਦੇ ਨਾਲ-ਨਾਲ ਹਰਇਕ ਦੀ ਪੁਰਾਣੀ ਪੈਨਸ਼ਨ ਪਹਿਲਾਂ ਦੀ ਤਰ੍ਹਾਂ ਹੀ ਬਹਾਲ ਕੀਤੀ ਜਾਵੇ।
ਅੰਤ ਮੌਕੇ ਰਵਿੰਦਰ ਸ਼ਰਮਾ ਵਲੋਂ ਮੁੱਖ ਮਹਿਮਾਨ, ਖੂਨਦਾਨੀਆਂ ਅਤੇ ਸੂਬਾਈ ਪ੍ਰਧਾਨ ਸੁਖਜੀਤ ਸਿੰਘ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਕੰਚਨ ਭਾਰਦਵਾਜ਼ ਇੰਚਾਰਜ ਬਲੱਕ ਬੈਂਕ, ਗੁਰਜੰਟ ਸਿੰਘ,  ਰਵਿੰਦਰ ਸ਼ਰਮਾ, ਸੁਖਵਿੰਦਰ ਸਿੰਘ, ਅਨੂ ਸ਼ਰਮਾ, ਹਿੰਮਤ ਸਿੰਘ, ਪ੍ਰਦੀਪ ਕੁਮਾਰ, ਜਸਵਿੰਦਰ ਸਿੰਘ, ਜਗਤਾਰ ਲਾਲ ਸਮਾਣ, ਵਿਨੈ ਕੁਮਾਰ, ਜਤਿੰਦਰ ਸਿੰਘ ਮੈਡੀਕਲ ਕਾਲਜ, ਗੁਰਮੀਤ ਸਿੰਘ ਰਾਜਪੁਰਾ, ਟੋਨੀ, ਗੁਰਪ੍ਰੀਤ ਬੀ. ਐਂਡ ਆਰ. ਆਦਿ ਹਾਜ਼ਰ ਸਨ।