FEATURED NEWS News

ਨਾਗਰਿਕਤਾ ਬਿੱਲ ਨੂੰ ਕੇਰਲ ਸਵਿਕਾਰ ਨਹੀਂ ਕਰੇਗਾ: ਪਿਨਰਾਈ ਵਿਜਯਾਨ

ਨਵੀਂ ਦਿੱਲੀ : ਗੈਰ-ਭਾਜਪਾ ਸੂਬਿਆਂ ਵਿਚ ਨਾਗਰਿਕਤਾ ਬਿੱਲ ਦਾ ਵਿਰੋਧ ਲਗਾਤਾਰ ਜਾਰੀ ਹੈ। ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜਯਾਨ ਨੇ ਵੀਰਵਾਰ ਨੂੰ ਕਿਹਾ ਰਿ ਸੰਸਦ ਵਿਚ ਪਾਸ ਹੋਇਆ ਨਾਗਰਿਕਤਾ ਸੋਧ ਬਿੱਲ ਸੂਬੇ ਵਿਚ ਲਾਗੂ ਨਹੀਂ ਕੀਤਾ ਜਾਵੇਗਾ। ਉੱਥੇ ਹੀ ਉੱਤਰੀ ਕੇਰਲ ਵਿਚ ਇਕ ਸਥਾਨਕ ਕਾਲਜ ਦੇ ਸੈਂਕੜੇ ਵਿਦਿਆਰਥੀਆਂ ਨੇ ਇਕ ਮਾਰਚ ਕੱਢਿਆ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੁਤਲੇ ਸਾੜੇ। ਕਾਂਗਰਸ ਦੀ ਅਗਵਾਈ ਵਾਲੀ ਯੂਡੀਐਫ ਨੇ ਵੀ ਬਿੱਲ ਅਤੇ ਮਹਿੰਗਾਈ ਸਮੇਤ ਕਈ ਹੋਰ ਮੁੱਦਿਆਂ ਖਿਲਾਫ ਸੂਬਾ ਸਕੱਤਰੇਤ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਕੀਤਾ।ਵਿਜਯਾਨ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਅਲੋਚਨਾ ਕੀਤੀ ਅਤੇ ਕਿਹਾ ਕਿ ਅਸੰਵਿਧਾਨਕ ਬਿੱਲ ਲਈ ਕੇਰਲ ਵਿਚ ਕੋਈ ਥਾਂ ਨਹੀਂ ਹੋਵੇਗੀ ਅਤੇ ਸੂਬੇ ਵਿਚ ਇਸ ਨੂੰ ਲਾਗੂ ਨਹੀਂ ਕੀਤਾ ਜਾਵੇਗਾ।ਕੋਝੀਕੋੜ ਵਿਚ ਫਾਰੂਕ ਕਾਲਜ ਦੇ ਸੈਂਕੜੇ ਵਿਦਿਆਰਥੀਆਂ ਨੇ ਬਿੱਲ ਖਿਲਾਫ ਲੰਬਾ ਮਾਰਚ ਕੱਢਿਆ, ਬਿੱਲ ਦੀਆਂ ਕਾਪੀਆਂ ਫਾੜੀਆਂ ਗਈਆਂ ਅਤੇ ਸ਼ਾਹ ਦਾ ਪੁਤਲਾ ਸਾੜਿਆ ਗਿਆ। ਵਿਜਯਾਨ ਨੇ ਟਵੀਟ ਕਰ ਕੇ ਕਿਹਾ, ‘ਦੇਸ਼ ਵਿਚ ਲੋਕ ਤੰਤਰ ਖਤਰੇ ਵਿਚ ਹੈ। ਭਾਜਪਾ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਸ ਦਾ ਮੁੱਖ ਰਾਜਨੀਤਕ ਸਾਧਨ ਫਿਰਕਾਪ੍ਰਸਤੀ ਹੈ’।