Home » FEATURED NEWS » ਧਾਰਾ 370 ਖ਼ਤਮ ਹੋਣ ਦਾ ਜਸ਼ਨ ਮਨਾਉਣ ‘ਤੇ ਲੱਗੀ ਪਾਬੰਦੀ
s

ਧਾਰਾ 370 ਖ਼ਤਮ ਹੋਣ ਦਾ ਜਸ਼ਨ ਮਨਾਉਣ ‘ਤੇ ਲੱਗੀ ਪਾਬੰਦੀ

ਚੰਡੀਗੜ੍ਹ : ਕੇਂਦਰ ਸਰਕਾਰ ਵਲੋਂ ਕਸ਼ਮੀਰ ਸਬੰਧੀ ਲਏ ਫ਼ੈਸਲਿਆਂ ‘ਤੇ ਪਾਕਿਸਤਾਨ ਵਲੋਂ ਅਣਸੁਖਾਵੀਂ ਪ੍ਰਤੀਕਿਰਿਆ ਸਾਹਮਣੇ ਆਉਣ ਦੇ ਖਦਸ਼ਿਆਂ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸੇ ਤਰ੍ਹਾਂ ਦੇ ਜਸ਼ਨ ਮਨਾਉਣ ਜਾਂ ਪ੍ਰਦਰਸ਼ਨ ਕਰਨ ‘ਤੇ ਰੋਕ ਲਗਾ ਦਿੱਤੀ ਹੈ ਤਾਂ ਜੋ ਸੂਬੇ ਦੀ ਅਮਨ-ਸ਼ਾਂਤੀ ‘ਚ ਕੋਈ ਵਿਘਨ ਨਾ ਪਵੇ। ਸਰਹੱਦ ‘ਤੇ ਵੱਧ ਰਹੇ ਤਣਾਅ ਦੌਰਾਨ ਮੁੱਖ ਮੰਤਰੀ ਨੇ ਸੂਬੇ ਵਿਚ ਅਮਨ-ਸ਼ਾਂਤੀ ਨੂੰ ਭੰਗ ਕਰਨ ਲਈ ਪਾਕਿਸਤਾਨ ਦੀ ਕਿਸੇ ਵੀ ਕੋਸ਼ਿਸ਼ ਦਾ ਜਵਾਬ ਦੇਣ ਲਈ ਪੰਜਾਬ ਪੁਲਿਸ ਨੂੰ ਤਿਆਰ ਰਹਿਣ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਨੇ ਕਸ਼ਮੀਰ ਵਿਚ ਧਾਰਾ 370 ਹਟਾਉਣ ਦੇ ਮੱਦੇਨਜ਼ਰ ਸੂਬੇ ਵਿਚ ਅਮਨ-ਕਾਨੂੰਨ ਦੀ ਵਿਵਸਥਾ ਦਾ ਜਾਇਜ਼ਾ ਲਿਆ। ਇਸ ਮੀਟਿੰਗ ਵਿਚ ਸੂਬੇ ਦੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ ਜਿਨਾਂ ਨੇ ਕੇਂਦਰ ਸਰਕਾਰ ਦੇ ਕਸ਼ਮੀਰ ਬਾਰੇ ਐਲਾਨ ਤੋਂ ਬਾਅਦ ਦੀ ਸਥਿਤੀ ‘ਤੇ ਵਿਚਾਰ ਕੀਤੀ। ਮੁੱਖ ਮੰਤਰੀ ਨੇ ਸੁਚੇਤ ਕੀਤਾ ਕਿ ਪਾਕਿਸਤਾਨ ਇਸ ਨੂੰ ਹਲਕੇ ਵਿਚ ਨਹੀਂ ਲਵੇਗਾ ਅਤੇ ਉਹ ਭਾਰਤ ਵਿਰੁਧ ਕੁਝ ਕਾਰਵਾਈਆਂ ਕਰ ਕੇ ਮੋੜਵੀਂ ਪ੍ਰਤੀਕਿਰਿਆ ਜ਼ਾਹਰ ਕਰ ਸਕਦਾ ਹੈ। ਉਨ੍ਹਾਂ ਨੇ ਸੂਬੇ ਦੀ ਪੁਲਿਸ ਨੂੰ ਕਿਸੇ ਵੀ ਸੰਭਾਵਿਤ ਘਟਨਾ ਲਈ ਤਿਆਰ ਰਹਿਣ ਲਈ ਆਖਿਆ। ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਚ 8000 ਤੋਂ ਵੱਧ ਕਸ਼ਮੀਰੀ ਵਿਦਿਆਰਥੀਆਂ ਦੀ ਸੁਰੱਖਿਆ ਵਧਾਉਣ ਦੇ ਹੁਕਮ ਦਿੰਦਿਆਂ ਡਿਪਟੀ ਕਮਿਸ਼ਨਰਾਂ ਅਤੇ ਜ਼ਿਲਾ ਪੁਲਿਸ ਮੁਖੀਆਂ ਨੂੰ ਇਨ੍ਹਾਂ ਵਿਦਿਆਰਥੀਆਂ ਨੂੰ ਨਿੱਜੀ ਤੌਰ ‘ਤੇ ਮਿਲਣ ਲਈ ਆਖਿਆ।

About Jatin Kamboj