Home » News » PUNJAB NEWS » ਨਸ਼ਿਆਂ ਦੇ ਕੇਸ ‘ਚ ਮਜੀਠੀਆ ਵਿਰੁਧ ਜਾਂਚ ਜਾਰੀ ਹੈ
majithia

ਨਸ਼ਿਆਂ ਦੇ ਕੇਸ ‘ਚ ਮਜੀਠੀਆ ਵਿਰੁਧ ਜਾਂਚ ਜਾਰੀ ਹੈ

ਚੰਡੀਗੜ੍ਹ : ਬਹੁਚਰਚਿਤ ਨਸ਼ਾ ਕੇਸ ਵਿਚ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਵਿਰੁਧ ਇਨਫ਼ੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਜਾਂਚ ਜਾਰੀ ਹੈ। ਇਹ ਪ੍ਰਗਟਾਵਾ ਈਡੀ ਦੇ ਜਲੰਧਰ ਦਫ਼ਤਰ ਵਿਚ ਤਾਇਨਾਤ ਡਿਪਟੀ ਡਾਇਰੈਕਟਰ ਨਿਰੰਜਣ ਸਿੰਘ ਨੇ ਮੋਹਾਲੀ ਵਿਖੇ ਵਿਸ਼ੇਸ਼ ਸੀਬੀਆਈ ਜੱਜ ਨਿਰਭੈ ਸਿੰਘ ਦੀ ਅਦਾਲਤ ‘ਚ ਜਿਰ੍ਹਾ ਦੌਰਾਨ ਕੀਤਾ। ਨਿਰੰਜਣ ਸਿੰਘ ਨੇ ਇਹ ਵੀ ਦਸਿਆ ਕਿ ਉਹ ਹੁਣ ਇਸ ਮਾਮਲੇ ‘ਚ ਜਾਂਚ ਅਧਿਕਾਰੀ (ਆਈ.ਓ.) ਨਹੀਂ ਹਨ ਪਰ ਬਿਕਰਮ ਸਿੰਘ ਮਜੀਠੀਆ ਵਿਰੁਧ ਜਾਂਚ ਮੁਕੰਮਲ ਨਹੀਂ ਹੋਈ ਅਤੇ ਜਾਂਚ ਜਾਰੀ ਹੈ। ਨਿਰੰਜਣ ਸਿੰਘ ਦਾ ਇਹ ਪ੍ਰਗਟਾਵਾ ਇਸ ਪੱਖੋਂ ਅਹਿਮ ਮੰਨਿਆ ਜਾ ਰਿਹਾ ਹੈ ਕਿ ਪਿਛਲੇ ਕੁੱਝ ਸਾਲਾਂ ਤੋਂ ਵਾਰ ਵਾਰ ਇਹ ਪ੍ਰਭਾਵ ਬਣਾਇਆ ਜਾ ਰਿਹਾ ਹੈ ਕਿ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਇਸ ਮਾਮਲੇ ‘ਚ ਕਲੀਨ ਚਿੱਟ ਮਿਲ ਚੁੱਕੀ ਹੈ ਹਾਲਾਂਕਿ ਇਸ ਪ੍ਰਗਟਾਵੇ ਦਾ ਇਹ ਮਤਲਬ ਵੀ ਨਹੀਂ ਕਿ ਈਡੀ ਦੀ ਜਾਂਚ ਵਿਚ ਮਜੀਠੀਆ ਵਿਰੁਧ ਕੋਈ ਦੋਸ਼ ਸਾਬਤ ਹੋਇਆ ਹੈ ਜਾਂ ਕੋਈ ਸਬੂਤ ਸਾਹਮਣੇ ਆਏ ਹਨ ਪਰ ਜਿਥੋਂ ਤਕ ਨਸ਼ਾ ਅਤੇ ਕਾਲਾ ਧਨ ਮਾਮਲੇ ‘ਚ ਈਡੀ ਦੀ ਜਾਂਚ ਦਾ ਸਵਾਲ ਹੈ, ਇਹ ਕੇਸ ਪੰਜਾਬ ਦੀ ਰਾਜਨੀਤੀ ‘ਚ ਕਾਫ਼ੀ ਅਹਿਮੀਅਤ ਰਖਦਾ ਹੈ।

ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤਕ ਅਪਣੀ ਸਰਕਾਰ ਵੇਲੇ ਇਥੋਂ ਤਕ ਆਖਦੇ ਆਏ ਹਨ ਕਿ ਜੇ ਮਜੀਠੀਆ ਵਿਰੁਧ ਜਾਂਚ ਦਾ ਕੋਈ ਨਤੀਜਾ ਮਜੀਠੀਆ ਦੇ ਉਲਟ ਆਉਂਦਾ ਹੈ ਤਾਂ ਉਹ ਬਿਨਾਂ ਦੇਰੀ ਕਾਰਵਾਈ ਕਰਨਗੇ ਅਤੇ ਇਹੋ ਗੱਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਆਖਦੇ ਹਨ। ਨਿਰੰਜਣ ਸਿੰਘ ਕੋਲੋਂ ਕੇਸ ਦੇ ਮੁਲਜ਼ਮਾਂ ਅਨੂਪ ਸਿੰਘ ਕਾਹਲੋਂ ਅਤੇ ਮਮਪ੍ਰੀਤ ਸਿੰਘ ਗਿੱਲ ਦੀ ਵਕੀਲ ਡਾਕਟਰ ਸ਼ੈਲੀ ਸ਼ਰਮਾ ਵਲੋਂ ਜਿਰ੍ਹਾ ਕੀਤੀ ਗਈ ਅਤੇ ਉਨ੍ਹਾਂ ਵਲੋਂ ਹੁਣ ਤਕ ਕੀਤੀ ਗਈ ਜਾਂਚ ‘ਤੇ ਵੀ ਕਈ ਸਵਾਲ ਚੁੱਕੇ ਗਏ।
ਬਚਾਅ ਪੱਖ ਦੀ ਵਕੀਲ ਨੇ ਨਿਰੰਜਣ ਸਿੰਘ ਦੀਆਂ ਇਸ ਕੇਸ ਦੇ ਕੁੱਝ ਮੁਲਜ਼ਮਾਂ, ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ, ਜਲੰਧਰ ਦੇ ਨਾਮਵਰ ਸਿਆਸਤਦਾਨ ਤੇਜਿੰਦਰ ਸਿੰਘ ਬਿੱਟੂ ਆਦਿ ਨਾਲ ਫ਼ੋਨ ਕਾਲਾਂ ਅਤੇ ਜੈਟ ਏਅਰਵੇਜ਼ ਦੀ ਉਡਾਨ ‘ਚ ਜੁਲਾਈ 2017 ਦੌਰਾਨ ਬਿੱਟੂ ਨਾਲ ਦਿੱਲੀ ਗਿਆ ਹੋਣ ਆਦਿ ਬਾਰੇ ਸਵਾਲ ਕੀਤੇ। ਇਨ੍ਹਾਂ ‘ਚੋਂ ਜ਼ਿਆਦਾਤਰ ਨੂੰ ਈਡੀ ਅਧਿਕਾਰੀ ਨੇ ਨਿਰਮੂਲ ਕਰਾਰ ਦੇ ਦਿਤਾ।

About Jatin Kamboj