Home » ARTICLES » ਪਰਵਾਸ: ਮਿਲ ਕੇ ਚੱਲਣ ਦੱਖਣ ਏਸ਼ਿਆਈ ਦੇਸ਼
sw

ਪਰਵਾਸ: ਮਿਲ ਕੇ ਚੱਲਣ ਦੱਖਣ ਏਸ਼ਿਆਈ ਦੇਸ਼

*ਸ਼ਾਹਿਦ ਜਾਵੇਦ ਬਰਕੀ

ਵਿਸ਼ਵੀਕਰਨ ਦੀ ਪ੍ਰਕਿਰਿਆ ਬਹੁਤ ਸਾਰੇ ਤੱਤਾਂ ਦੇ ਮਿਲਣ ਨਾਲ ਹੋਂਦ ਵਿੱਚ ਆਈ ਹੈ। ਇਨ੍ਹਾਂ ਤੱਤਾਂ ’ਚ ਵਸਤਾਂ, ਪੂੰਜੀ, ਸੂਚਨਾ ਤੇ ਤਕਨਾਲੌਜੀ ਦਾ ਮੁਕਾਬਲਤਨ ਆਜ਼ਾਦਾਨਾ ਆਦਾਨ-ਪ੍ਰਦਾਨ ਅਤੇ ਕੌਮਾਂਤਰੀ ਸਰਹੱਦਾਂ ਦੇ ਆਰ-ਪਾਰ ਲੋਕਾਂ ਦਾ ਕੁਝ ਹੱਦ ਤਕ ਪਰਵਾਸ ਸ਼ਾਮਲ ਹਨ। ਇਸ ਅਮਲ ਨੇ ਦੁਨੀਆਂ ਦਾ ਕਾਰੋਬਾਰ ਕਿਵੇਂ ਚੱਲਦਾ ਹੈ, ਇਸ ਦੇ ਤੌਰ-ਤਰੀਕਿਆਂ ਉੱਤੇ ਮਹੱਤਵਪੂਰਨ ਪ੍ਰਭਾਵ ਪਾਇਆ ਹੈ। ਇਸ ਪ੍ਰਕਿਰਿਆ ਨੇ 1980ਵਿਆਂ ਦੇ ਅਖੀਰ ਵਿੱਚ ਤੇਜ਼ੀ ਫੜਨੀ ਸ਼ੁਰੂ ਕੀਤੀ ਜੋ 2000ਵਿਆਂ ਦੇ ਸ਼ੁਰੂ ਤਕ ਜਾਰੀ ਰਹੀ। ਫਿਰ ਇਸ ਰਫ਼ਤਾਰ ਵਿੱਚ ਵਿਘਨ ਪੈ ਗਿਆ, ਜਿਸ ਨੂੰ ਅਰਥਸ਼ਾਸ਼ਤਰੀ ‘ਵੱਡਾ ਆਰਥਿਕ ਮੰਦਵਾੜਾ’ ਦੱਸਦੇ ਹਨ। ਨਤੀਜੇ ਵਜੋਂ ਪੂਰੀ ਦੁਨੀਆਂ ਅੰਦਰ ਜ਼ਬਰਦਸਤ ਮੰਦਵਾੜਾ ਛਾ ਗਿਆ, ਜਿਸ ਕਾਰਨ ਬੇਰੁਜ਼ਗਾਰੀ ਬਹੁਤ ਤੇਜ਼ੀ ਨਾਲ ਵਧੀ। ਹੋਰ ਬਹੁਤ ਸਾਰੇ ਮੰਦਵਾੜਿਆਂ ਦੇ ਉਲਟ, ਜਦੋਂ ਹਾਲਾਤ ਸੁਧਰਨੇ ਸ਼ੁਰੂ ਹੋਏ, ਆਰਥਿਕ ਤੇ ਸਮਾਜਿਕ ਪੱਧਰ ’ਤੇ ਪਹਿਲਾਂ ਵਾਲਾ ਦਰਜਾ ਬਹਾਲ ਨਹੀਂ ਹੋਇਆ। ਇਸ ਦੇ ਨਤੀਜੇ ਸਿਆਸੀ ਤੌਰ ’ਤੇ ਦੂਰਗ਼ਾਮੀ ਪ੍ਰਭਾਵ ਪਾਉਣ ਵਾਲੇ ਰਹੇ।
ਜੂਨ 2016 ਵਿੱਚ ਬਰਤਾਨਵੀ ਵੋਟਰਾਂ ਨੇ ਰਾਇਸ਼ੁਮਾਰੀ ਦੌਰਾਨ ਯੂਰੋਪੀਅਨ ਯੂਨੀਅਨ (ਈ.ਯੂ.) ਵਿੱਚੋਂ ਆਪਣੇ ਦੇਸ਼ ਨੂੰ ਬਾਹਰ ਕੱਢਣ (ਬ੍ਰੈਗਜ਼ਿਟ) ਦੇ ਹੱਕ ਵਿੱਚ ਫਤਵਾ ਦੇ ਦਿੱਤਾ। ਬ੍ਰੈਗਜ਼ਿਟ ਦੇ ਹੱਕ ਵਿੱਚ ਫਤਵਾ ਦੇਣ ਵਾਲੇ ਬਰਤਾਨਵੀ ਲੋਕ, ਪੂਰਬੀ ਯੂਰੋਪੀਅਨ ਦੇਸ਼ਾਂ, ਖ਼ਾਸ ਕਰਕੇ ਪੋਲੈਂਡ ਤੋਂ ਹਜ਼ਾਰਾਂ ਲੋਕਾਂ ਦੇ ਬ੍ਰਿਟੇਨ ਵਿੱਚ ਆਉਣ ਤੋਂ ਔਖੇ ਸਨ। ਉਹ ਆਪਣੇ ਦੇਸ਼ ਦੀ ਸਰਕਾਰ ਦਾ ਦੇਸ਼ ਦੀਆਂ ਸਰਹੱਦਾਂ ਉੱਪਰ ਮੁੜ ਕੰਟਰੋਲ ਚਾਹੁੰਦੇ ਸਨ। ਯੂਰੋਪੀਅਨ ਯੂਨੀਅਨ ਹੋਂਦ ਵਿੱਚ ਆਉਣ ਬਾਅਦ, ਇਸ ਵਿੱਚ ਸ਼ਾਮਲ ਦੇਸ਼ਾਂ ਦੇ ਨਾਗਰਿਕਾਂ ਨੂੰ ਇੱਕ-ਦੂਜੇ ਦੇਸ਼ ਵਿੱਚ ਬਗੈਰ ਵੀਜ਼ੇ ਦੇ ਜਾਣ ਦੀ ਖੁੱਲ੍ਹ ਮਿਲੀ ਹੋਈ ਸੀ, ਜਿਸ ਦਾ ਬਰਤਾਨੀਆ ਅੰਦਰ ਉੱਥੋਂ ਦੇ ਲੋਕਾਂ ਦੇ ਰੁਜ਼ਗਾਰ ਉੱਪਰ ਬਹੁਤ ਮਾੜਾ ਅਸਰ ਪੈ ਰਿਹਾ ਸੀ।
ਬਰਤਾਨੀਆ ਵਿੱਚ ਜਿੱਥੇ ਪੂਰਬੀ ਯੂਰੋਪੀਅਨ ਦੇਸ਼ਾਂ ਦੇ ਨਾਗਰਿਕ ਕਾਨੂੰਨੀ ਦਾਇਰੇ ਵਿੱਚ ਦਾਖਲ ਹੋਏ ਸਨ, ਉੱਥੇ ਅਮਰੀਕਾ ਅੰਦਰ ਮੈਕਸਿਕੋ ਤੇ ਕੇਂਦਰੀ ਅਮਰੀਕੀ ਦੇਸ਼ਾਂ ਤੋਂ ਬਹੁਤ ਸਾਰੇ ਲੋਕ ਬਗੈਰ ਵੀਜ਼ੇ ਦੇ ਪਹੁੰਚੇ ਹੋਏ ਸਨ। ਇੱਕ ਅੰਦਾਜ਼ੇ ਅਨੁਸਾਰ ਕਰੀਬ ਇੱਕ ਕਰੋੜ ਦਸ ਲੱਖ ਹਿਸਪੈਨਿਕ (ਲਾਤੀਨੀ ਅਮਰੀਕਾ ਦੇ ਸਪੇਨੀ ਭਾਸ਼ਾ ਬੋਲਣ ਵਾਲੇ ਲੋਕ) ਅਮਰੀਕਾ ਵਿੱਚ ਗ਼ੈਰ-ਕਾਨੂੰਨੀ ਤੌਰ ’ਤੇ ਪੈਰ ਜਮਾਅ ਚੁੱਕੇ ਹਨ। ਉਨ੍ਹਾਂ ਵਿੱਚੋਂ ਬਹੁਤ ਸਾਰੇ ਅਜਿਹੇ ਕੰਮ ਕਰਦੇ ਹਨ, ਜਿਹੜੇ ਬਹੁਤੇ ਅਮਰੀਕਨ ਕਰਕੇ ਖ਼ੁਸ਼ ਨਹੀਂ ਹੁੰਦੇ। ਬਹੁਤੇ ਅਮਰੀਕਨਾਂ ਵਿੱਚ ਇਹ ਪ੍ਰਭਾਵ ਹੈ ਕਿ ਅਜਿਹੇ ਗ਼ੈਰ-ਕਾਨੂੰਨੀ ਲੋਕਾਂ ਦੀ ਆਮਦ ਕਾਰਨ ਉਨ੍ਹਾਂ ਦੀ ਸਨਅਤ ਦੀ ਦਸ਼ਾ ਬਹੁਤ ਖਰਾਬ ਹੋ ਗਈ, ਜਿਸ ਕਰਕੇ ਉਨ੍ਹਾਂ ਨੂੰ ਆਪਣੇ ਹੀ ਦੇਸ਼ ਅੰਦਰ ਨੌਕਰੀਆਂ ਦੇ ਮੌਕੇ ਨਹੀਂ ਮਿਲ ਰਹੇ। ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ ਨੇ ਇਸ ਮੁੱਦੇ ਨੂੰ ਉਛਾਲਦਿਆਂ ਦੇਸ਼ ਵਾਸੀਆਂ ਨਾਲ ਵਾਅਦਾ ਕੀਤਾ ਕਿ ਜੇ ਉਹ ਸੱਤਾ ਵਿੱਚ ਆਏ ਤਾਂ ਇਨ੍ਹਾਂ ‘ਗ਼ੈਰ-ਕਾਨੂੰਨੀਆਂ’ ਨੂੰ ਉਨ੍ਹਾਂ ਦੇ ਦੇਸ਼ਾਂ ਵਿੱਚ ਵਾਪਸ ਭੇਜ ਦੇਣਗੇ। ਉਸ ਨੂੰ ਮੰਦਵਾੜੇ ਦੀ ਸ਼ਿਕਾਰ ਪੱਟੀ ਵਿੱਚ ਇਸ ਮੁੱਦੇ ਉੱਪਰ ਭਰਵੀਂ ਹਮਾਇਤ ਮਿਲੀ ਤੇ ਉਹ ਚੋਣ ਜਿੱਤ ਕੇ ਵਾਈਟ ਹਾਊਸ ਵਿੱਚ ਜਾ ਪਹੁੰਚੇ।
ਗ਼ਰੀਬ ਦੇਸ਼ਾਂ ਵਿੱਚੋਂ ਅਮੀਰ ਮੁਲਕਾਂ ਵੱਲ ਵੱਡੀ ਗਿਣਤੀ ਵਿੱਚ ਜਾਣ ਦੇ ਦੋ ਵੱਖ-ਵੱਖ ਰੁਝਾਨਾਂ ਨਾਲ ਇੱਕ ਹੋਰ ਰੁਝਾਨ, ਉੱਤਰੀ ਅਫ਼ਰੀਕਾ ਦੇ ਮੱਧ ਪੂਰਬ ਦੀਆਂ ਖਾਨਾਜੰਗੀਆਂ ਦਾ ਜੁੜ ਗਿਆ, ਜਿਸ ਨੇ ਬਹੁਤ ਸਾਰੇ ਭਾਈਚਾਰਿਆਂ ਨੂੰ ਪ੍ਰਭਾਵਿਤ ਕੀਤਾ। ਇਨ੍ਹਾਂ ਖਿੱਤਿਆਂ ਵਿੱਚ ਖਾਨਾਜੰਗੀਆਂ ਕਾਰਨ ਲੱਖਾਂ ਲੋਕ ਮਾਰੇ ਗਏ ਅਤੇ ਕਿਤੇ ਜ਼ਿਆਦਾ ਘਰ-ਘਾਟ ਛੱਡ ਕੇ ਉਜੜਨ ਲਈ ਮਜਬੂਰ ਹੋ ਗਏ। ਇਨ੍ਹਾਂ ਵਿੱਚੋਂ ਵੱਡੀ ਗਿਣਤੀ ਲੋਕਾਂ ਨੇ ਯੂਰੋਪ ਵੱਲ ਰੁਖ ਕਰ ਲਿਆ। ਸਾਲ 2016 ਦੌਰਾਨ ਦਸ ਲੱਖ ਤੋਂ ਵੱਧ ਲੋਕਾਂ ਨੇ ਜਰਮਨੀ ਵਿੱਚ ਸ਼ਰਨ ਮੰਗੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਾਰੇ ਯੂਰੋਪੀਅਨ ਦੇਸ਼ਾਂ ਦੇ ਮੁਕਾਬਲੇ ਇਸ ਦੇਸ਼ ਅੰਦਰ ਹੀ ਸ਼ਰਨਾਰਥੀਆਂ ਦਾ ਸਭ ਤੋਂ ਵੱਧ ਸਵਾਗਤ ਕੀਤਾ ਜਾਂਦਾ ਸੀ। ਪ੍ਰੰਤੂ ਇਨ੍ਹਾਂ ਸ਼ਰਨਾਰਥੀਆਂ ਦੇ ਹੜ੍ਹ ਨੇ ਬਹੁਤ ਗੰਭੀਰ ਸਿਆਸੀ ਨਤੀਜੇ ਸਾਹਮਣੇ ਲਿਆਂਦੇ। ਬਹੁਤ ਸਾਰੇ ਯੂਰੋਪੀਅਨ ਦੇਸ਼ਾਂ ਦੀ ਸਿਆਸੀ ਪ੍ਰਣਾਲੀ ਉੱਪਰ ਕੌਮਪ੍ਰਸਤੀ ਦਾ ਜ਼ਨੂਨ ਤੇ ਪਰਦੇਸੀਆਂ ਦੇ ਦਾਖਲੇ ਖ਼ਿਲਾਫ਼ ਨਫ਼ਰਤ ਭਾਰੂ ਹੋ ਗਈ। ਫਰਾਂਸ ਦੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਅਜਿਹੀਆਂ ਸ਼ਕਤੀਆਂ ਦੇ ਸੱਤਾ ਵਿੱਚ ਆਉਣ ਦਾ ਖ਼ਦਸ਼ਾ ਉੱਭਰਿਆ ਸੀ। ਇੱਕ ਇੰਤਹਾਪਸੰਦ ਪਾਰਟੀ ਦੀ ਆਗੂ ਮੇਰੀਨ ਲੀ ਪੈੱਨ ਇਹ ਚੋਣਾਂ ਜਿੱਤ ਸਕਦੀ ਸੀ ਪ੍ਰੰਤੂ ਅਜਿਹਾ ਨਹੀਂ ਵਾਪਰਿਆ। ਅਜੇ ਇਹ ਸਪੱਸ਼ਟ ਨਹੀਂ ਕਿ ਹੋਰ ਯੂਰੋਪੀਅਨ ਦੇਸ਼ਾਂ ਵਿੱਚ ਪਰਦੇਸੀਆਂ ਦੇ ਦਾਖ਼ਲੇ ਖ਼ਿਲਾਫ਼ ਉੱਠਿਆ ਘਿਰਣਾ ਦਾ ਜਵਾਲਾ ਸ਼ਾਂਤ ਹੋ ਚੁੱਕਾ ਹੈ ਜਾਂ ਨਹੀਂ।
ਘਰ-ਬਾਰ ਛੱਡ ਕੇ ਹੋਰ ਦੇਸ਼ਾਂ ਵਿੱਚ ਪਰਵਾਸ ਕਰਨ ਲਈ ਵੱਖ-ਵੱਖ ਕਾਰਨ ਉਕਸਾਹਟ ਪੈਦਾ ਕਰਦੇ ਹਨ। ਇਨ੍ਹਾਂ ਵਿੱਚ ਉਨ੍ਹਾਂ ਦੇਸ਼ਾਂ ਅੰਦਰ ਮਿਲਦੇ ਮੌਕੇ ਵੀ ਸ਼ਾਮਲ ਹਨ। ਜਨਸੰਖਿਆ ਵਿਗਿਆਨ ਵੀ ਆਪਣਾ ਰੋਲ ਨਿਭਾਉਂਦਾ ਹੈ। ਜਿਨ੍ਹਾਂ ਦੇਸ਼ਾਂ ਵਿੱਚ ਆਬਾਦੀ ਦੇ ਵਾਧੇ ਦੀ ਦਰ ਜ਼ਿਆਦਾ ਹੈ, ਉੱਥੋਂ ਦੇ ਲੋਕ ਘੱਟ ਆਬਾਦੀ ਦਰ ਵਾਲੇ ਦੇਸ਼ਾਂ ਵੱਲ ਪਰਵਾਸ ਕਰਦੇ ਹਨ। ਬਹੁਤ ਸਾਰੇ ਯੂਰੋਪੀਅਨ ਦੇਸ਼ਾਂ ਵਿੱਚ ਜਨਸੰਖਿਆ ਵਾਧੇ ਦੀ ਦਰ ਸਿਫਰ ਤਕ ਪਹੁੰਚ ਚੁੱਕੀ ਹੈ। ਅਜਿਹੇ ਦੇਸ਼ਾਂ ਵਿੱਚ ਜਰਮਨੀ ਵੀ ਸ਼ਾਮਲ ਹੈ। ਇੱਥੇ ਤਾਂ ਹੁਣ ਆਬਾਦੀ ਘਟਣੀ ਸ਼ੁਰੂ ਹੋ ਚੁੱਕੀ ਹੈ।
ਜਿਹੜੇ ਪਰਵਾਸੀਆਂ ਦੇ ਦਾਖਲੇ ਦਾ ਵਿਰੋਧ ਕਰਦੇ ਹਨ, ਉਨ੍ਹਾਂ ਕੋਲ ਇਸ ਦੇ ਆਪਣੇ ਹੀ ਤਰਕ ਹਨ। ਜੇ ਗ਼ੈਰ-ਗੋਰੇ ਲੋਕ ਆ ਰਹੇ ਹਨ, ਜਿਵੇਂ ਅੱਜਕੱਲ੍ਹ ਜ਼ਿਆਦਾ ਵਾਪਰ ਰਿਹਾ ਹੈ ਤਾਂ ਉਨ੍ਹਾਂ ਦੇ ਪਰਵਾਸ ਖਿਲਾਫ਼ ਭਾਵਨਾਵਾਂ ਪਿੱਛੇ ਪ੍ਰੇਰਨ ਦਾ ਕਾਰਨ ਨਸਲੀ ਫਿਕਰਮੰਦੀਆਂ ਹਨ। ਧਰਮ ਵੀ ਆਪਣਾ ਰੋਲ ਨਿਭਾਉਂਦਾ ਹੈ। ਯੂਰੋਪ ਵਿੱਚ ਸ਼ਰਨ ਮੰਗਣ ਵਾਲੇ ਜ਼ਿਆਦਾਤਰ ਮੁਸਲਮਾਨ ਹਨ ਜਿਨ੍ਹਾਂ ਦੇ ਦੇਸ਼ਾਂ ਨੂੰ ਖਾਨਾਜੰਗੀਆਂ ਨੇ ਬਰਬਾਦ ਕਰ ਦਿੱਤਾ ਹੈ ਅਤੇ ਉਹ ਆਪਣੀ ਜਾਨ ਬਚਾ ਕੇ ਉੱਥੋਂ ਭੱਜ ਰਹੇ ਹਨ। ਇਹ ਵੀ ਖਦਸ਼ਾ ਪਾਇਆ ਜਾ ਰਿਹਾ ਹੈ ਕਿ ਮੇਜ਼ਬਾਨ ਦੇਸ਼ਾਂ ਨੂੰ ਪਰਵਾਸ ਆਰਥਿਕ ਪੱਖੋਂ ਬਹੁਤ ਮਹਿੰਗਾ ਪਏਗਾ। ਖੈਰ, ਇਨ੍ਹਾਂ ਵਿੱਚੋਂ ਕੁਝ ਖਦਸ਼ੇ ਨਿਰਮੂਲ ਪਾਏ ਗਏ ਹਨ। ਇੱਕ ਮਹੱਤਵਪੂਰਨ ਮਾਮਲਾ ਕੈਨੇਡਾ ਦਾ ਹੈ, ਜਿਸ ਦੀ ਪੜਚੋਲ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉੱਥੇ ਪਰਵਾਸੀ, ਉੱਥੋਂ ਦੇ ਲੋਕਾਂ ਲਈ ਫਾਇਦੇਮੰਦ ਹਨ। ਬਹੁਤ ਸਤਿਕਾਰੇ ਜਾਂਦੇ ਮੈਗਜ਼ੀਨ ‘ਫੌਰੇਨ ਅਫੇਅਰ’ ਦੇ ਮੈਨੇਜਿੰਗ ਐਡੀਟਰ ਜੋਨਾਥਨ ਟੈੱਪਰਮੈਨ ਲਿਖਦੇ ਹਨ, ‘‘ਕੈਨੇਡਾ ਦੀਆਂ ਪਰਵਾਸ ਬਾਰੇ ਨੀਤੀਆਂ ਕੋਮਲਤਾ ਉੱਤੇ ਨਹੀਂ, ਸਗੋਂ ਤਰਕ-ਆਧਾਰਿਤ ਹਨ। ਇਸੇ ਕਾਰਨ ਕੈਨੇਡਾ ਹੁਣ ਵਿਸ਼ਵ ਦੀ ਸਭ ਤੋਂ ਖ਼ੁਸ਼ਹਾਲ ਅਤੇ ਸਫ਼ਲ ਪਰਵਾਸੀ ਆਬਾਦੀ ਹੋਣ ਦਾ ਦਾਅਵਾ ਕਰਦਾ ਹੈ। ਇਸ ਦੀ ਪੁਸ਼ਟੀ ਪਰਵਾਸੀਆਂ ਦੀ ਗਿਣਤੀ ਤੋਂ ਹੁੰਦੀ ਹੈ।
ਸਾਲ-2016 ਦੌਰਾਨ ਕੈਨੇਡਾ ਵਿੱਚ 3,20,000 ਪਰਵਾਸੀ ਪਹੁੰਚੇ। ਕੈਨੇਡਾ ਵਿੱਚ ਪਰਵਾਸੀ ਪਹੁੰਚਣ ਦੀ ਇਹ ਦਰ, ਵਿਸ਼ਵ ਵਿੱਚ ਸਭ ਤੋਂ ਵੱਧ ਹੈ। ਇਹ ਦਰ ਅਮਰੀਕਾ ਨਾਲੋਂ ਤਿੰਨ ਗੁਣਾਂ ਵੱਧ ਹੈ। ਕੈਨੇਡਾ ਵਿੱਚ ਵੀਹ ਫ਼ੀਸਦੀ ਤੋਂ ਵੱਧ ਆਬਾਦੀ ਵਿਦੇਸ਼ੀਆਂ ਦੇ ਇੱਥੇ ਜਨਮ ਲੈਣ ਵਾਲਿਆਂ ਦੀ ਹੈ। ਅਮਰੀਕਾ ਦੇ ਮੁਕਾਬਲੇ ਇਹ ਗਿਣਤੀ ਕਰੀਬ ਦੁੱਗਣੀ ਹੈ। ਮਹੱਤਵਪੂਰਨ ਗੱਲ ਇਹ ਵੀ ਹੈ ਕਿ ਕੈਨੇਡੀਅਨ ਆਪਣੀ ਹਾਲਤ ਉੱਪਰ ਨਾਖ਼ੁਸ਼ ਵੀ ਨਹੀਂ ਹਨ। ਹੁਣੇ ਜਿਹੇ ਕਰਵਾਏ ਗਏ ਇੱਕ ਸਰਵੇਖਣ ਅਨੁਸਾਰ 82 ਫ਼ੀਸਦੀ ਮੂਲ ਨਿਵਾਸੀ, ਪਰਵਾਸੀਆਂ ਬਾਰੇ ਉਸਾਰੂ ਵਿਚਾਰ ਰੱਖਦੇ ਹਨ। ਦੋ-ਤਿਹਾਈ ਮੂਲ ਨਿਵਾਸੀ ਬਹੁ-ਸੱਭਿਆਚਾਰਵਾਦ ਨੂੰ ਕੈਨੇਡਾ ਦੀ ਆਕਰਸ਼ਕ ਪਛਾਣ ਮੰਨਦੇ ਹਨ। 1960ਵਿਆਂ ਦੇ ਮੱਧ ਤੋਂ ਕੈਨੇਡਾ ਵਿੱਚ ਦਾਖਲ ਹੋਣ ਵਾਲੇ ਬਹੁਗਿਣਤੀ ਪਰਵਾਸੀ ਆਰਥਿਕ ਆਧਾਰ ’ਤੇ ਦਾਖਲ ਕੀਤੇ ਗਏ ਸਨ। ਉਨ੍ਹਾਂ ਨੂੰ ਜਿਹੜੇ 9 ਨੁਕਾਤੀ ਮਾਪਦੰਡਾਂ ਤਹਿਤ ਦਾਖਲੇ ਲਈ ਪਰਖਿਆ ਗਿਆ ਸੀ, ਉਨ੍ਹਾਂ ਵਿੱਚ ਨਸਲ, ਧਰਮ, ਰੰਗ ਨਜ਼ਰਅੰਦਾਜ਼ ਕੀਤੇ ਗਏ ਅਤੇ ਸਿੱਖਿਆ, ਮੁਹਾਰਿਤ ਤੇ ਭਾਸ਼ਾ ਨੂੰ ਤਰਜੀਹ ਦਿੱਤੀ ਗਈ। ਨਤੀਜਾ ਇਹ ਹੈ ਕਿ ਕੈਨੇਡਾ ਵਿੱਚ ਦਖਲ ਹੋਣ ਵਾਲੇ ਸਾਰੇ ਪਰਵਾਸੀਆਂ ਦੇ ਕਰੀਬ ਅੱਧੇ ਕਾਲਜ ਡਿੱਗਰੀਆਂ ਪ੍ਰਾਪਤ ਹਨ ਜਦੋਂਕਿ ਅਮਰੀਕਾ ਵਿੱਚ ਇਹ ਗਿਣਤੀ 27 ਫ਼ੀਸਦੀ ਹੈ। ਕੈਨੇਡਾ ਵਿੱਚ ਦਾਖਲ ਹੋ ਰਹੇ ਪਰਵਾਸੀ, ਅਮਰੀਕਾ ਦੇ ਮੁਕਾਬਲੇ ਵਧੇਰੇ ਸਫ਼ਲ ਹਨ। ਕੈਨੇਡਾ ਵਿੱਚ ਕਰੀਬ ਵੀਹ ਫ਼ੀਸਦੀ ਪਰਵਾਸੀਆਂ ਕੋਲ ਆਪਣੇ ਘਰ ਹਨ।
ਇੱਕ ਦੇਸ਼ ਦਾ ਉਸਾਰੂ ਤਜਰਬਾ ਲੱਖਾਂ ਦੱਖਣ ਏਸ਼ਿਆਈ ਦੇਸ਼ਾਂ ਦੇ ਪਰਵਾਸੀਆਂ ਨੂੰ ਆਪਣੇ ਵੱਲ ਕਿਵੇਂ ਆਕਰਸ਼ਿਤ ਕਰ ਸਕਿਆ ਹੈ, ਵਿਸ਼ਵ ਲੋਕ ਨੀਤੀ ਬਣਾਉਣ ਲਈ ਸੇਧ ਦਿੰਦਾ ਹੈ। ਦੱਖਣੀ ਏਸ਼ੀਅਨ ਦੇਸ਼ਾਂ ਨੂੰ ਪੱਛਮੀ ਦੇਸ਼ਾਂ ਵਿੱਚ ਵੱਧ ਰਹੀਆਂ ਪਰਵਾਸ-ਵਿਰੋਧੀ ਭਾਵਨਾਵਾਂ ਵਿੱਚ ਤਬਦੀਲੀ ਲਿਆਉਣ ਲਈ ਮਿਲ ਕੇ ਚੱਲਣਾ ਚਾਹੀਦਾ ਹੈ। ਇਨ੍ਹਾਂ ਦੇਸ਼ਾਂ ਨੂੰ ਆਪਣੇ ਨਾਗਰਿਕਾਂ ਦੇ ਮੱਧ-ਪੂਰਬ, ਯੂਰੋਪ ਤੇ ਉੱਤਰੀ ਅਮਰੀਕਾ ਵਿੱਚ ਪਰਵਾਸ ਕਰਨ ਕਰਕੇ ਲਾਭ ਹੋਏ ਹਨ। ਇਹ ਦੇਸ਼ ਮਿਲ ਕੇ ਅਜਿਹੇ ਦੇਸ਼ਾਂ ਅੰਦਰ ਇਹ ਪ੍ਰਭਾਵ ਦੇਣ ਵਿੱਚ ਸਫਲ ਹੋ ਸਕਦੇ ਹਨ ਕਿ ਪਰਵਾਸੀਆਂ ਲਈ ਦਰ ਖੁੱਲ੍ਹੇ ਰੱਖਣ ਦਾ ਉਨ੍ਹਾਂ ਨੂੰ ਫਾਇਦਾ ਹੀ ਹੋਏਗਾ, ਨੁਕਸਾਨ ਨਹੀਂ।

About Jatin Kamboj