Home » FEATURED NEWS » ਨਵਜੋਤ ਕੌਰ ਸਿੱਧੂ ਨਾਲ ਨਾਰਾਜ਼ ਵਿਧਾਇਕਾਂ ਦੇ ਪੁੱਤਰਾਂ ਦੀਆਂ ਤਸਵੀਰਾਂ ਹੋਈਆਂ ਵਾਇਰਲ
sss

ਨਵਜੋਤ ਕੌਰ ਸਿੱਧੂ ਨਾਲ ਨਾਰਾਜ਼ ਵਿਧਾਇਕਾਂ ਦੇ ਪੁੱਤਰਾਂ ਦੀਆਂ ਤਸਵੀਰਾਂ ਹੋਈਆਂ ਵਾਇਰਲ

ਪਟਿਆਲਾ : ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਗ੍ਰਹਿ ਜ਼ਿਲ੍ਹੇ ਪਟਿਆਲਾ ਦੇ ਚਾਰ ਕਾਂਗਰਸੀ ਵਿਧਾਇਕਾਂ ਵੱਲੋਂ ਨਾਰਾਜ਼ ਹੋਣ ਦੀਆਂ ਖਬਰਾਂ ਗਰਮ ਹੋਣ ਦੇ ਵਿਚਾਲੇ ਹੀ ਇਕ ਵਿਧਾਇਕ ਦੇ ਪੁੱਤਰ ਦੀਆਂ ਨਵਜੋਤ ਕੌਰ ਸਿੱਧੂ ਨਾਲ ਤਸਵੀਰਾਂ ਵਾਇਰਲ ਹੋ ਗਈਆਂ ਹਨ।ਇਹ ਤਸਵੀਰਾਂ ਵਾਇਰਲ ਹੋਣ ਨਾਲ ਅਟਕਲਾਂ ਦਾ ਬਾਜ਼ਾਰ ਗਰਮ ਹੈ ਅਤੇ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਨਾਰਾਜ਼ ਵਿਧਾਇਕ ਨਵਜੋਤ ਸਿੱਧੂ ਨਾਲ ਸੰਪਰਕ ਕਰਨ ਦ ਰੌਂਅ ਵਿਚ ਹਨ।ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੇ ਪੁੱਤਰ ਨਿਰਭੈ ਸਿੰਘ ਕੰਬੋਜ ਨੇ ਸੰਪਰਕ ਕਰਨ ‘ਤੇ ਦੱਸਿਆ ਕਿ ਨਵਜੋਤ ਕੌਰ ਸਿੱਧੂ ਦਾ ਸਵਾਗਤ ਕਰਨ ਵਾਸਤੇ ਉਹ ਐਤਵਾਰ ਨੂੰ ਗਏ ਸਨ ਕਿਉਂਕਿ ਨਵਜੋਤ ਕੌਰ ਸਿੱਧੂ ਰਾਜਪੁਰਾ ਆਏ ਸਨ ਅਤੇ ਉਹ ਪਾਰਟੀ ਦੇ ਸੀਨੀਅਰ ਨੇਤਾ ਹਨ।ਦੱਸਣਯੋਗ ਹੈ ਕਿ ਚਾਰ ਵਿਧਾਇਕਾਂ ਹਰਦਿਆਲ ਸਿੰਘ ਕੰਬੋਜ, ਮਦਨ ਲਾਲ ਜਲਾਲਪੁਰ, ਕਾਕਾ ਰਾਜਿੰਦਰ ਸਿੰਘ ਅਤੇ ਨਿਰਮਲ ਸਿੰਘ ਸ਼ੁਤਰਾਣਾ ਨੇ ਪਿਛਲੇ ਦਿਨੀਂ ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਦੀ ਮੀਟਿੰਗ ਦੌਰਾਨ ਕਈ ਮੁੱਦੇ ਉਠਾਏ ਸਨ ਕਿ ਉਹਨਾਂ ਦੇ ਫੋਨ ਟੈਪ ਹੋ ਰਹੇ ਹਨ ਅਤੇ ਨੌਕਰਸ਼ਾਹੀ ਵਿਧਾਇਕਾਂ ਦੇ ਕੰਮ ਨਹੀਂ ਕਰ ਰਹੀ।ਪੁਲਿਸ ਅਧਿਕਾਰੀਆਂ ਵੱਲੋਂ ਰਿਕਾਰਡਿੰਗ ਅਤੇ ਐਸ ਡੀ ਐਮ ਪੱਧਰ ਦੇ ਅਧਿਕਾਰੀ ਵੱਲੋਂ ਭ੍ਰਿਸ਼ਟਾਚਾਰ ਕਰਨ ਦੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਰਾਜ ਸਰਕਾਰ ਨੇ ਪਟਿਆਲਾ ਦੇ ਐਸ ਡੀ ਐਮ ਦਾ ਤਬਾਦਲਾ ਚੰਡੀਗੜ੍ਹ ਕਰ ਦਿੱਤਾ ਸੀ। ਇਸ ਤੋਂ ਇਲਾਵਾ ਸਮਾਣਾ ਸੀ ਆਈ ਏ ਦੇ ਇੰਚਾਰਜ ਵਿਜੇ ਕੁਮਾਰ ਦੇ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਹੈ। ਚਾਰ ਵਿਧਾਇਕਾਂ ਵੱਲੋਂ ਇਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਉਹਨਾਂ ਕੋਲ ਇਕ ਤੋਂ ਵੱਧ ਮੁੱਦੇ ਹਨ ਪਰ ਉਹਨਾਂ ਕੋਲ ਕੋਈ ਮੰਚ ਨਹੀਂ ਹੈ। ਉਹਨਾਂ ਤਰਕ ਦਿੱਤਾ ਸੀ ਕਿ ਮੁੱਖ ਮੰਤਰੀ ਨੇ ਹਾਲੇ ਤੱਕ ਸੁਣਵਾਈ ਦੀ ਪ੍ਰਵਾਨਗੀ ਨਹੀਂ ਦਿੱਤੀ ਜਦਕਿ ਉਹ ਨੌਕਰਸ਼ਾਹਾਂ ਦੇ ਖਿਲਾਫ ਆਵਾਜ਼ ਬੁਲੰਦ ਕਰ ਰਹੇ ਹਨ। ਵਿਧਾਇਕਾਂ ਵੱਲੋਂ ਮਹਿਲਾ ਉਦਮੀਆਂ ਲਈ ਰੱਖੇ ਸਮਾਗਮ ਦਾ ਬਾਈਕਾਟ ਵੀ ਕੀਤਾ ਗਿਆ ਸੀ। ਇਸ ਉਪਰੰਤ ਲੰਘੇ ਦਿਨ ਜ਼ਿਲ੍ਹਾ ਵਿਕਾਸ ਤਾਲਮੇਲ ਤੇ ਨਿਗਰਾਨ ਕਮੇਟੀ ਦੀ ਮੀਟਿੰਗ ਵੀ ਜ਼ਿਲ੍ਹਾ ਪ੍ਰਸ਼ਾਸਨ ਨੇ ਵਿਧਾਇਕਾਂ ਦੇ ਮੂਡ ਨੂੰ ਵੇਖਦਿਆਂ ਕੈਂਸਲ ਕਰ ਦਿੱਤੀ। ਵਿਧਾਇਕ ਦੇ ਪੁੱਤਰ ਵੱਲੋਂ ਨਵਜੋਤ ਕੌਰ ਸਿੱਧੂ ਨਾਲ ਮੁਲਾਕਾਤ ਕਰਨ ਦੇ ਮਾਮਲੇ ‘ਤੇ ਟਿੱਪਣੀ ਲਈ ਕਿਸੇ ਵੀ ਵਿਧਾਇਕ ਨਾਲ ਸੰਪਰਕ ਨਹੀਂ ਹੋ ਸਕਿਆ।

About Jatin Kamboj