Home » ARTICLES » ਧਰਮ ਅਤੇ ਸਿਆਸਤ ਦੀਆਂ ਉਲਝੀਆਂ ਪਰਤਾਂ
dee

ਧਰਮ ਅਤੇ ਸਿਆਸਤ ਦੀਆਂ ਉਲਝੀਆਂ ਪਰਤਾਂ

ਬਲਕਾਰ ਸਿੰਘ

ਕੁਝ ਦਿਨ ਪਹਿਲਾਂ 17 ਮਈ ਨੂੰ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ’ਤੇ ਹੋਏ ਕਾਤਲਾਨਾ ਹਮਲੇ ਨੇ ਧਰਮ ਅਤੇ ਸਿਆਸਤ ਦੀਆਂ ਕਈ ਪਰਤਾਂ ਨੂੰ ਸਾਹਮਣੇ ਲੈ ਆਂਦਾ ਹੈ। ਇਸ ਨਾਲ ਜਿਸ ਤਰ੍ਹਾਂ ਦੇ ਸੋਸ਼ਲ, ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਆ ਰਾਹੀਂ ਪ੍ਰਭਾਵ ਸਾਹਮਣੇ ਆ ਰਹੇ ਹਨ, ਉਨ੍ਹਾਂ ਨਾਲ ਇਹ ਮਾਮਲਾ ਹੋਰ ਪੇਚੀਦਾ ਬਣਦਾ ਜਾ ਰਿਹਾ ਹੈ। ਮਿਸਾਲ ਦੇ ਤੌਰ ’ਤੇ ਇੱਕ ਮੀਡੀਆ ਚੈਨਲ ’ਤੇ ‘ਸੰਤ ਢਡਰੀਆਂ ਵਾਲੇ ’ਤੇ ਖ਼ਾਲਿਸਤਾਨੀ ਗੋਲੀ’ ਸਿਰਲੇਖ ਦੇ ਕੇ ਬਹਿਸ ਕਰਵਾਈ ਜਾ ਰਹੀ ਸੀ। ਇਸ ਤੋਂ ਭਾਈਚਾਰਕ ਮਸਲੇ ਨੂੰ ਸਿਆਸੀ ਹਥਿਆਰ ਵਜੋਂ ਵਰਤੇ ਜਾ ਸਕਣ ਦਾ ਮਾਹੌਲ ਪੈਦਾ ਕੀਤੇ ਜਾਣ ਦੀ ਚਾਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਪੰਜਾਬ ਵਿੱਚ ਇਹੋ ਜਿਹਾ ਕੋਈ ਮਸਲਾ ਨਹੀਂ ਹੈ। ਹੁਣ ਤਾਂ ਖ਼ਾਲਿਸਤਾਨੀ ਕਹਾਉਣ ਵਾਲੇ ਵੀ ਵਿਧਾਨਕ ਸਿਆਸਤ ਕਰਨ ਵਾਲੇ ਪਾਸੇ ਤੁਰੇ ਹੋਏ ਹਨ। ਜੇ ਇਸ ਨੂੰ ਗੈਂਗਵਾਦ ਦੀਆਂ ਲੜਾਈਆਂ ਦੀ ਨਿਰੰਤਰਤਾ ਵਿੱਚ ਵੇਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਹੋਰ ਵੀ ਮਾੜੀ ਗੱਲ ਹੈ ਕਿਉਂਕਿ ਸਿੱਖੀ ਵਿੱਚ ਗੈਂਗਾਂ ਵਾਂਗ ਵਿਚਰਨ ਦੀ ਆਗਿਆ ਨਹੀਂ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬ ਵਿੱਚ ਧਾਰਮਿਕ ਵਿਸ਼ਵਾਸ ਨੂੰ ਲੈ ਕੇ ਸਿਆਸੀ ਪੈਂਤੜੇਬਾਜ਼ੀਆਂ ਬੜੀ ਦੇਰ ਤੋਂ ਚਲਦੀਆਂ ਆ ਰਹੀਆਂ ਹਨ। ਇਹ ਵੀ ਠੀਕ ਹੈ ਕਿ ਧਰਮ ਵਾਲਿਆਂ ਅਤੇ ਸਿਆਸਤ ਵਾਲਿਆਂ ਨੂੰ ਆਪਣੀ-ਆਪਣੀ ਨੈਤਿਕਤਾ ਮੁਤਾਬਿਕ ਆਪੋ-ਆਪਣੇ ਖੇਤਰਾਂ ਵਿੱਚ ਵਿਚਰਨ ਲਈ ਕਹਿਣ ਦਾ ਹੌਸਲਾ ਅਤੇ ਸਪਸ਼ਟਤਾ ਨਾ ਧਰਮ ਦੇ ਪ੍ਰਚਾਰਕਾਂ ਵਿੱਚ ਹੈ ਅਤੇ ਨਾ ਹੀ ਸਿਆਸੀ ਆਗੂਆਂ ਵਿੱਚ ਹੈ। ਇਸ ਕਿਸਮ ਦੇ ਪੈਂਤੜਿਆਂ ਨਾਲ ਧਰਮੀ ਅਤੇ ਸਿਆਸਤਦਾਨ ਇੱਕ ਦੂਜੇ ਨੂੰ ਫੇਲ੍ਹ ਕਰਨ ਵਾਲੇ ਰਾਹ ਪਏ ਹੋਏ ਹਨ। ਕਾਰਨ ਇਹ ਹੈ ਕਿ ਦੋਵੇਂ ਧਿਰਾਂ (ਧਰਮੀ ਅਤੇ ਸਿਆਸਤਦਾਨ) ਇੱਕ-ਦੂਜੇ ਨੂੰ ਵਰਤਣ ਦੇ ਲਾਲਚ ਵਿੱਚ ਇੱਕ-ਦੂਜੇ ਤੋਂ ਵਰਤੇ ਜਾਣ ਵਾਲੇ ਰਾਹ ਪਈਆਂ ਹੋਈਆਂ ਹਨ। ਵਰਤਮਾਨ ਦੀ ਇਸ ਹੋਣੀ ਨਾਲ ਜੋੜ ਕੇ 17 ਮਈ ਦੀ ਘਟਨਾ ਨੂੰ ਸੰਜੀਦਗੀ ਨਾਲ ਵਿਚਾਰਨ ਦੀ ਜ਼ਰੂਰਤ ਹੈ। ਸ਼ਾਹ ਮੁਹੰਮਦ ਦੇ ਇਹ ਬੋਲ ‘ਧਾੜ ਬੁਰਛਿਆਂ ਦੀ ਸਾਡੇ ਪੇਸ਼ ਆਈ ਕੋਈ ਅਕਲ ਦਾ ਕਰੋ ਇਲਾਜ ਯਾਰੋ’, ਸਿੱਖ ਪੰਥ ਨੂੰ ਦਰਪੇਸ਼ ਹੋਣੀ ਨੂੰ ਸਮਝਣ ਵਾਸਤੇ ਕੁਝ ਸਹਾਇਤਾ ਕਰ ਸਕਦੇ ਹਨ।
ਸੁਆਲ ਇਹ ਹੈ ਕਿ 17 ਮਈ ਵਾਲਾ ਵਰਤਾਰਾ ਦੋ ਧੜਿਆਂ ਵਿਚਕਾਰ ਵਾਪਰੀ ਘਟਨਾ ਹੈ ਜਾਂ ਦੋ ਸ਼ਰੀਕਾਂ ਵਿਚਕਾਰ ਹੋਏ ਝਗੜੇ ਦਾ ਨਤੀਜਾ ਹੈ? ਸਿੱਖੀ, ਧੜਿਆਂ ਵਿੱਚ ਖਲ੍ਹੋ ਕੇ ਸੋਚਣ ਦੀ ਆਗਿਆ ਨਹੀਂ ਦਿੰਦੀ ਕਿਉਂਕਿ ਸਿੱਖ, ਧੜਾ-ਮਾਨਸਿਕਤਾ ਤੋਂ ਉੱਪਰ ਉੱਠ ਕੇ ਹੀ ਗੁਰੂਕਿਆਂ ਵਿੱਚ ਸ਼ਾਮਲ ਹੋ ਸਕਦਾ ਹੈ। ਸਿੱਖ ਪ੍ਰੰਪਰਾ ਨੇ ਇਸ ਨੂੰ ‘ਪਿਤਾ ਗੁਰੂ ਗੋਬਿੰਦ ਸਿੰਘ, ਮਾਤ ਸਾਹਿਬ ਕੌਰ (ਦੇਵਾਂ) ਅਤੇ ਵਾਸੀ ਅਨੰਦਪੁਰ ਸਾਹਿਬ’ ਵਜੋਂ ਸੰਭਾਲਿਆ ਹੋਇਆ ਹੈ। ਇਸ ਤੋਂ ਪਹਿਲਾਂ ਗੁਰਗੱਦੀ ਨੂੰ ਲੈ ਕੇ ਗੁਰੂਕਿਆਂ ਵਿੱਚ ਉੱਠੇ ਆਪਸੀ ਵਿਰੋਧ ਨੂੰ ਗੁਰੂ ਸਾਹਿਬਾਂ ਦੀ ਅਗਵਾਈ ਵਿੱਚ ਸੰਗਤੀ ਸੁਰ ਮੁਤਾਬਿਕ ਸੁਲਝਾਇਆ ਜਾਂਦਾ ਰਿਹਾ ਸੀ। 1925 ਦੇ ਐਕਟ ਤੋਂ ਬਾਅਦ ਸਭ ਕੁਝ ਉਲਟ-ਪੁਲਟ ਹੋ ਗਿਆ ਅਤੇ ਵਰਤਮਾਨ ਵਿੱਚ ਤਾਂ ਸਭ ਕੁਝ ਸਿੱਖ ਸਿਆਸਤ ਮੁਤਾਬਿਕ ਹੀ ਹੋਣ ਲੱਗ ਪਿਆ ਹੈ। ਇਸ ਘਟਨਾ ਦੀਆਂ ਜੜ੍ਹਾਂ ਏਜੰਡਾ ਵਿਹੂਣੇ ਸਿੱਖ ਪ੍ਰਚਾਰ ਵਿੱਚ ਹਨ। ਇਸ ਨਾਲ ਸਾਹਮਣੇ ਆ ਗਿਆ ਹੈ ਬਾਣਾ ਪ੍ਰਚਾਰ, ਪਛਾਣ ਪ੍ਰਚਾਰ, ਬਾਣੀ ਪ੍ਰਚਾਰ ਅਤੇ ਸਮਾਜ ਸੁਧਾਰਕ ਪ੍ਰਚਾਰ ਆਦਿ। ਇਸ ਨਾਲ ਰਾਇ ਦੇ ਵਿਰੋਧ ਦੀ ਸਿਆਸਤ ਵੀ ਸਿੱਖਾਂ ਦੇ ਗਲ ਪੈ ਗਈ ਹੈ। ਰਾਇ ਦੇ ਵਿਰੋਧ ਨੂੰ ਟਕਸਾਲ ਦੀ ਵਿਧਾ ਰਾਹੀਂ ਸੁਲਝਾਉਣ ਦਾ ਰਾਹ, ਸਿੱਖ ਧਰਮ ਵਿੱਚ ਖੁੱਲ੍ਹਾ ਰੱਖਿਆ ਹੋਇਆ ਹੈ। ਦੇਸ਼ ਦੇ ਕਾਨੂੰਨ ਦੇ ਅੰਤਰਗਤ ਕਿਸੇ ਵੀ ਤਰ੍ਹਾਂ ਦੀ ਸੰਸਥਾ ਦੇ ਨਾਮ ਨੂੰ ਰਜਿਸਟਰਡ ਕਰਾਇਆ ਜਾ ਸਕਦਾ ਹੈ। ਪਰ ਦਮਦਮੀ ਟਕਸਲ ਨੇ ਤਾਂ ਬਿਨਾਂ ਖ਼ੁਦ ਨੂੰ ਰਜਿਸਟਰਡ ਕਰਵਾਏ ਸੰਭਾਵਿਤ ਸਿੱਖ ਟਕਸਾਲਾਂ ਦੀਆਂ ਸੰਭਾਵਨਾਵਾਂ ਦਾ ਰਾਹ ਰੋਕ ਲਿਆ ਹੈ। ਮੇਰੇ ਨਜ਼ਦੀਕ ਹਰ ਸੰਤ ਪਰੰਪਰਾ, ਟਕਸਾਲ ਹੈ ਅਤੇ ਇਸ ਨਾਲ ਰਾਇ ਦੇ ਵਿਰੋਧ ਨੂੰ ਦੁਸ਼ਮਣੀ ਹੋ ਜਾਣ ਤੋਂ ਰੋਕਿਆ ਜਾ ਸਕਦਾ ਹੈ। ਟਕਸਾਲ ਦੀਆਂ ਵਿਭਿੰਨ ਉਸਾਰੀਆਂ ਦਾ ਰਾਹ ਵੀ ਅਸੀਂ ਆਪ ਹੀ ਰੋਕਿਆ ਹੈ ਕਿਉਂਕਿ ਟਕਸਾਲਾਂ ਦੀ ਸੰਭਾਵਨਾ ਡੇਰਿਆਂ ਵਿੱਚ ਤਬਦੀਲ ਹੋਣੀ ਸ਼ੁਰੂ ਹੋ ਗਈ ਹੈ। ਕੋਈ ਵੀ ਸਿੱਖ ਡੇਰੇਦਾਰ, ਟਕਸਾਲ ਹੋਣਾ ਹੀ ਨਹੀਂ ਚਾਹੁੰਦਾ। ਸੰਤ ਢੱਡਰੀਆਂ ਵਾਲੇ ਅਤੇ ਸੰਤ ਹਰਨਾਮ ਸਿੰਘ ਧੁੰਮਾ ਵਿਚਕਾਰ ਤਕਰਾਰ ਇੱਥੋਂ ਹੀ ਸ਼ੁਰੂ ਹੋਇਆ ਸੀ ਅਤੇ ਪਹੁੰਚ ਗਿਆ ਹੈ ਮਰਨ ਮਾਰਨ ’ਤੇ। ਜਿਸ ਤਰ੍ਹਾਂ ਹਰ ਕਿਸਮ ਦੀ ਪੰਜਾਬੀ ਸਿਆਸਤ ਨੇ ਇਸ ਨੂੰ ਵਰਤਣਾ ਸ਼ੁਰੂ ਕਰ ਦਿੱਤਾ ਹੈ, ਉਸ ਨਾਲ ਮਾਮਲਾ ਕਾਨੂੰਨੀ ਤੌਰ ’ਤੇ ਸੁਲਝਣ ਵਾਲੇ ਰਾਹ ਪਾ ਵੀ ਲਿਆ ਜਾਵੇ ਤਾਂ ਵੀ ਉਲਝਦਾ ਹੀ ਨਜ਼ਰ ਆ ਰਿਹਾ ਹੈ। ਉਲਝਣ ਦਾ ਕਾਰਨ ਇਹ ਹੈ ਕਿ ਸਿੱਖਾਂ ਦੇ ਧਾਰਮਿਕ ਮਸਲਿਆਂ ਨੂੰ ਦੇਸ਼ ਦੇ ਕਾਨੂੰਨਾਂ ਦੇ ਅੰਤਰਗਤ ਸੁਲਝਾਇਆ ਹੀ ਨਹੀਂ ਜਾ ਸਕਦਾ। ਵਾਪਰੀ ਹੋਈ ਘਟਨਾ ਨੂੰ ਧਾਰਮਿਕ ਮਸਲਾ ਬਿਲਕੁਲ ਨਹੀਂ ਸਮਝਣਾ ਚਾਹੀਦਾ ਕਿਉਂਕਿ ਇਹ ਘਟਨਾ ਕਾਤਲਾਨਾ ਹਮਲੇ ਦੀ ਹੈ ਅਤੇ ਕਾਨੂੰਨ ਦਾ ਮਸਲਾ ਹੈ। ਪਰ ਇਸ ਕਾਨੂੰਨੀ ਮਸਲੇ ਨੂੰ ਜੇ ਦੋ ਧਾਰਮਿਕ ਅਦਾਰਿਆਂ ਦੇ ਮੁਖੀਆਂ ਦੇ ਝਗੜੇ ਵਜੋਂ ਲਿਆ ਜਾਵੇਗਾ ਤਾਂ ਕਾਨੂੰਨ ਦੇ ਰਾਹ ਵਿੱਚ ਵੀ ਰੁਕਾਵਟਾਂ ਖੜ੍ਹੀਆਂ ਹੋ ਜਾਣਗੀਆਂ। ਪੰਜਾਬ ਦੇ ਸਿਆਸਤਦਾਨ ਜਿਸ ਤਰ੍ਹਾਂ ਵਹੀਰ ਘੱਤ ਕੇ ਗੁਰਦੁਆਰਾ ਪਰਮੇਸ਼ਰ ਦੁਆਰ ਵੱਲ ਭੱਜੇ ਜਾ ਰਹੇ ਹਨ, ਉਸ ਰਫ਼ਤਾਰ ਨਾਲ ਉਨ੍ਹਾਂ ਨੂੰ ਸਰਕਾਰ ਵੱਲ ਭੱਜਣਾ ਚਾਹੀਦਾ ਹੈ। ਸਿੱਖ ਜਥੇਬੰਦੀਆਂ ਨੂੰ ਵੀ ਧਿਰ ਹੋ ਕੇ ਮਸਲੇ ਦੀ ਸਿਆਸਤ ਕਰਨ ਤੋਂ ਗੁਰੇਜ਼ ਕਰਕੇ ਇਸ ਮਸਲੇ ਨੂੰ ਰਣਭੂਮੀ ਦਾ ਮਸਲਾ ਨਹੀਂ ਬਣਨ ਦੇਣਾ ਚਾਹੀਦਾ।
ਸਿੱਖ ਭਾਈਚਾਰੇ ਦੇ ਬਹੁਤੇ ਮਸਲੇ ਇਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਰਦ-ਗਿਰਦ ਘੁੰਮ ਰਹੇ ਹਨ। ਇਸੇ ਵਿੱਚੋਂ ‘ਸਰਕਾਰੀ ਸੰਤ’ ਦੀ ਟਿੱਪਣੀ ਨਿਕਲੀ ਸੀ। ਇਹ ਸਾਰਿਆਂ ਨੂੰ ਪਤਾ ਹੈ ਕਿ ਸੰਤ ਸਮਾਜ ਨੂੰ ਅਕਾਲੀਆਂ ਦੇ ਹੱਕ ਵਿੱਚ ਭੁਗਤਾਉਣ ਦੀ ਭੂਮਿਕਾ ਸੰਤ ਹਰਨਾਮ ਸਿੰਘ ਧੁੰਮਾ ਦੀ ਅਗਵਾਈ ਵਿੱਚ ਹੀ ਨਿਭਾਈ ਗਈ ਸੀ। ਇਸ ਨਾਲ ਸ਼੍ਰੋਮਣੀ ਕਮੇਟੀ ਵਿੱਚ ਸੰਤ ਧੁੰਮਾ ਦਾ ਦਖ਼ਲ ਵੀ ਵਧ ਗਿਆ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਉੱਠੇ ਸਿੱਖ ਰੋਹ ਦੀ ਨੁਮਾਇੰਦਗੀ ਜਿਸ ਤਰ੍ਹਾਂ ਸੰਤ ਢੱਡਰੀਆਂ ਵਾਲਿਆਂ ਨੇ ਕੀਤੀ ਸੀ, ਉਸ ਨਾਲ ਸੰਤ ਸਮਾਜ ਵੀ ਵੰਡਿਆ ਗਿਆ ਸੀ। ਸੰਤ ਧੁੰਮਾ ਸੰਤ ਸਮਾਜ ਦਾ ਪ੍ਰਧਾਨ ਹੁੰਦਿਆਂ ਵੀ ਇਕੱਲੇ ਰਹਿ ਗਏ ਸਨ। ਇਸ ਨਾਲ ਸੰਤ ਸਮਾਜ ਵਿੱਚ ਚਰਚਾ ਸ਼ੁਰੂ ਹੋ ਗਈ ਸੀ ਕਿ ਸਿੱਖ ਸੰਸਥਾਵਾਂ ਨੂੰ ਸਿੱਖ ਸਿਆਸਤਦਾਨਾਂ ਤੋਂ ਬਚਾਇਆ ਜਾਣਾ ਚਾਹੀਦਾ ਹੈ। ਆਉਣ ਵਾਲੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਇਹ ਮੁੱਦਾ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾਂ ਹਰ ਰੰਗ ਦੇ ਸਿਆਸਤਦਾਨ ਨੂੰ ਠੀਕ ਬੈਠਦਾ ਹੈ। ਪਰਵਾਸੀ ਸਿੱਖਾਂ ਵੱਲੋਂ ਵੀ ਇਸ ਦੇ ਸਮਰਥਨ ਵਿੱਚ ਲਹਿਰ ਪੈਦਾ ਹੋ ਜਾਣ ਦੀਆਂ ਸੰਭਾਵਨਾਵਾਂ ਪੈਦਾ ਹੋ ਰਹੀਆਂ ਹਨ। ਪੰਜਾਬ ਵਿੱਚੋਂ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਸਿਆਸਤ-ਮੁਕਤ ਸ਼੍ਰੋਮਣੀ ਕਮੇਟੀ ਦੇ ਮੁੱਦਈਆਂ ਵਿੱਚੋਂ ਗਿਣਿਆ ਜਾ ਰਿਹਾ ਹੈ। ਇਸ ਵਾਸਤੇ ਸੰਤ ਢੱਡਰੀਆਂ ਵਾਲਿਆਂ ਦਾ ਵਿਰੋਧ ਤਾਂ ਹੋ ਹੀ ਰਿਹਾ ਸੀ, ਪਰ ਜਿਹੋ ਜਿਹੀ ਸ਼ਕਲ ਇਹ ਵਿਰੋਧ ਲੈ ਗਿਆ ਹੈ, ਇਹ ਕਿਸੇ ਦੇ ਵੀ ਹੱਕ ਵਿੱਚ ਨਹੀਂ ਹੈ। ਸਾਰਿਆਂ ਨੂੰ ਰਲ-ਮਿਲ ਕੇ ਸੋਚਣਾ ਚਾਹੀਦਾ ਹੈ ਕਿ ਇਸ ਘਟਨਾ ਨਾਲ ਸੰਤ ਸਮਾਜ ਨੇ ਮੱਕੀ ਵਿੱਚ ਝੋਟਾ ਤਾਂ ਨਹੀਂ ਵਾੜ ਲਿਆ?
ਸੰਤ ਸਮਾਜ ਦੀ ਤਾਕਤ ਬੇਸ਼ੱਕ ਸਿੱਖ ਸੰਗਤ ਹੈ, ਪਰ ਸੰਸਥਾਵਾਂ ਦੇ ਸੰਤ ਮੁਖੀਆਂ ਦੀ ਸਥਿਤੀ ਸਿੱਖ ਸਿਆਸਤਦਾਨਾਂ ਦੇ ਮੁਕਾਬਲੇ ਉਹੋ ਜਿਹੀ ਰਹਿਣੀ ਹੈ ਜਿਹੋ ਜਿਹੀ ਚੂਚਿਆਂ ਦੀ ਇੱਲ ਦੇ ਸਾਹਮਣੇ ਹੁੰਦੀ ਹੈ। ਇਸੇ ਕਰਕੇ ਸਾਰਿਆਂ ਨੂੰ ਪਤਾ ਹੋਣ ਦੇ ਬਾਵਜੂਦ ਹਮਲੇ ਦੀ ਜੜ੍ਹ ਨੂੰ ਨਹੀਂ ਫੜਿਆ ਜਾ ਰਿਹਾ ਕਿਉਂਕਿ ਇਸ ਨਾਲ ਇਹ ਸਾਹਮਣੇ ਆ ਜਾਣਾ ਹੈ ਕਿ ਹਮਲਾ ਕਿਉਂ ਹੋਇਆ? ਇਸ ਮਸਲੇ ਦੇ ਹੱਲ ਨਾ ਹੋਣ ਨਾਲ ਤਾਂ ਹਾਲਾਤ ਵਿਗੜ ਸਕਦੇ ਹਨ, ਪਰ ਇਸ ਮਸਲੇ ਦੇ ਕਾਨੂੰਨੀ ਹੱਲ ਕਰ ਲੈਣ ਨਾਲ ਹਾਲਾਤ ਦੇ ਵਿਗੜਨ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ। ਇਸ ਦਾ ਪੰਥਕ ਹੱਲ ਕੱਢ ਸਕਣ ਵਾਸਤੇ ਕੋਈ ਵੀ ਭੂਮਿਕਾ ਨਿਭਾ ਸਕਣ ਦੀ ਕੋਈ ਸੰਭਾਵਨਾ ਨਹੀਂ ਹੈ ਕਿਉਂਕਿ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਦੀ ਸਾਖ਼ ਨੂੰ ਵੀ ਖੋਰਾ ਲੱਗ ਚੁੱਕਾ ਹੈ। ਜਿਹੋ ਜਿਹੀ ਸਿਆਸਤੀ ਚੁੱਪ ਨੇ ਜਥੇਦਾਰੀ ਦੀ ਸੰਸਥਾ ਨੂੰ ਅਪ੍ਰਸੰਗਕ ਕਰ ਦਿੱਤਾ ਹੈ, ਉਹੋ ਜਿਹੀ ਸਿਆਸੀ ਚੁੱਪ ਨਾਲ ਜਿਵੇਂ ਇੱਕ ਨੂੰ ਸਰਕਾਰੀ ਸੰਤ ਬਣਾ ਕੇ ਅਪ੍ਰਸੰਗਕ ਕਰ ਦਿੱਤਾ ਗਿਆ ਹੈ, ਓਸੇ ਤਰ੍ਹਾਂ ਦੂਜੇ ਉੱਤੇ ਸਰਕਾਰੀ ਚਾਦਰ ਪਾ ਕੇ ਅਪ੍ਰਸੰਗਕ ਕੀਤਾ ਜਾ ਸਕਦਾ ਹੈ। ਉਂਜ ਵੀ ਕੋਰਟ ਕਚਹਿਰੀਆਂ ਵੱਲ ਧੱਕੇ ਹੋਏ ਸੰਤ, ਕਿੰਨੇ ਕੁ ਸੰਤ ਰਹਿ ਸਕਣਗੇ? ਸੰਤਾਂ ਨੂੰ ਪਤਾ ਹੋਣਾ ਚਾਹੀਦੈ ਕਿ ਜਿਵੇਂ ਮਾਇਆ ਬਿਨਾਂ ਦੰਦਾਂ ਤੋਂ ਲੋਹਾ ਖਾ ਜਾਂਦੀ ਹੈ, ਉਵੇਂ ਹੀ ਸਿਆਸਤ ਬਿਨਾਂ ਦੰਦਾਂ ਤੋਂ ਸੰਤਤਾਈ ਨੂੰ ਖਾ ਜਾਏਗੀ। ਸਮੱਸਿਆ ਇਹ ਹੈ ਕਿ ਸੰਤਾਂ ਕੋਲ ਸਟੇਜ ਵੀ ਹੈ ਅਤੇ ਸਰੋਤੇ ਵੀ ਹਨ। ਇਸ ਹਾਲਤ ਵਿੱਚ ਚੁੱਪ ਨਾਲ ਪਛਾੜਨ ਵਾਲੀ ਸਿਆਸਤ ਤੋਂ ਕਿਵੇਂ ਬਚਿਆ ਜਾ ਸਕਦਾ ਹੈ? ਚਾਹੀਦਾ ਤਾਂ ਇਹ ਹੈ ਕਿ ਸੰਤ ਭੂਪਿੰਦਰ ਸਿੰਘ ਦੇ ਭੋਗ ਨੂੰ ਸਿਆਸਤ ਤੋਂ ਬਚਾ ਕੇ ਰੱਖਿਆ ਜਾਵੇ ਅਤੇ ਉਸ ਦਿਨ ਦੋਸ਼ੀ ਨੂੰ ਸੰਤ ਸਮਾਜ ਵਿੱਚੋਂ ਛੇਕਣ ਦਾ ਫ਼ੈਸਲਾ ਲਿਆ ਜਾਵੇ। ਸ੍ਰੀ ਅਕਾਲ ਤਖ਼ਤ ਦਾ ਅਪਹਰਣ ਕਰਕੇ ਪੈਦਾ ਕੀਤੀ ਗਈ ਗ਼ੈਰਹਾਜ਼ਰੀ ਵਿੱਚ ਸੰਤ ਸਮਾਜ ਨੂੰ ਪੰਥਕ ਭੂਮਿਕਾ ਨਿਭਾਉਣ ਵਾਸਤੇ ਅੱਗੇ ਆਉਣਾ ਚਾਹੀਦਾ ਹੈ।

* ਲੇਖਕ ਪ੍ਰੋਫੈਸਰ ਆਫ ਐਮੀਨੈਂਸ ਹੈ।

About Jatin Kamboj