Home » FEATURED NEWS » ਧਾਰਾ-370 ਹਟਾਉਣ ਦੀ ਖ਼ੁਸ਼ੀ ‘ਚ ਜਸ਼ਨ ਮਨਾਉਂਦੇ ਭਾਜਪਾ ਆਗੂਆਂ ਨੂੰ ਥਾਣੇ ਡੱਕਿਆ
bjp

ਧਾਰਾ-370 ਹਟਾਉਣ ਦੀ ਖ਼ੁਸ਼ੀ ‘ਚ ਜਸ਼ਨ ਮਨਾਉਂਦੇ ਭਾਜਪਾ ਆਗੂਆਂ ਨੂੰ ਥਾਣੇ ਡੱਕਿਆ

ਐਸ.ਏ.ਐਸ. ਨਗਰ : ਕੇਂਦਰ ਸਰਕਾਰ ਵਲੋਂ ਧਾਰਾ 370 ਹਟਾਉਣ ਦੀ ਖ਼ੁਸ਼ੀ ਵਿਚ ਫ਼ੇਜ਼-9 ‘ਚ ਲੱਡੂ ਵੰਡਣ ਲਈ ਇਕੱਠੇ ਹੋਏ ਭਾਜਪਾ ਆਗੂਆਂ ਅਤੇ ਵਰਕਰਾਂ ਨੂੰ ਸਥਾਨਕ ਪੁਲਿਸ ਵਲੋਂ ਫੜ ਕੇ ਫ਼ੇਜ਼-8 ਦੇ ਥਾਣੇ ਲਿਜਾਇਆ ਗਿਆ। ਭਾਜਪਾ ਆਗੂਆਂ ਨੂੰ ਲੱਡੂ ਵੰਡਣ ਤੋਂ ਰੋਕਦਿਆਂ ਥਾਣਾ ਫ਼ੇਜ਼-8 ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਕਾਨੂੰਨ ਵਿਵਸਥਾ ਨੂੰ ਪ੍ਰਭਾਵਿਤ ਕਰਨ ਦੀ ਇਜ਼ਾਜਤ ਨਹੀਂ ਦੇਣਗੇ ਅਤੇ ਕਿਸੇ ਨੂੰ ਵੀ ਹੁਲੜਬਾਜ਼ੀ ਨਹੀਂ ਕਰਨ ਦੇਣਗੇ। ਇਸ ਮੌਕੇ ਭਾਜਪਾ ਆਗੂਆਂ ਨੇ ਦੋਸ਼ ਲਗਾਇਆ ਕਿ ਪੁਲਿਸ ਵਲੋਂ ਉਨ੍ਹਾਂ ਨੂੰ ਸਰਕਾਰ ਦੇ ਇਸ਼ਾਰੇ ‘ਤੇ ਲੱਡੂ ਵੰਡਣ ਤੋਂ ਰੋਕਿਆ ਗਿਆ ਹੈ ਜਦੋਂਕਿ ਉਹ ਕੇਂਦਰ ਸਰਕਾਰ ਵਲੋਂ ਅੱਜ ਧਾਰਾ 370 ਨੂੰ ਖਤਮ ਕਰਨ ਦੇ ਜਸ਼ਨ ਵਜੋਂ ਸ਼ਾਂਤਮਈ ਤਰੀਕੇ ਨਾਲ ਲੱਡੂ ਵੰਡ ਕੇ ਖ਼ੁਸ਼ੀ ਮਨਾ ਰਹੇ ਸਨ। ਇਸ ਮੌਕੇ ਭਾਜਪਾ ਦੇ ਸਮੂਹ ਕਾਰਜਕਾਰੀ ਮੈਂਬਰ ਸੁਖਵਿੰਦਰ ਸਿੰਘ ਗੋਲਡੀ, ਭਾਜਯੁਮੋ ਦੇ ਕੌਂਮੀ ਕਾਰਜਕਾਰਨੀ ਦੇ ਮੈਂਬਰ ਸੈਬੀ ਆਨੰਦ, ਕੌਂਸਲਰ ਅਰੁਣ ਸ਼ਰਮਾ, ਅਸ਼ੋਕ ਝਾਅ ਅਤੇ ਪ੍ਰਕਾਸ਼ਵਤੀ, ਮੰਡਲ ਪ੍ਰਧਾਨ ਸੋਹਣ ਸਿੰਘ, ਅਨਿਲ ਕੁਮਾਰ ਗੁੱਡੂ, ਦਿਨੇਸ਼ ਕੁਮਾਰ, ਭਾਜਪਾ ਆਗੂ ਰਮੇਸ਼ ਵਰਮਾ, ਨਰਿੰਦਰ ਰਾਣਾ ਸਮੇਤ ਲਗਭਗ ਡੇਢ ਦਰਜਨ ਭਾਜਪਾ ਆਗੂਆਂ ਅਤੇ ਵਰਕਰਾਂ ਨੂੰ ਥਾਣੇ ਲਿਜਾਇਆ ਗਿਆ। ਜ਼ਿਲ੍ਹਾ ਦੇ ਐਸ.ਐਸ.ਪੀ. ਕੁਲਦੀਪ ਸਿੰਘ ਚਾਹਲ ਨੇ ਕਿਹਾ ਕਿ ਇਹ ਕਾਰਵਾਈ ਇਹਤਿਆਤ ਦੇ ਤੌਰ ‘ਤੇ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਵਿਵਸਥਾ ਨੂੰ ਕਾਬੂ ਹੇਠ ਰੱਖਣ ਲਈ ਕਿਸੇ ਨੂੰ ਵੀ ਹੁਲੱੜਬਾਜ਼ੀ ਕਰਨ ਜਾਂ ਜਨਤਾ ਦੀਆਂ ਭਾਵਨਾਵਾਂ ਨੂੰ ਭੜਕਾਉਣ ਦੀ ਇਜ਼ਾਜਤ ਨਹੀਂ ਦਿੱਤੀ ਜਾ ਸਕਦੀ ਅਤੇ ਇਸ ਲਈ ਇਨ੍ਹਾਂ ਵਿਅਕਤੀਆਂ ਨੂੰ ਥਾਣੇ ਲਿਆਂਦਾ ਗਿਆ ਹੈ ਅਤੇ ਬਾਅਦ ਵਿਚ ਛੱਡ ਦਿੱਤਾ ਜਾਵੇਗਾ।

About Jatin Kamboj