PUNJAB NEWS

ਨਹੀਂ ਰੁਕ ਰਿਹਾ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਦਾ ਸਿਲਸਿਲਾ

ਅੰਮ੍ਰਿਤਸਰ : ਸ੍ਰੀ ਦਰਬਾਰ ਸਾਹਿਬ ਵਿਚ ਜਾ ਕੇ ਟਿਕ ਟੋਕ ਬਣਾਉਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ| ਬੇਸ਼ੱਕ ਇਸ ਮਾਮਲੇ ਨੂੰ ਲੈ ਕੇ ਲਗਾਤਾਰ ਸਿੱਖ ਭਾਈਚਾਰੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਪਰ ਇਸ ਦੇ ਬਾਵਜੂਦ ਵੀ ਨੌਜਵਾਨ ਅਜਿਹਾ ਕਰਨ ਤੋਂ ਬਾਜ ਨਹੀਂ ਆਉਂਦੇ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਵੀਡੀਓ ਬਣਾਉਣ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਸੋਸ਼ਲ ਮੀਡਿਆ ‘ਤੇ ਇਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਨੌਜਵਾਨ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਟਿਕ ਟੋਕ ‘ਤੇ ਵੀਡੀਓ ਬਣਾ ਰਿਹਾ ਹੈ। ਜਿਸ ਨੂੰ ਲੈ ਕੇ ਸਿੱਖ ਭਾਈਚਾਰੇ ਵਿਚ ਕਾਫੀ ਰੋਸ ਹੈ। ਇਸ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਤੁਰ ਰਿਹਾ ਇਹ ਨੌਜਵਾਨ ਕਿਸੇ ਗਾਣੇ ‘ਤੇ ਵੀਡੀਓ ਬਣਾ ਰਿਹਾ ਹੈ। ਇਸ ਨੌਜਵਾਨ ਨੇ ਵੀਡੀਓ ਬਣਾਉਣ ਤੋਂ ਬਾਅਦ ਸੋਸ਼ਲ ਮੀਡਿਆ ‘ਤੇ ਪੋਸਟ ਕਰ ਦਿੱਤੀ। ਉਧਰ ਜੇਕਰ ਇਸ ਨੌਜਵਾਨ ਦੀ ਗੱਲ ਕਰੀਏ ਤਾਂ ਜਦੋਂ ਇਸ ਦਾ ਟਿਕਟੋਕ ਅਕਾਊਂਟ ਦੇਖਿਆ ਗਿਆ ਤਾਂ ਉਸ ਨੇ ਆਪਣੀ ਇਸ ਪੋਸਟ ‘ਤੇ ਲਿਖਿਆ ਹੋਇਆ ਸੀ ਕਿ ਇਹ ਵੀਡੀਓ ਡਿਲੀਟ ਕਰ ਦਿੱਤੀ ਗਈ ਸੀ ਪਰ ਕਿਸੇ ਹੋਰ ਵਿਅਕਤੀ ਵੱਲੋਂ ਦੋਬਾਰਾ ਪੋਸਟ ਕੀਤੀ ਗਈ ਹੈ। ਪਰ ਇਸ ਸਭ ਦੇ ਚਲਦੇ ਕਈ ਸਵਾਲ ਖੜੇ ਹੁੰਦੇ ਹਨ ਕਿ ਨੌਜਵਾਨ ਅਜਿਹਾ ਕਿਉਂ ਕਰਦੇ ਹਨ , ਕਿਉਂਕਿ ਇਸ ਮਾਮਲੇ ਦਾ ਵਿਰੋਧ ਬਹੁਤ ਵੱਡੇ ਪੱਧਰ ‘ਤੇ ਹੋ ਰਿਹਾ ਅਤੇ ਨੌਜਵਾਨ ਫਿਰ ਵੀ ਇਸ ਤਰ੍ਹਾਂ ਦੀਆਂ ਵੀਡਿਓਜ਼ ਬਣਾਉਂਦੇ ਹਨ। ਵਾਰ ਵਾਰ ਸ੍ਰੀ ਦਰਬਾਰ ਸਾਹਿਬ ਵਿਚ ਬਣ ਰਹੀਆਂ ਇਹ ਵੀਡਿਓਜ਼ ਜਿਥੇ ਗੁਰੂ ਘਰ ਦੀ ਮਰਿਆਦਾ ਨੂੰ ਠੇਸ ਪਹੁੰਚਾ ਰਹੀਆਂ ਉਥੇ ਹੀ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰਾਂ ‘ਤੇ ਵੀ ਸਵਾਲ ਖੜੇ ਕਰ ਰਹੀਆਂ ਹਨ। ਕਿਉਂਕਿ ਜੇਕਰ ਸੇਵਾਦਾਰ ਇਸ ਮਾਮਲੇ ਵਿਚ ਸਖ਼ਤੀ ਵਰਤਣ ਤਾਂ ਅਜਿਹੇ ਮਾਮਲੇ ਸਾਹਮਣੇ ਨਾ ਆਉਣ।